ਵਿਆਹ ਦਾ ਝਾਂਸਾ ਦੇ ਕੇ ਮਹਿਲਾ ਤੋਂ 20 ਲੱਖ ਠੱਗੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਸਾਈਬਰ ਪੁਲੀਸ ਸਟੇਸ਼ਨ ਰੋਹਿਣੀ ਦੀ ਟੀਮ ਨੇ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸ਼ਾਦੀ. ਕੌਮ ’ਤੇ ਆਪਣਾ ਗਲਤ ਵੇਰਵਾ ਅਪਲੋਡ ਕਰਕੇ ਇੱਕ ਮੁਟਿਆਰ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ 20 ਲੱਖ ਰੁਪਏ ਠੱਗ ਲਏ। ਮੁੰਬਈ ਰਹਿੰਦੇ 29 ਸਾਲਾਂ ਦੇ ਅਰਜਨ ਪਵਾਰ ਨੇ ਸ਼ਿਕਾਇਤਕਰਤਾ ਮੁਟਿਆਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਉਸ ਨਾਲ ਨੇੜਤਾ ਬਣਾ ਕੇ ਵੱਖ-ਵੱਖ ਬਹਾਨਿਆਂ ਅਤੇ ਮਜਬੂਰੀਆਂ ਦਾ ਜ਼ਿਕਰ ਕਰ ਕੇ 20 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਪਵਾਏ ਅਤੇ ਫਿਰ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਿਕਾਇਤ ਮਿਲਣ ਮਗਰੋਂ ਸਾਈਬਰ ਟੀਮ ਨੇ ਅਰਜਨ ਪਵਾਰ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਉਸ ਕੋਲੋਂ ਮੋਬਾਈਲ ਸਿਮ ਕਾਰਡ ਅਤੇ ਬੈਂਕ ਖਾਤੇ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਹਨ। ਮੁਟਿਆਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਅਰਜਨ ਨੇ ਆਪਣਾ ਐਕਸੀਡੈਂਟ ਹੋਣ, ਹਸਪਤਾਲ ਦੇ ਖਰਚੇ ਅਤੇ ਅਤੇ ਮੋਬਾਈਲ ਫੋਨ ਖਰੀਦਣ ਦੇ ਨਾਂ ’ਤੇ ਮੁਟਿਆਰ ਤੋਂ ਆਪਣੇ ਖਾਤੇ ਵਿੱਚ ਪੈਸੇ ਤਬਦੀਲ ਕਰਵਾਏ। ਉਸ ਨੇ ਆਪਣੇ 50 ਫੀਸਦੀ ਸ਼ੇਅਰ ਸਹਾਰਾ ਸਟਾਰ ਕਲੱਬ, ਮੁੰਬਈ ਵਿੱਚ ਹੋਣ ਦਾ ਝੂਠਾ ਦਾਅਵਾ ਕੀਤਾ ਅਤੇ ਤੇ ਖੁਦ ਨੂੰ ਵੋਰਲੀ (ਮੁੰਬਈ) ਦੀ ਇੱਕ ਨਾਮੀ ਕੰਪਨੀ ਵਿੱਚ ਨੌਕਰੀ ਕਰਨ ਹੋਣ ਬਾਰੇ ਦੱਸਿਆ। ਮੁਟਿਆਰ ਉਸਦੇ ਝਾਂਸੇ ’ਚ ਆ ਕੇ ਆਪਣਾ ਆਰਥਿਕ ਨੁਕਸਾਨ ਕਰਵਾ ਬੈਠੀ ਹੈ। ਨਵੀਂ ਦਿੱਲੀ ਪੁਲੀਸ ਨੇ ਅਰਜਨ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ ਦੀ ਜਾਂਚ ਜਾਰੀ ਸੀ। ਜਾਂਚ ਦੌਰਾਨ ਅਰਜਨ ਨੇ ਦੱਸਿਆ ਕਿ ਉਸ ਨੇ ਸ਼ਾਦੀ.ਕੌਮ ’ਤੇ ਵਿਸ਼ਾਲ ਭੋਸਲੇ ਦੇ ਨਾਂ ’ਤੇ ਖਾਤਾ ਬਣਾ ਕੇ ਆਪਣੀਆਂ ਤਸਵੀਰਾਂ ਚੜ੍ਹਾਈਆਂ ਹੋਈਆਂ ਸਨ।