ਵਿਆਹ ’ਚ ਰੋਟੀ ਬੰਨ੍ਹਣ ਦੀ ਰਸਮ ਪੱਤਲ ਕਾਵਿ
ਡਾ. ਰਵਿੰਦਰ ਸਿੰਘ
ਮੱਧਕਾਲੀ ਪੰਜਾਬੀ ਸੱਭਿਆਚਾਰ ਨੇ ਕਈ ਪ੍ਰਤੀਮਾਨ ਸਿਰਜੇ ਹਨ ਜਿਨ੍ਹਾਂ ਆਸਰੇ ਪੰਜਾਬੀ ਬੰਦੇ ਦੇ ਕਿਰਦਾਰ ਦੀ ਪਛਾਣ ਹੁੰਦੀ ਹੈ। ਉਸ ਦੀ ਖੁੱਲ੍ਹਦਿਲੀ, ਅਲਬੇਲੇਪਣ, ਨਿੱਡਰਤਾ, ਤਿਆਗ, ਕੁਰਬਾਨੀ ਅਤੇ ਸੂਝ ਦਾ ਗਿਆਨ ਹੁੰਦਾ ਹੈ। ਪੰਜਾਬੀਆਂ ਬਾਰੇ ਪ੍ਰਚੱਲਿਤ ਹੈ ਕਿ ਇਹ ਜੰਮਣ ਤੋਂ ਲੈ ਕੇ ਮਰਨ ਤੱਕ ਲੋਕ ਗੀਤਾਂ ਦੇ ਪੰਘੂੜੇ ਵਿੱਚ ਝੂਲਦੇ ਹਨ। ਇਹ ਇਨ੍ਹਾਂ ਦੀ ਰੂਹ ਦੀ ਖੁਰਾਕ ਹਨ। ਪੰਜਾਬੀਆਂ ਦਾ ਜੀਵਨ ਮੇਲਿਆਂ, ਤਿਉਹਾਰਾਂ, ਰਹੁ-ਰੀਤਾਂ, ਅਨੁਸ਼ਠਾਨਾਂ ਅਤੇ ਬੰਦੇ ਦੇ ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕਰਨ ਵਾਲੇ ਲੋਕ ਗੀਤਾਂ ਨਾਲ ਭਰਪੂਰ ਹੈ। ਇਨ੍ਹਾਂ ਦਾ ਜੰਮਣ, ਮਰਨ, ਵਿਆਹ ਅਤੇ ਖ਼ੁਸ਼ੀ-ਗ਼ਮੀ ਦਾ ਹਰ ਮੌਕਾ ਲੋਕ ਗੀਤਾਂ ਨਾਲ ਹੀ ਪੂਰਾ ਹੁੰਦਾ ਹੈ। ਭੰਗੜੇ ’ਚ ਪੈਂਦੀ ਧਮਾਲ, ਗਿੱਧੇ ਵਿੱਚ ਪੈਂਦੀ ਬਾਜ਼ੀ ਅਤੇ ਪਿੜਾਂ ਵਿੱਚ ਖੇਡੀ ਜਾਂਦੀ ਕਬੱਡੀ ਇਨ੍ਹਾਂ ਦੀ ਬਹਾਦਰੀ, ਖ਼ੁਸ਼ੀ ਅਤੇ ਸਰੀਰਕ ਤੰਦਰੁਸਤੀ ਦੀ ਦੱਸ ਪਾਉਂਦੇ ਹਨ।
ਖ਼ੁਸ਼ੀ ਦੇ ਹੋਰਨਾਂ ਮੌਕਿਆਂ ’ਚੋਂ ਵਿਆਹ ਪੰਜਾਬੀਆਂ ਦਾ ਸਭ ਤੋਂ ਵੱਡਾ ਉਤਸਵ ਹੈ। ਇਸ ਉਤਸਵ ’ਤੇ ਇਹ ਆਪਣੇ-ਆਪ ਨੂੰ ਰੀਝ ਨਾਲ ਸ਼ਿੰਗਾਰਦੇ ਹਨ। ਲੰਬਾ ਸਮਾਂ ਪਹਿਲਾਂ ਤਿਆਰੀਆਂ ਆਰੰਭ ਦਿੰਦੇ ਹਨ। ਪੰਜ ਕੁ ਦਹਾਕੇ ਪਹਿਲਾਂ ਪੰਜਾਬੀਆਂ ਦੇ ਵਿਆਹ ਮਹੀਨਾ-ਮਹੀਨਾ ਚੱਲਦੇ ਸਨ। ਹੌਲੀ-ਹੌਲੀ ਇਹ ਪੰਦਰਾਂ ਦਿਨਾਂ ਤੱਕ ਸੀਮਤ ਹੋਏ। ਅੱਜ ਵਿਆਹ ਤਿੰਨ ਘੰਟਿਆਂ ਵਿੱਚ ਨਿੱਬੜ ਜਾਂਦਾ ਹੈ। ਨਵੇਂ ਯੁੱਗ ਦੀ ਆਮਦ ਨਾਲ ਵਿਆਹਾਂ ਵਿੱਚੋਂ ਲੋਕਧਾਰਾ ਦੀ ਝਲਕ ਲੱਭਣੀ ਔਖੀ ਹੋ ਗਈ ਹੈ। ਪੁਰਾਣੇ ਵਿਆਹਾਂ ਵਿੱਚ ਖ਼ੁਸ਼ੀ ਲਈ ਕੀਤੀਆਂ ਜਾਣ ਵਾਲੀਆਂ ਰਹੁ-ਰੀਤਾਂ ਦੀ ਸਾਰਥਿਕ ਅਹਿਮੀਅਤ ਹੁੰਦੀ ਸੀ, ਪ੍ਰੰਤੂ ਅਜੋਕੇ ਵਿਆਹਾਂ ਵਿੱਚ ਦਿਖਾਵੇ ਲਈ ਕੀਤੇ ਜਾਂਦੇ ਖ਼ਰਚੀਲੇ ਢੰਗ ਅਹਿਮ ਥਾਂ ਲੈ ਗਏ ਹਨ।
ਪੁਰਾਣੇ ਵਿਆਹਾਂ ਵਿੱਚ ਇੰਨੇ ਸ਼ਗਨ-ਵਿਹਾਰ ਕੀਤੇ ਜਾਂਦੇ ਸਨ ਕਿ ਇਨ੍ਹਾਂ ਦਾ ਇੱਕ ਮਹੀਨਾ ਚੱਲਣਾ ਵੀ ਥੋੜ੍ਹਾ ਪੈ ਜਾਂਦਾ ਸੀ। ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਕਈ-ਕਈ ਦਿਨ ਪਹਿਲਾਂ ਹੀ ਵਿਆਹ ਵਾਲੇ ਘਰ ਆ ਜਾਂਦੇ ਸਨ। ਬਰਾਤ ਢੁੱਕਣ ਦਾ ਦਿਨ ਇਸ ਮੇਲੇ ਦਾ ਸਿਖ਼ਰ ਵੱਲ ਜਾਣਾ ਹੁੰਦਾ ਸੀ। ਲੜਕੀ ਵਾਲਿਆਂ ਦੇ ਘਰ ਬਰਾਤ ਢੁੱਕਣ ਬਾਅਦ ਮਿਲਣੀ ਹੁੰਦੀ ਸੀ ਅਤੇ ਇਸ ਤੋਂ ਬਾਅਦ ਜੰਝ ਨੂੰ ਧਰਮਸ਼ਾਲਾ ਜਾਂ ਕਿਸੇ ਦਲਾਨ ਵਿੱਚ ਬਿਠਾਇਆ ਜਾਂਦਾ ਸੀ। ਇੱਥੇ ਇਨ੍ਹਾਂ ਦੇ ਬੈਠਣ ਲਈ ਸੋਹਣਾ ਇੰਤਜ਼ਾਮ ਕੀਤਾ ਜਾਂਦਾ ਸੀ। ਨਿੱਕੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਿੰਡ ਦੇ ਨੌਜਵਾਨ ਹਾਜ਼ਰ ਰਹਿੰਦੇ ਸਨ। ਇਨ੍ਹਾਂ ਨੂੰ ‘ਪਰੀਹੇ’ ਕਿਹਾ ਜਾਂਦਾ ਸੀ। ਬਰਾਤ ਢੁੱਕਣ ਤੋਂ ਬਾਅਦ ਰਸਮਾਂ ਦਾ ਤਾਂਤਾ ਲੱਗ ਜਾਂਦਾ ਸੀ। ਆਨੰਦ-ਕਾਰਜ ਦੀ ਰਸਮ ਪੂਰੀ ਹੋ ਜਾਣ ਤੋਂ ਬਾਅਦ ਬਰਾਤੀਆਂ ਨੂੰ ਰੋਟੀ ਖਵਾਉਣ ਸਮੇਂ ਇੱਕ ਬੜੀ ਹੀ ਰੋਚਕ ਰਸਮ ਹੁੰਦੀ ਸੀ ਜਿਸ ਨੂੰ ‘ਪੱਤਲ’ ਕਿਹਾ ਜਾਂਦਾ ਸੀ।
ਉਸ ਸਮੇਂ ਰੋਟੀ ਰੁੱਖਾਂ ਦੇ ਪੱਤਿਆਂ ਦੀਆਂ ਬਣੀਆਂ ਵੱਡੀਆਂ ਪੱਤਲਾਂ ’ਤੇ ਵਰਤਾਈ ਜਾਂਦੀ ਸੀ। ਇਸ ਰਸਮ ਦਾ ਨਾਂ ਵੀ ਇਸੇ ਕਰਕੇ ‘ਪੱਤਲ’ ਪਿਆ ਸੀ। ਪੱਤਲ ਦੇ ਦੋ ਤਰ੍ਹਾਂ ਦੇ ਭਾਵ ਸਨ। ਇੱਕ ਪੱਤਲ ਉਹ ਸੀ ਜਿਸ ਵਿੱਚ ਬਰਾਤ ਵਿੱਚ ਗਏ ਬਰਾਤੀ ਉਸੇ ਪਿੰਡ ਵਿੱਚ ਪਹਿਲਾਂ ਵਿਆਹੀ ਧੀ ਦੇ ਘਰ ਜਾਂ ਉਸੇ ਪਿੰਡ ਵਿੱਚ ਪੈਂਦੀ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਖ਼ੁਸ਼ੀ ਵਜੋਂ ਮਠਿਆਈ ਦੇਣ ਜਾਂਦੇ ਸਨ। ਉਸ ਦੀ ਸੁੱਖ-ਸਾਂਦ ਪੁੱਛਦੇ ਤੇ ਸ਼ਗਨ ਦਿੰਦੇ ਸਨ। ਇਸ ਨੂੰ ‘ਪਰੋਸਾ ਦੇਣਾ’ ਵੀ ਕਿਹਾ ਜਾਂਦਾ ਸੀ। ਦੂਸਰੀ ਪੱਤਲ ਦਾ ਸਬੰਧ ਬਰਾਤੀਆਂ ਦੇ ਰੋਟੀ ਖਾਣ ਨਾਲ ਹੁੰਦਾ ਸੀ। ਬਰਾਤੀ ਰੋਟੀ ਖਾਣ ਲੱਗਦੇ ਤਾਂ ਲੜਕੀ ਵਾਲੀ ਧਿਰ ਦੀਆਂ ਔਰਤਾਂ ਬਰਾਤ ਦੀ ਅਕਲ ਪਰਖਣ ਲਈ ਕਾਵਿਕ ਤੁਕਾਂ ਗਾ ਕੇ ਉਨ੍ਹਾਂ ਦੀ ਰੋਟੀ ਬੰਨ੍ਹ ਦਿੰਦੀਆਂ ਸਨ। ਇਸ ਨੂੰ ‘ਬਰਾਤ ਬੰਨ੍ਹਣਾ’ ਜਾਂ ‘ਪੱਤਲ ਬੰਨ੍ਹਣਾ’ ਕਿਹਾ ਜਾਂਦਾ ਸੀ। ਬਰਾਤ ਬੰਨ੍ਹੇ ਜਾਣ ’ਤੇ ਬਰਾਤੀ ਓਨਾਂ ਸਮਾਂ ਰੋਟੀ ਨਹੀਂ ਖਾ ਸਕਦੇ ਸਨ ਜਿੰਨਾ ਸਮਾਂ ਕੋਈ ਬਰਾਤੀ ਮੋੜਵੇਂ ਜਵਾਬ ਵਜੋਂ ਕਾਵਿਕ ਤੁਕਾਂ ਬੋਲ ਕੇ ਬਰਾਤ ਨਹੀਂ ਛੁਡਾਉਂਦਾ ਸੀ। ਬਰਾਤ ਵਿੱਚ ਵੱਖ-ਵੱਖ ਸਮਿਆਂ ’ਤੇ ਪੈਣ ਵਾਲੀਆਂ ਲੋੜਾਂ ਦੀ ਪੂਰਤੀ ਲਈ ਹੀ ਬਰਾਤ ਵਿੱਚ ਹਰ ਤਰ੍ਹਾਂ ਦੇ ਬੰਦੇ ਲਿਜਾਏ ਜਾਂਦੇ ਸਨ। ਬਰਾਤ ਵਿੱਚ ਬੱਚਾ, ਬਜ਼ੁਰਗ, ਨੌਜਵਾਨ, ਬੋਲੀਆਂ ਪਾਉਣ ਦਾ ਮਾਹਿਰ, ਮਸ਼ਕਰੀ ਕਰਨ ਵਾਲਾ, ਹਾਜ਼ਰ ਜੁਆਬ, ਭਲਵਾਨ, ਲੜਾਕਾ, ਦਿਮਾਗੀ, ਸਿਧਰਾ, ਨਚਾਰ ਸਭ ਗੁਣਾਂ ਵਾਲੇ ਸੋਚ ਸਮਝ ਕੇ ਸ਼ਾਮਿਲ ਕੀਤੇ ਜਾਂਦੇ ਸਨ। ਬੇਗਾਨੀ ਧੀ ਨੂੰ ਵਿਆਹ ਕੇ ਲਿਆਉਣਾ ਜੰਗ ਜਿੱਤ ਕੇ ਮੁੜਨ ਜਿੱਡਾ ਕਾਰਜ ਹੀ ਹੁੰਦਾ ਸੀ।
ਰੋਟੀ ਬੰਨ੍ਹਣ ਤੇ ਛੁਡਾਉਣ ਵਾਲਾ ਪੜਾਅ ਬੜਾ ਰੋਚਕ ਹੁੰਦਾ ਸੀ। ਔਰਤਾਂ ਕੋਲ ਕਮਾਲ ਦੀ ਕਾਵਿਕ ਪ੍ਰਤਿਭਾ ਹੁੰਦੀ ਸੀ। ਬਰਾਤ ਰੋਟੀ ਖਾਣ ਬੈਠਦੀ ਤਾਂ ਔਰਤਾਂ ਕਿਸੇ ਕੋਨੇ ਵਿੱਚ ਖੜ੍ਹੀਆਂ ਬਰਾਤ ਦੀ ਰੋਟੀ ਬੰਨ੍ਹ ਦਿੰਦੀਆਂ। ਉਹ ਸਿਰਫ਼ ਰੋਟੀ ਹੀ ਨਹੀਂ ਬੰਨ੍ਹਦੀਆਂ ਸਨ ਸਗੋਂ ਇਸ ਤੋਂ ਅਗਾਂਹ ਉਨ੍ਹਾਂ ਦੇ ਪਾਏ ਹੋਏ ਗਹਿਣੇ, ਹੱਥਾਂ ਵਿੱਚ ਫੜੀਆਂ ਡਾਗਾਂ, ਖੂੰਡੇ ਆਦਿ ਵੀ ਬੰਨ੍ਹ ਦਿੰਦੀਆਂ ਸਨ। ਪੱਤਲ ਦੇ ਬੋਲ ਸਥਿਤੀਆਂ ਅਨੁਸਾਰ ਬਦਲ ਜਾਂਦੇ ਸਨ ਅਤੇ ਇਸ ਦਾ ਆਕਾਰ ਇਸ ਵਿੱਚ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਹਿਸਾਬ ਨਾਲ ਲੰਬਾ ਹੋ ਜਾਂਦਾ ਸੀ;
ਜੰਨ ਖਾਣੇ ਛੱਤੀ ਬੰਨ੍ਹ ਤੇ ਬਠਾਇਕੇ
ਅੱਡੀ ਚੋਟੀ ਲੱਕ ਧੌਣ ਜਿੰਦੇ ਲਾਇਕੇ
ਕੋਟ ਚੋਗੇ ਕੁੜਤੇ ਰੁਮਾਲ ਬੰਨ੍ਹਿਆ
ਪੱਗ ਸਾਫ਼ਾ ਚੀਰਾ ਭੌਥਾ ਨਾਲ ਬੰਨ੍ਹਿਆ
ਪੱਤਲ ਬੰਨ੍ਹੇ ਜਾਣ ’ਤੇ ਬਰਾਤੀ ਰੋਟੀ ਅਤੇ ਬੰਨ੍ਹੀਆਂ ਗਈਆਂ ਬਾਕੀ ਸਾਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਗਾ ਸਕਦੇ ਸਨ। ਜੇ ਅਜਿਹਾ ਕਰਦੇ ਸਨ ਤਾਂ ਉਨ੍ਹਾਂ ਨੂੰ ਮੂਰੇ ਭਾਵ ਮੂਰਖ ਸਮਝਿਆ ਜਾਂਦਾ ਸੀ। ਇਸ ਸਮੇਂ ਦੋਹਾਂ ਧਿਰਾਂ ਵੱਲੋਂ ਇੱਕ-ਦੂਸਰੀ ਨੂੰ ਨੀਵਾਂ ਦਿਖਾਉਣ ’ਤੇ ਜ਼ੋਰ ਲੱਗਾ ਹੁੰਦਾ ਸੀ। ਬਰਾਤ ਨੂੰ ਬੰਨ੍ਹਣ ਵਾਲੀਆਂ ਔਰਤਾਂ ਬਰਾਤ ਨੂੰ ਬੰਨ੍ਹਣ ਸਮੇਂ ਬਰਾਤੀਆਂ ਨੂੰ ਕਮਅਕਲ, ਚੱਜ-ਅਚਾਰ ਤੇ ਸੱਖਣੇ, ਅੰਨ-ਖਾਣੇ, ਕਰੂਪ ਦੇਹਾਂ ਵਾਲੇ, ਬੇਵਕੂਫ ਅਤੇ ਚਟਕੂਰੇ ਢਿੱਡਾਂ ਵਾਲੇ ਕਹਿੰਦੀਆਂ ਸਨ;
ਝਾਕਦੇ ਕਸੂਤ ਕਿਸੇ ਊਤਨੀ ਦੇ ਊਤ
ਅੰਨ ਭੱਛਣੇ ਕੋ ਭੂਤ ਨਰ ਦੇਹੀ ਪਿੰਡ ਧਾਰ ਕੇ
ਪੰਡਤ ਅਮੀਰ ਮੈਨੂੰ ਕੋਈ ਨਾ ਮਾਲੂਮ ਹੋਵੇ
ਪਸ਼ੂ ਤੇ ਪਰੇਤ ਸਾਡੇ ਪਿੰਡ ਕਾਹਨੂੰ ਆਏ ਵੇ
ਜਾਨੀ ਆਏ ਮੂਰੇ ਵੇ ਹੰਢਾਂਵਦੇ ਨੇ ਭੂਰੇ
ਫੇਰ ਢਿੱਡ ਚਟਕੂਰੇ ਜਿਵੇਂ ਪੱਥੀਆਂ ਕੁਨਾਲੀਆਂ
ਬਰਾਤ ਵਿੱਚ ਮੌਜੂਦ ਸ਼ਾਇਰਾਨਾ ਸੁਭਾਅ ਵਾਲੇ ਬੰਦੇ ਦੀ ਇਸ ਵੇਲੇ ਪਰਖ ਹੁੰਦੀ ਸੀ। ਉਸ ਨੇ ਮੌਕੇ ’ਤੇ ਹੀ ਤੁਕਾਂ ਜੋੜ ਕੇ ਜਵਾਬ ਦੇਣਾ ਹੁੰਦਾ ਸੀ। ਬੰਨ੍ਹੀ ਜੰਝ ਛੁਡਾਉਣੀ ਹੁੰਦੀ ਸੀ। ਔਰਤਾਂ ਨੇ ਜਿੱਡੇ ਵਿਅੰਗ ਭਰੇ ਬੋਲਾਂ ਨਾਲ ਬਰਾਤ ਨੂੰ ਬੰਨ੍ਹਿਆ ਹੁੰਦਾ ਸੀ, ਉਸ ਤੋਂ ਵਧੇਰੇ ਵਿਅੰਗ ਭਰੇ ਬੋਲਾਂ ਨਾਲ ਬਰਾਤੀ ਸ਼ਾਇਰ ਬਾਰਤ ਨੂੰ ਛੁਡਾਉਂਦਾ ਸੀ। ਬਰਾਤ ਵਿੱਚ ਸਭ ਤੋਂ ਅਹਿਮ ਲਾੜਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਸ਼ਾਇਰ ਲਾੜੇ ਨੂੰ ਛੁਡਾਉਂਦਾ ਸੀ। ਉਸ ਤੋਂ ਬਾਅਦ ਬਰਾਤੀਆਂ ਦੀ ਵਾਰੀ ਆਉਂਦੀ;
ਲਾੜਾ ਛੁੱਟਿਆ ਨਿਰਾਲਾ ਨਾਲੇ ਬਾਲਾ ਸਰਬਾਲਾ
ਉੱਚਾ ਸਿੰਘ ਦਾ ਦੁਮਾਲਾ ਮੱਲ ਪੂਰੀ ਬਾਤ ਦੇ
ਰੱਥ ਗੱਡੀਆਂ ਸ਼ਿੰਗਾਰ ਲਾਰੀ ਸਾਈਕਲਾਂ ਤੇ ਕਾਰਾਂ
ਛੁੱਟੇ ਸਣੇ ਅਸਵਾਰਾਂ ਉੱਠ ਘੋੜੇ ਘੋੜੀਆਂ
ਪੱਤਲ ਛੁਡਾਉਣ ਵਾਲਾ ਬਰਾਤੀ ਸ਼ਾਇਰ ਪੱਤਲ ਬੰਨ੍ਹਣ ਵਾਲੀਆਂ ਔਰਤਾਂ ’ਤੇ ਮੋੜਵਾਂ ਵਾਰ ਕਰਦਾ ਅਤੇ ਉਨ੍ਹਾਂ ਨੂੰ ਬੰਨ੍ਹ ਦਿੰਦਾ। ਉਨ੍ਹਾਂ ਨੂੰ ਆਪਣੀ ਵਿਅੰਗ ਭਰੀ ਸ਼ਾਇਰੀ ਨਾਲ ਸ਼ਰਮਿੰਦੀਆਂ ਕਰ ਦਿੰਦਾ। ਉਹ ਪਿੜ ਛੱਡ ਕੇ ਭੱਜਣ ਲਈ ਮਜਬੂਰ ਹੋ ਜਾਂਦੀਆਂ। ਉਹ ਬਰਾਤ ਬੰਨ੍ਹਣ ਵਾਲੀਆਂ ਦੇ ਪਹਿਨੇ ਹੋਏ ਸੂਟਾਂ ਅਤੇ ਪਾਏ ਹੋਏ ਗਹਿਣਿਆਂ ਨੂੰ ਬੰਨ੍ਹ ਦਿੰਦਾ;
ਬੰਨ੍ਹੇ ਰੇਸ਼ਮ ਦੇ ਸੂਟ ਪੈਰੀਂ ਪਾਏ ਫੁੱਲ ਬੂਟ
ਨਾਲੇ ਵਿਆਹੀ ਜਿਹੜੀ ਕੂਟ ਰੋਕ ਦੇਊਂ ਰਸਤਾ
ਬੰਨ੍ਹੇ ਲੌਕੇਟ ਜ਼ੰਜੀਰ ਹਾਰ ਢੋਂਦੇ ਨੀਂ ਅਮੀਰ
ਥੋਡੇ ਨਾਜ਼ੁਕ ਸਰੀਰ ਅੱਖਾਂ ਰੰਗ ਰੱਤੀਆਂ
ਬੰਨ੍ਹਾ ਚੰਦ ਚੌਕ ਤੀਲੀ ਲੌਂਗ ਕੋਕੋ ਨੱਕ
ਥੋਡਾ ਝੂਟੇ ਖਾਂਦਾ ਲੱਕ ਜਦੋਂ ਪਾਵੋਂ ਲਹਿੰਗੇ ਨੀਂ
ਕਈ ਵਾਰ ਜਦੋਂ ਬਰਾਤੀ ਜੰਝ ਨਾ ਛੁਡਾ ਸਕਦੇ, ਉਹ ਹਾਰ ਹੀ ਮੰਨ ਜਾਂਦੇ ਤਾਂ ਬਰਾਤ ਬੰਨ੍ਹਣ ਵਾਲੀਆਂ ਔਰਤਾਂ ਲਈ ਇਹ ਖ਼ੁਸ਼ੀ ਦਾ ਸਬੱਬ ਬਣਦਾ। ਉਹ ਬਰਾਤ ਨੂੰ ਰੱਜ ਕੇ ਠਿੱਠ ਕਰਦੀਆਂ। ਤਾਹਨੇ ਕਸਦੀਆਂ। ਉਨ੍ਹਾਂ ਨੂੰ ਢੀਠ, ਬੇਸ਼ਰਮ ਤੇ ਹੋਰ ਪਤਾ ਨਹੀਂ ਕੀ-ਕੀ ਕਹਿ ਕੇ ਭੰਡਦੀਆਂ। ਬੰਨ੍ਹੀ ਹੋਈ ਰੋਟੀ ਨੂੰ ਬਿਨਾਂ ਛੁਡਾਏ ਖਾ ਜਾਣ ਕਾਰਨ ਉਨ੍ਹਾਂ ਨੂੰ ਸ਼ਰਮਸਾਰ ਕਰਦੀਆਂ। ਬੰਨ੍ਹੀ ਰੋਟੀ ਖਾ ਜਾਣ ਨੂੰ ਲਾੜੇ ਦੀ ਹੱਤਕ ਮੰਨਿਆ ਜਾਂਦਾ ਸੀ;
ਜਾਨੀ ਬੰਨ੍ਹੀ ਰੋਟੀ ਖਾ ਨੀਂ ਗਏ
ਕਿ ਲਾੜੇ ਨੂੰ ਲੀਕਾਂ ਲਾ ਨੀਂ ਗਏ
ਪੰਜਾਬੀ ਵਿਆਹ ਦੀ ਇਹ ਰਸਮ ਇੰਨੀ ਰਸੀਲੀ ਸੀ ਕਿ ਮਾਨਣ ਵਾਲੇ ਇਸ ਸਮੇਂ ਹੋਣ ਵਾਲੇ ਸ਼ਬਦ ਯੁੱਧ ਦੀ ਉਡੀਕ ਕਰਦੇ ਸਨ। ਜਿੱਤਣ ਵਾਲੀ ਧਿਰ ਨਿੱਠ ਕੇ ਧਮੱਚੜ ਪੱਟਦੀ ਸੀ। ਹਾਰਨ ਵਾਲੀ ਧਿਰ ਨਮੋਸ਼ੀ ਝੱਲਦੀ ਸੀ। ਇਹ ਰਸਮ ਵਿਆਹ ਨੂੰ ਹੋਰ ਵੀ ਮਨਮੋਹਕ ਬਣਾਉਂਦੀ ਸੀ। ਅਜੋਕੇ ਵਿਆਹਾਂ ਵਿੱਚ ਇਹ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਹੈ। ਪਦਾਰਥਕ ਦੁਨੀਆ ਦੇ ਦਿਖਾਵਾ ਸੱਭਿਆਚਾਰ ਨੇ ਖ਼ੁਸ਼ੀ ਦੇ ਮੌਕਿਆਂ ਨੂੰ ਢਾਹ ਲਾਈ ਹੈ। ਲੋਕਾਂ ਦੇ ਚੇਤਿਆਂ ’ਚੋਂ ਅਜਿਹੀਆਂ ਅਨੇਕਾਂ ਰਸਮਾਂ ਵਿੱਸਰ ਗਈਆਂ ਹਨ। ਇਨ੍ਹਾਂ ਬਾਰੇ ਪੜ੍ਹ-ਸੁਣ ਕੇ ਬੜਾ ਆਨੰਦ ਆਉਂਦਾ ਹੈ ਅਤੇ ਦੁੱਖ ਵੀ ਹੁੰਦਾ ਹੈ ਕਿ ਅਸੀਂ ਖ਼ੁਸ਼ੀ ਦੇ ਮੌਕਿਆਂ ਦੇ ਨਾਲ-ਨਾਲ ਪ੍ਰਤਿਭਾ ਨੂੰ ਵੀ ਤਿਲਾਂਜਲੀ ਦੇ ਰਹੇ ਹਾਂ।
ਸੰਪਰਕ: 99887-22785