ਵਾਧੂ ਚਾਰਜ ਵਾਲੇ ਅਧਿਕਾਰੀਆਂ ਸਹਾਰੇ ਚੱਲ ਰਹੀ ਹੈ ਬਨੂੜ ਨਗਰ ਕੌਂਸਲ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਫਰਵਰੀ
ਨਗਰ ਕੌਂਸਲ ਬਨੂੜ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਪਗ ਸਾਰੇ ਉੱਚ ਅਧਿਕਾਰੀਆਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਕੌਂਸਲ ਵਾਧੂ ਚਾਰਜ ਵਾਲੇ ਅਧਿਕਾਰੀਆਂ ਦੇ ਸਹਾਰੇ ਚੱਲ ਰਹੀ ਹੈ। ਇਨ੍ਹਾਂ ਅਧਿਕਾਰੀਆਂ ਕੋਲ ਆਪੋ-ਆਪਣੀਆਂ ਕੌਂਸਲਾਂ ਦਾ ਕੰਮ ਜ਼ਿਆਦਾ ਹੋਣ ਕਾਰਨ ਬਨੂੜ ਘੱਟ-ਵੱਧ ਹੀ ਦਸਤਕ ਦਿੰਦੇ ਹਨ। ਇਸ ਤਰ੍ਹਾਂ ਬਨੂੜ ਕੌਂਸਲ ਵੱਲੋਂ ਸ਼ਹਿਰ ਵਿਚ ਕਰਾਏ ਜਾਣ ਵਾਲੇ ਸਾਰੇ ਵਿਕਾਸ ਕੰਮ ਠੱਪ ਪਏ ਹਨ। ਰੋਜ਼ਮਰ੍ਹਾ ਦੇ ਕੰਮਾਂ ਲਈ ਕੌਂਸਲ ਦਫ਼ਤਰ ਆਉਣ ਵਾਲੇ ਲੋਕੀ ਕਾਫ਼ੀ ਪ੍ਰੇਸ਼ਾਨ ਹਨ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਬਨੂੜ ਵਿਖੇ ਕਈ ਮਹੀਨੇ ਤੋਂ ਕਾਰਜ ਸਾਧਕ ਅਫ਼ਸਰ ਦੀ ਤਾਇਨਾਤੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਮਿਉਂਸਿਪਲ ਇੰਜਨੀਅਰ, ਸਹਾਇਕ ਮਿਉਂਸਿਪਲ ਇੰਜਨੀਅਰ, ਜੇਈ, ਬਿਲਡਿੰਗ ਇੰਸਪੈਕਟਰ ਅਤੇ ਡਰਾਫਟਸਮੈਨ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਸਾਰੀਆਂ ਖਾਲੀ ਆਸਾਮੀਆਂ ਦਾ ਵਾਧੂ ਚਾਰਜ ਰਾਜਪੁਰਾ, ਲਾਲੜੂ ਅਤੇ ਡੇਰਾਬੱਸੀ ਦੇ ਅਧਿਕਾਰੀਆਂ ਨੂੰ ਦਿੱਤਾ ਹੋਇਆ ਹੈ। ਉਨ੍ਹਾਂ ਵਿੱਚੋਂ ਕਈਆਂ ਕੋਲ ਹੋਰ ਕੌਂਸਲਾਂ ਦੇ ਵੀ ਚਾਰਜ ਹਨ।
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਬਨੂੜ ਕੌਂਸਲ ਵਿੱਚ ਪੱਕੇ ਤੌਰ ’ਤੇ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਇਸ ਪੱਤਰ ਦੀਆਂ ਕਾਪੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੀਆਂ ਹਨ। ਕੌਂਸਲ ਪ੍ਰਧਾਨ ਨੇ ਸੰਪਰਕ ਕਰਨ ਉੱਤੇ ਪੱਤਰ ਲਿਖਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪੱਕੇ ਅਧਿਕਾਰੀ ਨਾ ਹੋਣ ਕਾਰਨ ਰਾਸ਼ੀ ਹੋਣ ਦੇ ਬਾਵਜੂਦ ਸ਼ਹਿਰ ਦਾ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੌਂਸਲ ਦੀ ਮੀਟਿੰਗ ਹੋਈ ਨੂੰ ਵੀ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਲੋਕਾਂ ਦੇ ਕੰਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਯਕੀਨੀ ਬਣਾਈ ਜਾਵੇ।
ਕੌਂਸਲ ਦੇ ਮੀਤ ਪ੍ਰਧਾਨ ਦੀ ਤਿੰਨ ਸਾਲਾਂ ਤੋਂ ਨਹੀਂ ਹੋਈ ਚੋਣ
ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਹਰ ਵਰ੍ਹੇ ਕਰਾਈ ਜਾਂਦੀ ਹੈ ਪਰ ਬਨੂੜ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ 22-4-2022 ਤੋਂ ਰਾਖਵੀਂ ਹੈ। ਤਿੰਨ ਸਾਲਾਂ ਤੋਂ ਮੀਤ ਪ੍ਰਧਾਨ ਦੀ ਚੋਣ ਹੀ ਨਹੀਂ ਕਰਾਈ ਗਈ। ਕੌਂਸਲ ਵੱਲੋਂ ਪ੍ਰਸ਼ਾਸਨ ਨੂੰ ਪੱਤਰ ਲਿਖੇ ਜਾਣ ਦੇ ਬਾਵਜੂਦ ਮੀਤ ਪ੍ਰਧਾਨ ਦੀ ਚੋਣ ਨਹੀਂ ਹੋਈ। ਚੋਣ ਨਾ ਕਰਾਏ ਜਾਣ ਦਾ ਕਾਰਨ ਹੁਕਮਰਾਨ ਆਮ ਆਦਮੀ ਪਾਰਟੀ ਕੋਲ ਬਨੂੜ ਕੌਂਸਲ ਵਿੱਚ ਬਹੁਮਤ ਨਾ ਹੋਣਾ ਦੱਸਿਆ ਜਾ ਹੈ, ਕਿਉਂਕਿ 13 ਮੈਂਬਰੀ ਨਗਰ ਕੌਂਸਲ ਬਨੂੜ ਵਿਚ ਨੌਂ ਕੌਂਸਲਰ ਕਾਂਗਰਸ, ਦੋ ਕੌਂਸਲਰ ਆਮ ਆਦਮੀ ਪਾਰਟੀ ਦੇ, ਇੱਕ ਕੌਂਸਲਰ ਅਕਾਲੀ ਦਲ ਅਤੇ ਇੱਕ ਕੌਂਸਲਰ ਦੀ ਮੌਤ ਹੋਣ ਕਾਰਨ ਸੀਟ ਖਾਲੀ ਪਈ ਹੈ।