ਵਾਲੰਟੀਅਰ ਅਧਿਆਪਕਾਂ ਨੂੰ ਪੱਕੇ ਕਰਨ ਦਾ ਰਾਹ ਖੁੱਲ੍ਹਿਆ

ਤਰਲੋਚਨ ਸਿੰਘ
ਚੰਡੀਗੜ੍ਹ, 8 ਅਕਤੂਬਰ
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਿਛਲੇ 10-12 ਸਾਲਾਂ ਤੋਂ ਵਿੱਤੀ ਸੋਸ਼ਣ ਦਾ ਸ਼ਿਕਾਰ ਵੱਖ ਵੱਖ ਤਰ੍ਹਾਂ ਦੇ 13,000 ਦੇ ਕਰੀਬ ਵਾਲੰਟੀਅਰ ਅਧਿਆਪਕ ਨੂੰ ਰੈਗੂਲਰ ਕਰਨ ਦਾ ਰਾਹ ਖੁੱਲ੍ਹਿਆ ਹੈ। ਇਹ ਅਧਿਆਪਕ 5000 ਤੋਂ ਲੈ ਕੇ 10,000 ਰੁਪਏ ਤੱਕ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਇਹ ਵਾਲੰਟੀਅਰ ਦੋ ਅਕਾਲੀ ਸਰਕਾਰਾਂ ਅਤੇ ਅੱਧੀ ਕਾਗਰਸ ਦੀ ਸਰਕਾਰ ਦਾ ਸੰਤਾਪ ਹੰਢਾ ਚੁੱਕੇ ਹਨ ਪਰ ਇਨ੍ਹਾਂ ਲਈ ਅੱਜ ਤਕ ਕੋਈ ਵੀ ਰੈਗੂਲਰ ਕਰਨ ਸਬੰਧੀ ਠੋਸ ਨੀਤੀ ਨਹੀਂ ਬਣ ਸਕੀ ਸੀ।
ਹਰ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਬੈਕ ਡੋਰ ਐਂਟਰੀ ਕਹਿ ਕੇ ਪੱਲਾ ਝਾੜ ਦਿੰਦੀ ਸੀ। ਹੁਣ ਪੰਜਾਬ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਹਨ। ਜਿਨ੍ਹਾਂ ਵਿਚ ਇਨ੍ਹਾਂ ਨੂੰ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਇਗਨੋ ਯੂਨੀਵਰਿਸਟੀ ਤੋਂ ਐੱਨਟੀਟੀ ਦਾ ਕੋਰਸ ਕਰਵਾ ਕੇ ਇਨ੍ਹਾਂ ਪੋਸਟਾਂ ਲਈ ਕੁਆਲੀਫਾਈਡ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਸਾਰੇ ਅਧਿਆਪਕ ਰੈਗੂਲਰ ਹੋ ਸਕਣ।
ਇਸ ਦੇ ਨਾਲ ਜੋ ਈਟੀਟੀ ਜਾਂ ਬੀਐੱਡ ਅਧਿਆਪਕ ਟੈਟ ਪਾਸ ਹਨ ਜਾਂ ਸਰਕਾਰ ਦੀ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਨੂੰ ਉਮਰ ਹੱਦ ਤੋ ਛੋਟ ਦੇ ਕੇ ਕੀਤੀ ਗਈ ਸੇਵਾ ਦਾ ਪ੍ਰਤੀ ਸਾਲ ਇੱਕ ਨੰਬਰ ਦੇ ਕੇ ਨਵੀਂ ਭਰਤੀ ’ਚ ਸ਼ਾਮਲ ਕਰਨ ਦੇ ਸੰਕੇਤ ਵੀ ਮਿਲੇ ਹਨ। ਡਾਇਰੈਕਟਰ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਨਰੇਨਿੰਗ (ਐੱਸਸੀਈਆਰਟੀ) ਨੇ ਇਗਨੋ ਯੂਨੀਵਰਿਸਟੀ ਦਿੱਲੀ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਵਿਚ ਤਾਇਨਾਤ 13,000 ਵਾਲੰਟੀਅਰਾਂ ਦੀ ਪ੍ਰਤਿਭਾ ਨੂੰ ਅਪਗਰੇਡ ਕਰਕੇ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਯੋਗ ਕਰਨਾ ਚਾਹੁੰਦੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਇਗਨੋ ਵੱਲੋਂ ਇਸ ਸਬੰਧੀ ਕਰਵਾਏ ਜਾਂਦੇ ਕੋਰਸ ਦੀ ਸ਼ੁਰੂ ਕਰਨ ਦੀ ਮਿੱਤੀ ਵਧਾਈ ਜਾਵੇ, ਤਾਂ ਜੋ ਪੰਜਾਬ ਦੇ ਵਲੰਟੀਅਰ ਨੂੰ ਵੀ ਇਹ ਕੋਰਸ ਕਰਨ ਦਾ ਮੌਕਾ ਮਿੱਲ ਸਕੇ।
ਇਸ ਵਰਗ ਦੇ ਇਕ ਆਗੂ ਨਿਸ਼ਾਂਤ ਕਪੂਰਥਲਾ ਨੇ ਦੱਸਿਆ ਹੈ ਕਿ ਲੰਮਾਂ ਸਮਾਂ ਸਿੱਖਿਆ ਵਿਭਾਗ ਨੂੰ ਦੇ ਚੁੱਕੇ ਅਧਿਆਪਕ ਆਪਣੀਆਂ ਉਮਰਾਂ ਦਾ ਵੱਡਾ ਹਿੱਸਾ ਲੰਘਾ ਚੁੱਕੇ ਹਨ ਅਤੇ ਉਹ ਕਿਸੇ ਪਾਸੇ ਦੇ ਨਹੀਂ ਰਹੇ ਹਨ। ਨਿਸ਼ਾਤ ਨੇ ਕਿਹਾ ਕਿ ਹੁਣ ਇਨ੍ਹਾਂ ਅਧਿਆਪਕਾਂ ਦੀ ਉਸ ਸਮੇਂ ਸੁਣੀ ਗਈ ਜਦੋਂ ਪੰਜਾਬ ’ਚ ਅਧਿਆਪਕ ਜਥੇਬੰਦੀਆਂ ਨੇ ਸਰਕਾਰੀ ਸਕੂਲ ਸਿੱਖਿਆ ਬਚਾਉ ਮੰਚ ਬਣਾ ਕੇ ਇਨ੍ਹਾਂ ਕੱਚੇ ਅਧਿਆਪਕਾਂ ਦੀ ਆਵਾਜ਼ ਬੁਲੰਦ ਕੀਤੀ ਸੀ।
ਜਿਸ ਤੋਂ ਬਾਅਦ ਇੱਹ ਅਧਿਆਪਕ ਸਰਕਾਰ ਦੀ ਨਜ਼ਰ ਸਵੱਲੀ ਹੋ ਗਈ ਹੈ ਅਤੇ ਸਰਕਾਰ ਪੱਕੇ ਕਰਨ ਦੇ ਰਾਹ ਪਈ ਹੈ, ਜਿਸ ਤਹਿਤ ਅਧਿਆਪਕਾਂ ਦੇ ਲਾਮਿਸਾਲ ਏਕੇ ਤੋਂ ਬਾਅਦ ਪਟਿਆਲਾ ਲਾਠੀਚਾਰਜ ਹੋਣ ਉਪਰੰਤ ਪਿਛਲੇ ਸਮੇਂ ਐੱਚਟੀ, ਸੀਐੱਚਟੀ ਦੀ ਹੋਈ ਭਰਤੀ ’ਚ ਇਨ੍ਹਾਂ ਅਧਿਆਪਕਾਂ ਨੂੰ ਵਿਚਾਰ ਕੇ ਐੱਚਟੀ, ਸੀਐੱਚ ਟੀ ਦੀਆਂ ਅਸਾਮੀਆਂ ’ਤੇ ਨਿਯੁਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਰੈਗੂਲਰ ਅਧਿਆਪਕ ਇਸ ਦੇ ਵਿਰੁੱਧ ਸਨ ਪਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਭਰਤੀ ਨੂੰ ਕੇਵਲ ਸਿਰੇ ਹੀ ਨਹੀਂ ਚਾੜ੍ਹਿਆ, ਸਗੋਂ ਵਿਭਾਗ ਵਿਚ ਰੁਲ ਰਹੇ 12,000 ਹੋਰ ਅਧਿਆਪਕ ਦਾ ਬੇੜਾ ਬੰਨ੍ਹੇ ਲਾਉਣ ਲਈ ਵੀ ਠੋਸ ਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਪੰਜਾਬ ’ਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿਚ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਇਗਨੋ ਯੂਨੀਵਰਸਟੀ ਦੀ ਐੱਨਟੀਟੀ ਦੀ ਮਿੱਤੀ ਲੰਘਣ ਦੇ ਬਾਵਜੂਦ ਪੰਜਾਬ ਸਰਕਾਰ ਇਸ ਯੂਨੀਵਰਸਟੀ ਕੋਲ ਉਚੇਰੀ ਪਹੁੰਚ ਕਰਕੇ ਦੋ ਵਾਰ ਤਰੀਕਾਂ ਵਿਚ ਵਾਧਾ ਕਰਵਾ ਚੁੱਕੀ ਹੈ ਤਾਂ ਜੋ ਕੋਈ ਵੀ ਅਧਿਆਪਕ ਐੱਨਟੀਟੀ ਦਾ ਕੋਰਸ ਕਰਨ ਤੋਂਰਹਿ ਨਾ ਜਾਵੇ।
ਉਨ੍ਹਾਂ ਦੱਸਿਆ ਕਿ ਹੁਣ ਇਗਨੋ ਯੂਨੀਵਰਸਿਟੀ ਵੱਲੋਂ ਐੱਨਟੀਟੀ ਦੀ ਆਖਰੀ ਮਿਤੀ 10 ਅਕਤੂਬਰ ਕਰ ਦਿੱਤੀ ਹੈ। ਉਨ੍ਹਾਂ ਸਮੂਹ ਵਾਲੰਟੀਅਰਜ਼ ਨੂੰ ਸਮੇਂ ਸਿਰ ਐੱਨਟੀਟੀ ਦੇ ਫਾਰਮ ਭਰਨ ਦੀ ਅਪੀਲ ਕੀਤੀ ਹੈ।

Tags :