For the best experience, open
https://m.punjabitribuneonline.com
on your mobile browser.
Advertisement

ਵਿਆਹਾਂ ਦੇ ਬਦਲਦੇ ਰੰਗ

04:40 AM Mar 01, 2025 IST
ਵਿਆਹਾਂ ਦੇ ਬਦਲਦੇ ਰੰਗ
Advertisement

ਮਲਕੀਤ ਸਿੰਘ ਮਲਕਪੁਰ
ਅਜੋਕੇ ਦੌਰ ਵਿੱਚ ਪੰਜਾਬ ਹਰ ਪੱਖੋਂ ਬਦਲ ਚੁੱਕਿਆ ਹੈ। ਮੇਰੀ ਜਾਚੇ ਸਭ ਤੋਂ ਵੱਡੀ ਤਬਦੀਲੀ ਜਿਹੜੀ ਵਾਚਣਯੋਗ ਹੈ, ਉਹ ਪੰਜਾਬੀਆਂ ਦੇ ਵਿਆਹਾਂ ਵਿੱਚ ਆਈ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਪੁਰਾਣੇ ਸਮਿਆਂ ਵਿੱਚ ਹੁੰਦੇ ਵਿਆਹਾਂ ’ਤੇ ਇੱਕ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ। ਪੁਰਾਣੇ ਵੇਲਿਆਂ ਵਿੱਚ ਲੋਕਾਂ ਨੂੰ ਵਿਆਹ ਸਮਾਗਮਾਂ ’ਤੇ ਜਾਣ ਦਾ ਬੜਾ ਚਾਅ ਹੁੰਦਾ ਸੀ, ਸ਼ਾਇਦ ਅੱਜ ਵੀ ਜਦੋਂ ਆਪਾਂ ਕਿਸੇ ਸਮਾਗਮ ਜਾਂ ਹੋਰ ਥਾਂ ਜਾਣ ਲਈ ਵੱਧ ਉਤਸੁਕ ਹੁੰਦੇ ਆ ਤਾਂ ਸਿਆਣੇ ਬੰਦੇ ਦੇ ਮੂੰਹੋਂ ‘ਵਿਆਹ ਵਰਗਾ ਚਾਅ ਚੜ੍ਹਿਆ’ ਲਫ਼ਜ਼ ਨਿਕਲਦਾ ਹੈ ਜੋ ਕਿ ਸ਼ਾਇਦ ਉਸ ਸਮੇਂ ਦੇ ਹੁੰਦੇ ਵਿਆਹਾਂ ’ਚ ਸ਼ਾਮਲ ਹੋਣ ਦੇ ਚਾਅ ਤੋਂ ਹੀ ਬਣਿਆ ਹੋਇਆ ਜਾਪਦਾ ਹੈ।
ਸਾਢੇ ਤਿੰਨ ਦਹਾਕੇ ਪਹਿਲਾਂ ਪੰਜਾਬੀਆਂ ਦੇ ਵਿਆਹਾਂ ’ਚ ਬਹੁਤ ਸਾਦਾ ਖਾਣ-ਪੀਣ ਹੁੰਦਾ ਸੀ, ਜਿਵੇਂ ਲੱਡੂ, ਜਲੇਬੀ, ਖੋਏ ਦੀਆਂ ਬਰਫੀਆਂ, ਅੰਮ੍ਰਤੀਆਂ, ਪੇਠੇ ਦੀ ਮਿਠਾਈ ਅਤੇ ਖੋਏ ਦੇ ਪੇੜੇ, ਜਿਹਨੂੰ ਸੱਤ ਪਕਵਾਨੀ ਆਖਿਆ ਜਾਂਦਾ ਸੀ। ਉਸ ਵੇਲੇ ਲੋਕ ਰੱਜ-ਰੱਜ ਮਿਠਾਈ ਖਾਂਦੇ ਸਨ ਕਿਉਂਕਿ ਨਾ ਉਸ ਵੇਲੇ ਕਿਸੇ ਪੰਜਾਬੀ ਨੂੰ ਸ਼ੂਗਰ ਨੇ ਜੱਫਾ ਮਾਰਿਆ ਸੀ ਅਤੇ ਨਾ ਕਿਸੇ ਨੂੰ ਬੀਪੀ ਦੇ ਵੱਧ-ਘੱਟ ਹੋਣ ਦਾ ਕੋਈ ਭੈਅ ਸੀ। ਵਿਆਹ ’ਚ ਦਾਜ ਵਜੋਂ ਸਾਈਕਲ ਮਿਲਣਾ ਇੱਕ ਵੱਡੀ ਮਸ਼ੀਨਰੀ ਮਿਲਣਾ ਮੰਨਿਆ ਜਾਂਦਾ ਸੀ ਅਤੇ ਵਿਆਹ ਵਾਲੇ ਮੁੰਡੇ ਲਈ ਸੋਨੇ ਦੀ ਅੰਗੂਠੀ ਤੇ ਗੁੱਟ ਦੀ ਘੜੀ ਵੱਡੇ ਗਹਿਣੇ ਹੁੰਦੇ ਸਨ। ਉਦੋਂ ਵਿਆਹਾਂ ਵਿੱਚ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ ਸੀ, ਜਿਸ ’ਚ ਤਵਾ ਰਿਕਾਰਡ ਰਾਹੀਂ ਗੀਤ ਚੱਲਦੇ ਸਨ, ਪਰ ਗੀਤਾਂ ਨੂੰ ਬਜ਼ੁਰਗ ਤੇ ਨੌਜਵਾਨ ਇਕੱਠੇ ਵਹਿ ਕੇ ਕਦੇ ਨਹੀਂ ਸਨ ਸੁਣਦੇ, ਹਾਲਾਂਕਿ ਉਦੋਂ ਵਿਆਹਾਂ ’ਚ ਅੱਜ ਵਰਗੇ ਅਸ਼ਲੀਲ ਗਾਣੇ ਨਹੀਂ ਸੀ ਚੱਲਦੇ।
ਇਹੋ ਜਿਹੇ ਵਿਆਹ ਕਿਸਾਨੀ ਧੰਦੇ ਨਾਲ ਜੁੜੇ ਤਕਰੀਬਨ ਸਾਰੇ ਲੋਕ ਕਰਦੇ ਸਨ, ਪਰ ਪਿਛਲੇ ਇੱਕ ਦਹਾਕੇ ਤੋਂ ਸ਼ਹਿਰਾਂ ਦੇ ਨੇੜਲੇ ਪਿੰਡਾਂ ਵਿੱਚ ਮਹਿੰਗੀਆਂ ਵਿਕੀਆਂ ਜ਼ਮੀਨਾਂ ਨੇ ਪੰਜਾਬ ’ਚ ਵਿਆਹਾਂ ਦੇ ਰੰਗ ਹੀ ਬਦਲ ਕੇ ਰੱਖ ਦਿੱਤੇ ਅਤੇ ਹੁਣ ਇਸ ਰੰਗ ਨੇ ਪੰਜਾਬ ਦੀ ਸਮੁੱਚੀ ਕਿਸਾਨੀ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ। ਅੱਜਕੱਲ੍ਹ ਜੇਕਰ ਗੱਲ ਕਰੀਏ ਤਾਂ ਵਿਆਹ ’ਚ ਜਾਣ ਨੂੰ ਬੰਦੇ ਸਿਆਪਾ ਕਹਿੰਦੇ ਸੁਣੇ ਜਾ ਸਕਦੇ ਨੇ, ਭਾਵ ਵਿਆਹਾਂ ਵਿੱਚ ਜਾਣ ਦਾ ਲੋਕਾਂ ’ਚ ਚਾਅ ਬਿਲਕੁਲ ਨਹੀਂ ਰਿਹਾ। ਅਜੋਕੇ ਵਿਆਹ ਵੱਡੇ-ਵੱਡੇ ਪੈਲੇਸਾਂ ਵਿੱਚ ਹੁੰਦੇ ਨੇ। ਜੇਕਰ ਗੌਰ ਨਾਲ ਵਾਚਿਆ ਜਾਵੇ ਤਾਂ ਮੌਜੂਦਾ ਸਮੇਂ ਪੰਜਾਬ ਵਿੱਚ ਕਾਨੂੰਨੀ ਮਨਜ਼ੂਰੀ ਵਾਲੇ ਮੈਰਿਜ ਪੈਲੇਸਾਂ ਦੀ ਗਿਣਤੀ 2000 ਤੋਂ ਵੱਧ ਹੈ, ਜਿਨ੍ਹਾਂ ਵਿੱਚ ਇੱਕ ਦਿਨ ਦਾ ਇਕੱਲਾ ਭਾੜਾ ਹੀ 5 ਲੱਖ ਤੋਂ 10 ਤੱਕ ਵਸੂਲ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਤਕਰੀਬਨ 4000 ਮੈਰਿਜ ਪੈਲੇਸ ਗੈਰ ਕਾਨੂੰਨੀ ਤੌਰ ’ਤੇ ਚੱਲ ਰਹੇ ਹਨ। ਅੱਜ ਦੇ ਦੌਰ ਵਿੱਚ ਹੁੰਦੇ ਕਈ ਵਿਆਹਾਂ ਦਾ ਬਜਟ ਤਾਂ ਪੈਲੇਸ ਦਾ ਕਿਰਾਇਆ ਤੇ ਖਾਣ-ਪੀਣ ਜੋੜ ਕੇ 30 ਲੱਖ ਤੋਂ ਲੈ ਕੇ 60-70 ਲੱਖ ਤੱਕ ਅੱਪੜ ਜਾਂਦਾ ਹੈ, ਜਦੋਂਕਿ ਬਹੁਤੇ ਵਿਆਹਾਂ ਵਿੱਚ ਚਾਰ ਘੰਟੇ ਦੀ ਰਿਸੈਪਸ਼ਨ ਵਿੱਚ ਹੀ 40 ਲੱਖ ਰੁਪਏ ਰੋੜ੍ਹ ਦਿੱਤੇ ਜਾਂਦੇ ਨੇ, ਜੋ ਕਿ ਪੰਜਾਬ ਦੇ ਭਵਿੱਖ ਲਈ ਬਹੁਤ ਮੰਦਭਾਗਾ ਹੈ।
ਲੋਕ ਵਿਆਹਾਂ ਵਿੱਚ ਵੱਡੇ-ਵੱਡੇ ਇਕੱਠ ਕਰਕੇ ਆਪਣਾ ਕੱਦ ਮਿਣਦੇ ਨੇ, ਕਈਂ ਵਿਆਹਾਂ ਵਿੱਚ ਤਾਂ ਮਹਿਮਾਨਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੀ ਉੱਤੇ ਪਹੁੰਚ ਜਾਂਦੀ ਹੈ। ਅੱਜਕੱਲ੍ਹ ਵਿਆਹ ਸਮਾਗਮ ਸੱਤ-ਅੱਠ ਦਿਨ ਚੱਲਦੇ ਹਨ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਹਿਮਾਨ ਮੁੜ ਮੁੜ ਉਹੀ ਪਹਿਲੇ ਦਿਨ ਵਾਲੇ ਹੁੰਦੇ ਨੇ। ਵਿਆਹ ਸਮਾਗਮ ਵਿੱਚ ਚੰਗਾ ਭਲਾ ਬੰਦਾ ਵੀ ਖਾਣ ਦੀਆਂ ਚੀਜ਼ਾਂ ਦੀ ਗਿਣਤੀ ਨਹੀਂ ਕਰ ਸਕਦਾ। ਭਾਵੇਂ ਮਸਾਂ ਜ਼ੋਰ ਲਾ ਕੇ ਉਸ ’ਚੋਂ 10 ਫੀਸਦੀ ਆਇਟਮਾਂ ਹੀ ਖਾਣ ਯੋਗ ਹੁੰਦੀਆਂ ਹਨ। ਬਾਕੀ ਸ਼ਾਇਦ ਚਾਈਨੀਜ਼, ਥਾਈ, ਇਟਾਲੀਅਨ ਤੇ ਸਾਊਥ ਇੰਡੀਅਨ ਖਾਣਿਆਂ ਦਾ ਆਮ ਬੰਦੇ ਨੂੰ ਕੋਈ ਇਲਮ ਹੀ ਨਹੀਂ ਹੁੰਦਾ। ਕਈ ਵਾਰੀ ਲੱਗਦਾ ਹੈ ਕਿ ਵਿਆਹ ਕਰਨ ਵਾਲਾ ਮਾਲਕ ਆਪ ਦੀ ਅਮੀਰੀ ਦਾ ਝਲਕਾਰਾ ਪਾਉਣ ਲਈ ਹੀ ਇਹ ਸਭ ਕੁਝ ਕਰਦਾ ਹੈ, ਪਰ ਪਤਾ ਨਹੀਂ ਮੈਨੂੰ ਕਈ ਵਾਰੀ ਇੰਝ ਕਿਉਂ ਜਾਪਦੈ ਕਿ ਬਹੁਤੇ ਵੱਡੇ-ਵੱਡੇ ਵਿਆਹਾਂ ਵਿੱਚ ਨਕਲੀ ਜਿਹੇ ਬਣੇ ਢਾਬੇ ਤੋਂ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖਾ ਕੇ ਬਜ਼ੁਰਗ ਬੰਦੇ ਆਪਣੇ ਪੁਰਾਣੇ ਵੇਲਿਆਂ ਨੂੰ ਚੇਤੇ ਕਰਦੇ ਨੇ ਅਤੇ ਬਾਅਦ ਵਿੱਚ ਮਿੱਠਾ ਮੂੰਹ ਕਰਨ ਲਈ ਗੁੜ ਖਾ ਕੇ ਆਪਣੇ ਅਤੀਤ ਨੂੰ ’ਵਾਜ਼ਾਂ ਮਾਰਦੇ ਨਜ਼ਰ ਆਉਂਦੇ ਹਨ, ਬਾਕੀ ਨੱਚਣ-ਗਾਉਣ ਦਾ ਇੰਤਜ਼ਾਮ ਵੇਖ ਤਾਂ ਕਈ ਵਾਰੀ ਇੰਝ ਲੱਗਦਾ ਹੈ ਜਿਵੇਂ ਪੰਜਾਬੀਆਂ ਦੀ ਸੰਗ-ਸ਼ਰਮ ਕਿਤੇ ਉੱਡ ਗਈ ਹੋਵੇ। ਉਦੋਂ ਬਹੁਤ ਹੀ ਦੁੱਖ ਹੁੰਦਾ ਹੈ, ਜਦੋਂ ਐਨ ਚਿੱਟੀਆਂ ਦਾੜ੍ਹੀਆਂ ਵਾਲੇ ਬਜ਼ੁਰਗ ਮੁਹਰਲੀ ਕਤਾਰ ਵਿੱਚ ਕੁਰਸੀਆਂ ’ਤੇ ਬਹਿ ਕੇ ਨੱਚਣ ਵਾਲੀਆਂ ਕੁੜੀਆਂ ਨੂੰ ਤੱਕਦੇ ਨੇ।
ਇਸ ਤੋਂ ਬਾਅਦ ਜੇਕਰ ਗੱਲ ਕਰੀਏ ਵਿਆਹਾਂ ਵਿੱਚ ਹੁੰਦੀ ਫੋਟੋਗ੍ਰਾਫ਼ੀ ਦੀ ਤਾਂ ਫੋਟੋਆਂ ਖਿੱਚਣ ਵਾਲੇ ਇੰਨੇ ਹੁੰਦੇ ਨੇ ਜਿਵੇਂ ਪ੍ਰੈੱਸ ਕਲੱਬ ਵਿੱਚ ਕਿਸੇ ਸਿਆਸੀ ਆਗੂ ਦੀ ਕਾਨਫਰੰਸ ਦੀ ਕਵਰੇਜ਼ ਹੋ ਰਹੀ ਹੋਵੇ। ਹੁਣ ਤਾਂ ਵਿਆਹਾਂ ਦੀ ਫੋਟੋਗ੍ਰਾਫੀ ਵਿਆਹਾਂ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਪ੍ਰੀਵੈਡਿੰਗ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਇਸ ਕੰਮ ’ਤੇ 100000 ਤੋਂ ਲੈ 500000 ਰੁਪਏ ਤੱਕ ਦਾ ਖ਼ਰਚਾ ਕੀਤਾ ਜਾਂਦਾ ਹੈ।
ਅਫ਼ਸੋਸ ਦੀ ਗੱਲ ਦੇਖੋ ਕਿ ਅੱਜਕੱਲ੍ਹ ਪੰਜਾਬੀਆਂ ਦੇ ਇੰਨੇ ਮਹਿੰਗੇ ਵਿਆਹ ਹੋਣ ਦੇ ਬਾਵਜੂਦ ਟੁੱਟ ਰਹੇ ਹਨ ਅਤੇ ਅਦਾਲਤਾਂ ਵਿੱਚ ਵਿਆਹਾਂ ਸਬੰਧੀ ਪਟੀਸ਼ਨਾਂ ਦੀ ਗਿਣਤੀ 14.65 ਫੀਸਦੀ ਹੈ ਜੋ ਕਿ ਦੇਸ਼ ਭਰ ਦੇ ਸੂਬਿਆਂ ਵਿੱਚ ਪਹਿਲੇ ਨੰਬਰ ’ਤੇ ਹੈ। ਇਹ ਮਹਿੰਗੇ ਵਿਆਹ ਪੰਜਾਬ ਦੀ ਮੱਧਵਰਗੀ ਕਿਸਾਨੀ ਦਾ ਸਭ ਤੋਂ ਵੱਧ ਨੁਕਸਾਨ ਕਰ ਰਹੇ ਹਨ ਕਿਉਂਕਿ ਪੰਜਾਬ ਦਾ ਕਿਸਾਨ ਵਰਗ ਮਜਬੂਰੀ ਵੱਸ ਇਸ ਨਵੇਂ ਜ਼ਮਾਨੇ ਦੇ ਮਹਿੰਗੇ ਵਿਆਹਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ ਤੇ ਇਨ੍ਹਾਂ ਵਿਆਹਾਂ ਦੇ ਖ਼ਰਚਿਆਂ ਕਰਕੇ ਹੀ ਕਰਜ਼ਈ ਹੋ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਜ਼ਮੀਨਾਂ ਵੇਚਣੀਆਂ ਪੈ ਰਹੀਆਂ ਹਨ।
ਅੱਜ ਦੇ ਦੌਰ ਵਿੱਚ ਪੰਜਾਬੀਆਂ ਨੂੰ ਇਨ੍ਹਾਂ ਮਹਿੰਗੇ ਵਿਆਹਾਂ ’ਚੋਂ ਨਿਕਲਣ ਦਾ ਕੋਈ ਰਾਹ ਨਹੀਂ ਦਿਸ ਰਿਹਾ। ਮੇਰੀ ਜਾਚੇ ਸਭ ਤੋਂ ਪਹਿਲਾਂ ਅਮੀਰ ਬੰਦਿਆਂ ਨੂੰ ਸਾਦੇ ਵਿਆਹਾਂ ਵੱਲ ਮੁੜਨਾ ਚਾਹੀਦਾ ਹੈ, ਦੂਜਾ ਜਿਵੇਂ ਲਹਿੰਦੇ ਪੰਜਾਬ ਦੇ ਵਿਆਹਾਂ ਵਿੱਚ ਖਾਣ-ਪੀਣ ਦੀਆਂ ਵੱਧ ਚੀਜ਼ਾਂ ਪਰੋਸਣ ’ਤੇ ਰੋਕ ਹੈ, ਉਵੇਂ ਹੀ ਸਾਡੇ ਪੰਜਾਬ ਵਿੱਚ ਵੀ ਸਰਕਾਰ ਨੂੰ ਅਜਿਹੇ ਨਿਯਮ ਲਾਗੂ ਕਰਨੇ ਚਾਹੀਦੇ ਹਨ ਤਾਂ ਕਿ ਸਾਦੇ ਵਿਆਹਾਂ ਦੀ ਰੀਤ ਮੁੜ ਤੋਂ ਚੱਲ ਸਕੇ ਅਤੇ ਵਿਆਹ ਪਵਿੱਤਰ ਭਾਵਨਾ ਨਾਲ ਕੀਤੇ ਜਾਣ ਨਾ ਕਿ ਦਿਖਾਵੇ ਦੇ ਵੱਡੇ ਸਾਧਨ ਵਜੋਂ।
ਸੰਪਰਕ: 98454-48201

Advertisement

Advertisement
Advertisement
Advertisement
Author Image

Balwinder Kaur

View all posts

Advertisement