ਵਿਆਹ ਸਮਾਗਮ ’ਚੋਂ ਨਕਦੀ ਤੇ ਗਹਿਣਿਆਂ ਵਾਲਾ ਬੈਗ ਚੋਰੀ
ਮਿਹਰ ਸਿੰਘ
ਕੁਰਾਲੀ, 2 ਫਰਵਰੀ
ਸ਼ਹਿਰ ਦੇ ਨਾਲ ਲਗਦੇ ਇੱਕ ਪੈਲੇਸ ਵਿੱਚ ਅੱਜ ਵਿਆਹ ਸਮਾਗਮ ਦੌਰਾਨ ਚੋਰ ਲੜਕੀ ਦੇ ਪਿਤਾ ਨੂੰ ਝਕਾਨੀ ਦੇ ਕੇ ਗਹਿਣਿਆਂ ਤੇ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਇਸ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਪਰ ਚੋਰ ਦੀ ਪਛਾਣ ਨਹੀਂ ਹੋ ਸਕੀ। ਮਨਜੀਤ ਸਿੰਘ ਵਾਸੀ ਸੰਗਾਲਾ ਨੇ ਦੱਸਿਆ ਕਿ ਬੰਨ੍ਹਮਾਜਰਾ ਸਥਿਤ ਪੈਲੇਸ ਵਿੱਚ ਅੱਜ ਉਨ੍ਹਾਂ ਦੀ ਲੜਕੀ ਦੇ ਵਿਆਹ ਸਮਾਗਮ ਦੌਰਾਨ ਗਹਿਣਿਆਂ ਤੇ ਨਕਦੀ ਵਾਲਾ ਬੈਗ ਚੋਰੀ ਹੋ ਗਿਆ। ਸੀਸੀਟੀਵੀ ਫੁਟੇਜ ’ਚ ਇੱਕ ਨੌਜਵਾਨ ਬੈਗ ਬਾਹਰ ਲਿਜਾਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਬੈਗ ਚੁੱਕਣ ਤੋਂ ਪਹਿਲਾਂ ਕੋਟ ਉਤਾਰ ਕੇ ਹੱਥ ਵਿੱਚ ਫੜ ਲਿਆ ਅਤੇ ਬੈਗ ਨੂੰ ਆਪਣੇ ਕੋਟ ਨਾਲ ਲੁਕਾ ਲਿਆ। ਇਸ ਮਗਰੋਂ ਮੁਲਜ਼ਮ ਨਾਲ ਇੱਕ ਹੋਰ ਵਿਅਕਤੀ ਵੀ ਜਾਂਦਾ ਨਜ਼ਰ ਆਇਆ।
ਮਨਜੀਤ ਸਿੰਘ ਨੇ ਦੱਸਿਆ ਕਿ ਗ ਵਿੱਚ ਕਰੀਬ 30 ਤੋਂ 35 ਲੱਖ ਦੇ ਗਹਿਣੇ ਤੇ ਨਕਦੀ ਸੀ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ। ਪੈਲੇਸ ਦੇ ਮੈਨੇਜਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੈਲੇਸ ਵਿੱਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਹੋਏ ਹਨ ਪਰ ਫਿਰ ਵੀ ਘਟਨਾ ਵਾਪਰਨ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਚੋਰ ਕਾਬੂ ਕੀਤੇ ਜਾ ਸਕਣ। ਜਾਂਚ ਕਰਨ ਪੁੱਜੇ ਪੁਲੀਸ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।