ਵਾਹਨਾਂ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਭਲਕ ਤੋਂ
ਮੁਕੇਸ਼ ਕੁਮਾਰ
ਚੰਡੀਗੜ੍ਹ, 8 ਮਈ
ਚੰਡੀਗੜ੍ਹ ਪ੍ਰਸ਼ਾਸਨ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਵਾਹਨ ਰਜਿਸਟਰੇਸ਼ਨ ਦੀ ਸ਼ੁਰੂ ਹੋ ਰਹੀ ਨਵੀਂ ਲੜੀ ਸੀਐੱਚ 01 ਸੀ-ਜ਼ੈੱਡ ਤੇ ਪੁਰਾਣੀ ਲੜੀਆਂ ਦੇ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਈ-ਨਿਲਾਮੀ ਦੀ ਪ੍ਰਕਿਰਿਆ 10 ਮਈ ਤੋਂ ਸ਼ੁਰੂ ਹੋ ਰਹੀ ਹੈ। ਆਰਐੱਲਏ ਅਨੁਸਾਰ ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਪ੍ਰਕਿਰਿਆ 10 ਮਈ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਰਹੀ ਹੈ ਅਤੇ 17 ਮਈ ਨੂੰ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਰਜਿਸਟਰੇਸ਼ਨ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਨੰਬਰਾਂ ਦੀ ਇਨ੍ਹਾਂ ਨੰਬਰਾਂ ਦੀ ਈ-ਨਿਲਾਮੀ 18 ਮਈ ਨੂੰ ਸਵੇਰੇ 10 ਵਜੇ ਤੋਂ 20 ਮਈ ਨੂੰ ਸ਼ਾਮ 5 ਵਜੇ ਹੋਵੇਗੀ। ਨੰਬਰਾਂ ਦੀ ਨਿਲਾਮੀ ਤੋਂ ਬਾਅਦ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਹੀ ਨੰਬਰ ਅਲਾਟ ਕੀਤਾ ਜਾਵੇਗਾ। ਈ-ਨਿਲਾਮੀ ਵਿੱਚ ਓਹੀ ਵਾਹਨ ਮਾਲਕ ਹਿੱਸਾ ਲੈ ਸਕਣਗੇ, ਜਿਨ੍ਹਾਂ ਨੇ ਆਪਣੇ ਵਾਹਨ ਲਈ ਰਜਿਸਟਰੇਸ਼ਨ ਨੰਬਰ ਲੈਣ ਲਈ ਰਜਿਸਟਰੇਸ਼ਨ ਕੀਤੀ ਹੋਵੇਗੀ। ਈ-ਨਿਲਾਮੀ ਵਿੱਚ ਸ਼ਾਮਲ ਹੋਣ ਲਈ ਵਾਹਨ ਮਾਲਕ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਦਾ ਲਿੰਕ ਚੰਡੀਗੜ੍ਹ ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਵੀ ਉਪਲਬਧ ਹੈ। ਚੰਡੀਗੜ੍ਹ ਦੇ ਪਤੇ ’ਤੇ ਵਾਹਨ ਖ਼ਰੀਦਣ ਵਾਲੇ ਵਾਹਨ ਦੇ ਮਾਲਕ ਨੂੰ ਹੀ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਦਾ ਆਧਾਰ ਕਾਰਡ ਅਤੇ ਪਤੇ ਦਾ ਸਬੂਤ ਲਾਜ਼ਮੀ ਹੈ। ਈ-ਨਿਲਾਮੀ ਫੀਸ ਦੇ ਵੇਰਵੇ ਸਣੇ ਹਰ ਫੈਂਸੀ ਤੇ ਵਿਸ਼ੇਸ਼ ਨੰਬਰ ਲਈ ਰਾਖਵੀਂ ਕੀਮਤ ਦੀ ਸੂਚੀ, ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਅਤੇ ਨਿਯਮ ਤੇ ਸ਼ਰਤਾਂ ਚੰਡੀਗੜ੍ਹ ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹਨ।