ਹਰਦੀਪ ਸਿੰਘ ਸੋਢੀਧੂਰੀ, 7 ਜੂਨਧੂਰੀ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਕੁਝ ਦਿਨਾ ਦੌਰਾਨ ਕਰੀਬ ਅੱਧੀ ਦਰਜਨ ਤੋਂ ਵੱਧ ਹੋ ਰਹੀਆਂ ਚੋਰੀਆਂ ਕਾਰਨ ਮੁਹੱਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਮੁਹੱਲੇ ਦੇ ਕੌਂਸਲਰ ਐਡਵੋਕੇਟ ਰਾਜੀਵ ਚੌਧਰੀ ਨੇ ਦੱਸਿਆ ਕਿ ਲੰਘੀ ਰਾਤ ਜਗਦੀਸ਼ ਕੁਮਾਰ ਦੇ ਘਰ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਚੋਰ ਪੰਦਰਾਂ ਤੋਲੇ ਸੋਨਾ, ਇੱਕ ਕਿਲੋ ਚਾਂਦੀ, ਪੰਜਾਹ ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ, ਜਦੋਂ ਕਿ ਪਰਿਵਾਰ ਦੇ ਸਾਰੇ ਮੈਂਬਰ ਕਮਰੇ ਵਿੱਚ ਸੁੱਤੇ ਪਏ ਸਨ। ਇਸ ਤੋਂ ਪਹਿਲਾਂ ਸ਼ਰਮਾ ਐਕੋਪਰੇਸਰ, ਰਾਜੂ ਗਾਰਮੇਟਸ ਤੋਂ ਇਲਾਵਾ ਹੋਰ ਘਰਾਂ ਵਿੱਚ ਚੋਰੀਆਂ ਹੋ ਰਹੀਆਂ ਹਨ, ਜਿਸ ਕਾਰਨ ਮੁਹੱਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰੀਆਂ ਨੂੰ ਸਖਤੀ ਨਾਲ ਰੋਕਿਆ ਜਾਵੇ ਤੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਧੂਰੀ ਦੇ ਐੱਸਐੱਚਓ ਸਤਵੀਰ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਫੜਨ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਵਿੱਚ ਲੱਗੇ ਕੈਮਰਿਆਂ ਦੀ ਮਦਦ ਲਈ ਜਾਵੇਗੀ ਤੇ ਰਾਤ ਨੂੰ ਪੁਲੀਸ ਦੀ ਗਸ਼ਤ ਤੇਜ਼ ਕੀਤੀ ਜਾਵੇਗੀ।