ਵਿਆਹੁਤਾ ਦੀ ਸਹੁਰੇ ਘਰ ਭੇਤ-ਭਰੀ ਹਾਲਤ ਵਿੱਚ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਥਾਣਾ ਪੀਏਯੂ ਦੀ ਪੁਲੀਸ ਨੇ ਸਹੁਰੇ ਘਰ ਵਿਆਹੁਤਾ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋਣ ਮਗਰੋਂ ਮ੍ਰਿਤਕ ਦੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕਰਕੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਿਵਾਨੀ (29) ਦੇ ਪਿਤਾ ਝੱਬਾ ਸਿੰਘ ਵਾਸੀ ਮੇਰਠ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਸ਼ਿਵਾਨੀ ਦਾ ਵਿਆਹ 2016 ਵਿੱਚ ਰੋਹਿਤ ਉਰਫ਼ ਬਬਲੂ ਨਾਲ ਹੋਇਆ ਸੀ ਤੇ ਸ਼ਿਵਾਨੀ ਕਈ ਵਾਰ ਦੱਸ ਚੁੱਕੀ ਸੀ ਕਿ ਉਸ ਦੇ ਬੱਚਾ ਨਾ ਹੋਣ ਕਾਰਨ ਉਸ ਦੀ ਸੱਸ ਪੁਸ਼ਪਾ ਤੇ ਸਹੁਰਾ ਪਰਿਵਾਰ ਦੇ ਕਈ ਜੀਅ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਬੀਤੀ 11 ਅਪਰੈਲ ਨੂੰ ਸ਼ਿਵਾਨੀ ਨੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ 12 ਅਪਰੈਲ ਨੂੰ ਪੁਸ਼ਪਾ ਨੇ ਦੱਸਿਆ ਕਿ ਸ਼ਿਵਾਨੀ ਨੇ ਦਰੱਖ਼ਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ 11 ਅਪਰੈਲ ਨੂੰ ਸ਼ਿਵਾਨੀ ਨੇ ਫ਼ੋਨ ਕਰਕੇ ਦੱਸਿਆ ਕਿ ਉਸਦੇ ਸਹੁਰੇ ਉਸਨੂੰ ਕੁੱਟ ਰਹੇ ਹਨ। ਇਸ ਤੋਂ ਬਾਅਦ ਅਗਲੇ ਦਿਨ 12 ਅਪ੍ਰੈਲ ਨੂੰ ਸੱਸ ਪੁਸ਼ਪਾ ਦਾ ਫ਼ੋਨ ਆਇਆ ਕਿ ਸ਼ਿਵਾਨੀ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਸ਼ਿਵਾਨੀ ਦੇ ਪਤੀ ਰੋਹਿਤ ਉਰਫ਼ ਬਬਲੂ ਤੇ ਸੱਸ ਪੁਸ਼ਪਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਪੁਸ਼ਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।