For the best experience, open
https://m.punjabitribuneonline.com
on your mobile browser.
Advertisement

ਵਿਉਂਤਬੰਦੀ ਦੀ ਘਾਟ

12:36 AM Jun 13, 2023 IST
ਵਿਉਂਤਬੰਦੀ ਦੀ ਘਾਟ
Advertisement

ਡਾ. ਰਣਜੀਤ ਸਿੰਘ ਘੁੰਮਣ

Advertisement

ਸ਼ਹਿਰਾਂ ਦੇ ਫੈਲਾਉ ਤੇ ਸੜਕਾਂ, ਸ਼ਾਹਰਾਹਾਂ, ਪੁਲਾਂ ਆਦਿ ਬਾਰੇ ਕੀਤੀ ਵਿਉਂਤਬੰਦੀ ਸਮਾਜ ਵਿਚ ਪਨਪ ਰਹੀ ਸਿਆਣਪ, ਤਕਨੀਕ ਅਤੇ ਸਮਝ ਦਾ ਆਈਨਾ ਹੁੰਦੀ ਹੈ। ਸ਼ਹਿਰੀਕਰਨ ਯੋਜਨਾ ਮਾਹਿਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਇਮਾਰਤ, ਯੋਜਨਾ ਜਾਂ ਜਨਤਕ ਸਹੂਲਤ ਕੇਂਦਰ ਨੂੰ ਇਸ ਤਰ੍ਹਾਂ ਬਣਾਉਣ ਦੀ ਸਲਾਹ ਦੇਣਗੇ ਜਿਸ ਨਾਲ ਸ਼ਹਿਰ ਦਾ ਸੁਹੱਪਣ ਵਧਣ ਦੇ ਨਾਲ ਨਾਲ ਸਥਾਨਕ ਲੋਕਾਂ ਨੂੰ ਸਹੂਲਤਾਂ ਪਹੁੰਚਾਉਣ ਦਾ ਸਾਧਨ ਬਣ ਸਕੇ। ਪਟਿਆਲਾ-ਚੰਡੀਗੜ੍ਹ ਮੁੱਖ ਸੜਕ ਉੱਪਰ 61 ਕਰੋੜ ਰੁਪਏ ਨਾਲ ਬਣਿਆ ਅਤਿ-ਆਧੁਨਿਕ ਬੱਸ ਅੱਡਾ ਵੱਖਰੀ ਕਹਾਣੀ ਦੱਸਦਾ ਹੈ। ਇਸ ਦੀ ਵਿਉਂਤਬੰਦੀ ਕਰਨ ਵਾਲੇ ਪ੍ਰਸ਼ਾਸਕਾਂ, ਇਸ ਨਾਲ ਬੱਸਾਂ ਰਾਹੀਂ ਸਫ਼ਰ ਕਰਨ ਵਾਲੀਆਂ ਸਵਾਰੀਆਂ ਉੱਪਰ ਕੀ ਅਸਰ ਪਵੇਗਾ; ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਲੈਣ ਵਾਲੇ ਲੋਕਾਂ, ਕਚਹਿਰੀਆਂ ਅਤੇ ਮਿੰਨੀ ਸਕੱਤਰੇਤ ਵਿਚ ਕੰਮਾਂ-ਕਾਰਾਂ ਲਈ ਆਉਣ ਵਾਲੇ ਲੋਕਾਂ ਉੱਪਰ ਕੀ ਪ੍ਰਭਾਵ ਪਵੇਗਾ; ਪਟਿਆਲਾ ਸ਼ਹਿਰ ਜਾਣ ਤੇ ਵਾਪਸ ਆਉਣ ਵਾਲੇ ਅਤੇ ਸਰਹਿੰਦ ਬਾਈਪਾਸ ਉੱਪਰ ਸਫ਼ਰ ਕਰਨ ਵਾਲਿਆਂ ਉੱਪਰ ਕੀ ਅਸਰ ਪਵੇਗਾ? ਲੱਗਦਾ ਹੈ, ਏਅਰ-ਕੰਡੀਸ਼ਨ ਕਮਰਿਆਂ ਵਿਚ ਬੈਠ ਕੇ ਯੋਜਨਾਬੰਦੀ ਕਰਨ ਵਾਲਿਆਂ ਨੇ ਉਪਰੋਕਤ ਬੱਸ ਸਟੈਂਡ ਬਾਰੇ ਵਿਉਂਤਬੰਦੀ ਕਰਦੇ ਸਮੇਂ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਨਾ ਤਾਂ ਬੌਧਿਕ ਮੁਸ਼ੱਕਤ ਕੀਤੀ ਅਤੇ ਨਾ ਹੀ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ।

Advertisement

ਪੰਜਾਬੀ ਯੂਨੀਵਰਸਿਟੀ ਤੋਂ ਅਰਬਨ ਅਸਟੇਟ ਵਿਚੋਂ ਗੁਜ਼ਰਦਾ ਹੋਇਆ ਕੁਝ ਸਾਲ ਪਹਿਲਾਂ ਉੱਚਾ ਚੁੱਕ ਕੇ ਬਣਾਇਆ ਸੰਗਰੂਰ ਬਾਈਪਾਸ ਵੀ ਯੋਜਨਾ ਬੰਦੀ ਅਤੇ ਦੂਰ-ਅੰਦੇਸ਼ੀ ਦਾ ਘਾਟ ਦਰਸਾਉਂਦਾ ਹੈ। ਹਰ ਰੋਜ਼ ਹਜ਼ਾਰਾਂ ਵਿਦਿਆਰਥੀਆਂ ਅਤੇ ਹੋਰ ਲੋਕਾਂ (ਸਮੇਤ ਅਰਬਨ ਅਸਟੇਟ ਅਤੇ ਦਰਜਨਾਂ ਪਿੰਡਾਂ ਤੇ ਕਲੋਨੀਆਂ ਦੇ ਲੋਕਾਂ) ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਇਹ ਹਾਈ-ਵੇਅ ਉਪਰੋਕਤ ਸਾਰੀਆਂ ਮੁਸ਼ਕਿਲਾਂ ਧਿਆਨ ਵਿਚ ਰੱਖ ਕੇ ਪੁਖਤਾ ਯੋਜਨਾਬੰਦੀ ਅਤੇ ਦੂਰ-ਦ੍ਰਿਸ਼ਟੀ ਨਾਲ ਬਣਾਇਆ ਜਾਂਦਾ ਪਰ ਅਜਿਹਾ ਨਹੀਂ ਹੋਇਆ। ਨਵਾਂ ਬੱਸ ਅੱਡਾ ਬਣਾਉਣ ਵੇਲੇ ਜੇ ਬੱਸਾਂ ਦੇ ਬੱਸ ਅੱਡੇ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵੇਲੇ ਇਸ ਹਾਈ-ਵੇਅ ਨਾਲ ਉੱਚੀਆਂ ਸੜਕਾਂ (Elevated roads) ਨਾਲ ਜੋੜਿਆ ਜਾਂਦਾ ਤਾਂ ਆਮ ਆਵਾਜਾਈ ਅਤੇ ਆਮ ਯਾਤਰੀਆਂ ਦੇ ਰਸਤੇ ਵਿਚ ਪੈਦਾ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਸਨ।

ਬੱਸ ਅੱਡੇ ਦੇ ਠੀਕ ਸਾਹਮਣੇ ਬਣੀ ਸ਼ਾਪਿੰਗ ਮਾਲ ਅਤੇ ਬਹੁਤ ਵੱਡੇ ਹਸਪਤਾਲ ਕਾਰਨ ਹਰ ਸਮੇਂ ਆਵਾਜਾਈ ਵਿਚ ਜਾਮ ਲੱਗਿਆ ਹੀ ਰਹਿੰਦਾ ਹੈ। ਪਟਿਆਲੇ ਤੋਂ ਬੱਸ ਅੱਡੇ ਵਾਲੀ ਸੜਕ (ਖ਼ਾਸਕਰ ਬੱਸ ਅੱਡੇ ਦੀ ਦੀਵਾਰ ਨਾਲ) ਉੱਪਰ ਆਵਾਜਾਈ ਦੀ ਖੜੋਤ (ਟਰੈਫਿਕ ਜਾਮ) ਹਰ ਵੇਲੇ ਰਹਿੰਦੀ ਹੈ। ਤਿੰਨ ਪਹੀਆ ਆਟੋ-ਰਿਕਸ਼ਾ ਅਤੇ ਈ-ਰਿਕਸ਼ਾ ਤਿੰਨ ਤਿੰਨ, ਚਾਰ ਚਾਰ ਲਾਈਨਾਂ ਬਣਾ ਕੇ ਅੱਧੀ ਤੋਂ ਜ਼ਿਆਦਾ ਸੜਕ ਰੋਕ ਲੈਂਦੇ ਹਨ। ਬੱਸ ਅੱਡੇ ਵਿਚੋਂ ਬਾਹਰ ਨਿਕਲਣ ਦੇ ਗੇਟ ਤੋਂ ਕੁਝ ਮੀਟਰਾਂ ਦੀ ਦੂਰੀ ਉੱਪਰ ਮੁੱਖ ਸੜਕ ਉੱਪਰ ਲਾਲ ਬੱਤੀ ਚੌਕ ਹੈ ਜਿਸ ਤੋਂ ਪਹਿਲਾਂ ਬੱਸਾਂ, ਕਾਰਾਂ, ਦੋ-ਪਹੀਆ ਵਾਹਨਾਂ, ਆਟੋ-ਰਿਕਸ਼ਾ ਆਦਿ ਦੀਆਂ ਇੰਨੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਕਿ ਕਈ ਵਾਰੀ ਲਾਲ ਬੱਤੀ ਪਾਰ ਕਰਨ ਲਈ ਤਿੰਨ ਤੋਂ ਚਾਰ ਵਾਰੀ ਹਰੀ ਬੱਤੀ ਦੀ ਉਡੀਕ ਕਰਨੀ ਪੈਂਦੀ ਹੈ। ਬੱਸਾਂ ਅਤੇ ਆਟੋ-ਰਿਕਸ਼ਾ ਲਾਲ ਬੱਤੀ ਤੋਂ ਸੱਜੇ ਪਾਸੇ ਮੁੜਨ ਲਈ ਫਿਰ ਟਰੈਫਿਕ ਜਾਮ ਕਰ ਦਿੰਦੇ ਹਨ। ਟਰੈਫਿਕ ਕੰਟਰੋਲ ਦੀ ਘਾਟ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾਂ ਦੀ ਘਾਟ ਕਾਰਨ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧ ਜਾਂਦੀਆਂ ਹਨ। ਸੜਕੋਂ ਪਾਰ ਹਸਪਤਾਲ ਅਤੇ ਸ਼ਾਪਿੰਗ ਮਾਲ ਵਾਲੇ ਪਾਸੇ ਸਵਾਰੀਆਂ ਉਤਾਰਨ ਨਾਲ (ਖ਼ਾਸਕਰ ਪ੍ਰਾਈਵੇਟ ਬੱਸਾਂ ਵਲੋਂ) ਯਾਤਰੀਆਂ ਦੀਆਂ ਸਮੱਸਿਆਵਾਂ (ਖ਼ਾਸਕਰ ਬੱਸ ਅੱਡੇ ਵਿਚ ਜਾਣ ਵਾਲੇ ਯਾਤਰੀਆਂ) ਵਧਣ ਨਾਲ ਆਮ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਹਰ ਵੇਲੇ ਦੁਰਘਟਨਾ ਵਾਪਰਨ ਦਾ ਵੀ ਡਰ ਰਹਿੰਦਾ ਹੈ।

ਸੰਗਰੂਰ ਵਲੋਂ ਬਾਈਪਾਸ ਤੋਂ ਆਉਣ ਵਾਲੀਆਂ ਬੱਸਾਂ (ਅਰਬਨ ਅਸਟੇਟ ਫੇਜ਼ 1) ਦੇ ਸਾਹਮਣੇ ਹਾਈਵੇ ਤੋਂ ਹੇਠਾਂ ਉਤਰਨ ਕਾਰਨ ਜਿੱਥੇ ਇਹ ਸੌੜੀ ਜਿਹੀ ਸਲਿਪ ਰੋਡ ਜਾਮ ਹੀ ਰਹਿੰਦੀ ਹੈ ਉੱਥੇ ਅਰਬਨ ਅਸਟੇਟ ਫੇਜ਼ 1 ਅਤੇ ਹੋਰ ਬਹੁਤ ਸਾਰੇ ਯਾਤਰੀਆਂ ਲਈ ਹਾਈਵੇ ਦੇ ਥੱਲਿਉਂ ਤੰਗ ਜਿਹੇ ਰਸਤੇ ਰਾਹੀਂ ਇੱਧਰ-ਉਧਰ ਲੰਘਣਾ ਤਾਂ ਭਵਸਾਗਰ ਪਾਰ ਕਰਨ ਬਰਾਬਰ ਹੈ। ਅਰਬਨ ਅਸਟੇਟ ਫੇਜ਼ 1 ਵਲੋਂ ਜਾਂਦਿਆਂ ਪੁਲ ਥੱਲਿਓਂ ਲੰਘਣ ਵੇਲੇ (ਖੱਬੇ ਤੇ ਸੱਜੇ ਪਾਸਿਓਂ ਗ਼ਲਤ ਮੁੜਨ ਵਾਲੇ) ਟਰੈਫਿਕ ਦੀ ਇੰਨੀ ਬੇ-ਨਿਯਮੀ ਹੈ ਕਿ ਕਿਸੇ ਵੇਲੇ ਵੀ ਹਾਦਾਸਾ ਵਾਪਰ ਸਕਦਾ ਹੈ। ਪਹਿਲਾਂ ਹੀ ਕੁਝ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਵੈਸੇ ਛੋਟੇ-ਮੋਟੇ ਹਾਦਸੇ ਅਤੇ ਝਗੜੇ ਤਾਂ ਅਕਸਰ ਹੁੰਦੇ ਰਹਿੰਦੇ ਹਨ।

ਪਟਿਆਲਾ ਚੰਡੀਗੜ੍ਹ ਮੁੱਖ ਮਾਰਗ ਤੋਂ ਸਰਹਿੰਦ ਬਾਈਪਾਸ (ਜਿਸ ਵਿਚ ਕੋਈ ਡਿਵਾਈਡਰ ਨਹੀਂ ਤੇ ਮੁਸ਼ਕਿਲ ਨਾਲ ਦੋ ਬੱਸਾਂ ਹੀ ਲੰਘ ਸਕਦੀਆਂ ਹਨ) ਉਪਰ ਵੀ ਸਰਹਿੰਦ ਰੋਡ ਵੱਲ ਜਾਣ ਲਈ ਬੱਸ ਅੱਡੇ ਵਿਚੋਂ ਜਾਣ ਅਤੇ ਬੱਸ ਅੱਡੇ ਵਿਚ ਆਉਣ ਵਾਲੀਆਂ ਬੱਸਾਂ ਨਾਲ ਤਕਰੀਬਨ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ। ਵੈਸੇ ਇਸ ਸੜਕ ਉੱਪਰ ਪਹਿਲਾਂ ਵੀ ਆਵਾਜਾਈ ਦੇ ਸਿਖਰ ਸਮੇਂ ਟਰੈਫਿਕ ਜਾਮ ਰਹਿੰਦਾ ਹੈ। ਬੱਸ ਅੱਡੇ ਨਾਲ ਲੱਗਦੀ ਲਾਲ ਬੱਤੀ ਉੱਪਰ ਵੀ ਟਰੈਫਿਕ ਜਾਮ ਰਹਿੰਦਾ ਹੈ। ਇਸ ਨਾਲ ਅਰਬਨ ਅਸਟੇਟ ਫੇਜ਼ 2 ਦੀਆਂ ਅੰਦਰੂਨੀ ਸੜਕਾਂ ਉੱਪਰ ਵੀ ਆਵਾਜਾਈ ਵਧ ਗਈ ਹੈ ਅਤੇ ਲੋਕਾਂ ਲਈ ਪਰੇਸ਼ਾਨੀਆਂ ਹੋਰ ਵਧ ਗਈਆਂ ਹਨ। ਇਸੇ ਫੇਜ਼ ਨਾਲ ਪਟਿਆਲਾ-ਚੰਡੀਗੜ੍ਹ ਸੜਕ ਦੇ ਨਾਲ ਲੱਗਦੀ ਸਲਿਪ ਰੋਡ ਉੱਪਰ ਵੀ ਟਰੈਫਿਕ ਜਾਮ ਰਹਿੰਦਾ ਹੈ। ਫੇਜ਼ 1 ਤੋਂ ਫੇਜ਼ 2 ਤੋਂ ਫੇਜ਼ 1 ਆਉਣ-ਜਾਣ ਵਾਲਿਆਂ ਲਈ ਵੀ ਇਹ ਟਰੈਫਿਕ ਵੱਡਾ ਅੜਿੱਕਾ ਬਣ ਰਹੀ ਹੈ ਅਤੇ ਆਉਣ-ਜਾਣ ਵਾਲਿਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਹੈ। ਪ੍ਰਸ਼ਾਸਨ ਦੀ ਨਜ਼ਰ-ਅੰਦਾਜ਼ੀ ਕਾਰਨ ਫੇਜ਼ 1 ਤੋਂ ਫੇਜ਼ 2 ਅਤੇ ਫੇਜ਼ 2 ਵੱਲ ਪੁਲਾਂ ਦੇ ਹੇਠਾਂ ਖਾਣ-ਪੀਣ ਵਾਲੀਆਂ ਰੇਹੜੀਆਂ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਰਹੀਆਂ ਹਨ। ਖਾਣ-ਪੀਣ ਦੇ ਸ਼ੌਕੀਨ ਅਕਸਰ ਇਨ੍ਹਾਂ ਰੇਹੜੀਆਂ ਸਾਹਮਣੇ ਆਪਣੀਆਂ ਕਾਰਾਂ ਅਤੇ ਦੋ-ਪਹੀਆਂ ਵਾਹਨ ਖੜ੍ਹੇ ਕਰ ਕੇ ਖਾਣ-ਪੀਣ ਦਾ ਆਨੰਦ ਲੈਂਦਿਆਂ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਅਜਿਹੇ ਵਤੀਰੇ ਕਾਰਨ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਇਨ੍ਹਾਂ ਪੁਲਾਂ ਹੇਠੋਂ ਏਧਰ-ਉਧਰ ਜਾਣ ਵਿਚ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਨ੍ਹਾਂ ਮੁਸ਼ਕਿਲਾਂ ਦਾ ਹੱਲ ਸਰਕਾਰੀ ਤੰਤਰ ਦਾ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪਛਾਨਣ ਅਤੇ ਸੰਵੇਦਨਸ਼ੀਲਤਾ ਦਿਖਾਉਣ ਨਾਲ ਹੀ ਹੋ ਸਕਦਾ ਹੈ। ਲੋਕਾਂ ਦਾ ਪੈਸਾ ਖਰਚਣ ਅਤੇ ਬੁਨਿਆਦੀ ਢਾਂਚਾ ਬਣਾਉਣ ਸਮੇਂ ਦੂਰ-ਅੰਦੇਸ਼ੀ ਵਾਲੀ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਸੰਸਾਰ ਵਿਚ ਅਨੇਕਾਂ ਅਜਿਹੇ ਦੇਸ਼ ਹਨ (ਸਵੀਡਨ ਵਰਗੇ) ਜੋ ਯੋਜਨਾਬੰਦੀ ਉਪਰ 60 ਪ੍ਰਤੀਸ਼ਤ ਅਤੇ ਲਾਗੂ ਕਰਨ ਵਿਚ 40 ਪ੍ਰਤੀਸ਼ਤ ਵਕਤ ਲਾਉਂਦੇ ਹਨ ਪਰ ਸਾਡੇ ਇੱਥੇ ਤਾਂ ਦੂਰ-ਅੰਦੇਸ਼ੀ, ਯੋਜਨਾਬੰਦੀ ਅਤੇ ਸੰਵੇਦਸ਼ੀਲਤਾ ਦੀ ਘਾਟ ਹੀ ਘਾਟ ਹੈ। ਸਰਕਾਰ ਦੇ ਵੱਖ ਵੱਖ ਮਹਿਕਮਿਆਂ ਵਿਚ ਵੀ ਤਾਲ-ਮੇਲ ਦੀ ਘਾਟ ਹੈ।

ਪਟਿਆਲੇ ਦੇ ਆਧੁਨਿਕ ਬੱਸ ਅੱਡੇ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਵੱਲ ਸਰਕਾਰ ਨੂੰ ਫੌਰੀ ਧਿਆਨ ਦੇ ਕੇ ਪੁਖ਼ਤਾ ਹੱਲ ਲੱਭਣੇ ਚਾਹੀਦੇ ਹਨ। ਇਸ ਸਬੰਧੀ ਕੁਝ ਸੁਝਾਅ ਇਸ ਪ੍ਰਕਾਰ ਹਨ: ਰਹਿੰਦ-ਰੋਡ-ਬਾਈਪਾਸ ਚਾਰ ਮਾਰਗੀ ਕੀਤਾ ਜਾਵੇ ਅਤੇ ਉਸ ਪਾਸੇ ਜਾਣ ਆਉਣ ਵਾਲੀਆਂ ਬੱਸਾਂ ਦਾ ਰਸਤਾ ਉਸ ਸੜਕ ਉੱਪਰ ਹੀ ਦਿੱਤਾ ਜਾਵੇ। ਸੰਗਰੂਰ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਨੂੰ ਬੱਸ ਅੱਡੇ ਵਿਚੋਂ ਹੀ ਉੱਚੀ ਸੜਕ (Elevated roads) ਬਣਾ ਕੇ ਜੋੜਿਆ ਜਾਵੇ ਅਤੇ ਉਸ ਪਾਸਿਉਂ ਆਉਣ ਵਾਲੀਆਂ ਬੱਸਾਂ ਨੂੰ ਵੀ ਉਸੇ ਸੜਕ ਰਾਹੀਂ ਬੱਸ ਅੱਡੇ ਅੰਦਰ ਦਾਖਲ ਕਰਵਾਇਆ ਜਾਵੇ। ਇਸੇ ਤਰ੍ਹਾਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਨੂੰ ਵੀ ਬੱਸ ਅੱਡੇ ਦੇ ਵਿਚੋਂ ਹੀ ਉਚੀ ਸੜਕ ਨਾਲ ਇਕ ਹੋਰ ਸੜਕ ਬਣਾ ਕੇ ਭੇਜਿਆ ਜਾਵੇ ਅਤੇ ਉਸੇ ਸੜਕ ਰਾਹੀਂ ਬੱਸ ਅੱਡੇ ਵਿਚ ਦਾਖਲ ਕਰਵਾਇਆ ਜਾਵੇ। ਪਟਿਆਲਾ-ਚੰਡੀਗੜ੍ਹ ਸੜਕ ਦੇ ਦੋਹੀਂ ਪਾਸੀਂ ਸਲਿਪ ਰੋਡ (ਪੰਜਾਬੀ ਯੂਨੀਵਰਸਿਟੀ ਤੋਂ ਲੈ ਕੇ) ਸੰਗਰੂਰ ਬਾਈਪਾਸ ਤੱਕ ਦੁੱਗਣੀਆਂ ਚੌੜੀਆਂ ਕੀਤੀਆਂ ਜਾਣ। ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਇਸ ਪਾਸੇ ਖਾਸ ਧਿਆਨ ਦੇ ਕੇ ਪੰਜਾਬ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ ਅਤੇ ਪੰਜਾਬ ਅਰਬਨ ਡਿਵੈਂਲਪਮੈਂਟ ਅਥਾਰਟੀ ਨਾਲ ਤਾਲ-ਮੇਲ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਹੱਲ ਲੱਭਣਾ ਚਾਹੀਦਾ ਹੈ। ਯਾਤਰੀਆਂ ਦੀ ਸਹੂਲਤ ਲਈ ਨਵੇਂ ਬੱਸ ਅੱਡੇ ਤੋਂ ਪੁਰਾਣੇ ਬੱਸ ਅੱਡੇ ਤੋਂ ਹੁੰਦੀ ਹੋਈ, ਕਚਹਿਰੀਆਂ ਤੋਂ ਲੰਘਦੀ ਹੋਈ, ਰਜਿੰਦਰਾ ਹਸਪਤਾਲ ਅਤੇ ਮਿੰਨੀ ਸਕੱਤਰੇਤ ਤੋਂ ਹੁੰਦੀ ਹੋਈ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ।
*ਸਾਬਕਾ ਪ੍ਰੋਫੈਸਰ ਤੇ ਮੁਖੀ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement
Advertisement