ਵਾਤਾਵਰਨ ਸਿੱਖਿਆ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਸਬੰਧੀ ਵਰਕਸ਼ਾਪ
ਪੱਤਰ ਪ੍ਰੇਰਕ
ਸਮਰਾਲਾ, 2 ਫਰਵਰੀ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਵਾਤਾਵਰਨ ਸਿੱਖਿਆ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ (ਪੀਆਰਪੀ) ਸਬੰਧੀ ਇੱਕ ਦਿਨਾਂ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਸਿੱਖਿਆ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਯੂਨੀਸਨ ਵਰਲਡ ਸਕੂਲ ਦੇਹਰਾਦੂਨ ਦੇ ਪ੍ਰਿੰਸੀਪਲ ਵੀਨਾ ਸਿੰਘ ਅਤੇ ਐਚ.ਵੀ.ਐਮ . ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਇਸ ਇੱਕ ਦਿਨਾਂ ਸੀਬੀਐੱਸਈ ਪ੍ਰੋਗਰਾਮ ਦੀ ਨੁਮਾਇੰਦਗੀ ਕੀਤੀ। ਮਹਿਮਾਨਾਂ ਨੂੰ ਸਵਾਗਤ ਕਾਰਡ ਅਤੇ ਬੂਟੇ ਦੇ ਕੇ ਸਵਾਗਤ ਕੀਤਾ ਗਿਆ। ਸੈਸ਼ਨ ਦੀ ਸ਼ੁਰੂਆਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਕੂਲੀ ਪਾਠਕ੍ਰਮ ਵਿੱਚ ਵਾਤਾਵਰਨ ਦੀ ਸਿੱਖਿਆ ਨੂੰ ਸ਼ਾਮਿਲ ਕਰਨ ਬਾਰੇ ਜਾਗਰੂਕਤਾ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਵਿੱਚ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਗਰੁੱਪ ਚਰਚਾ, ਕੁਇੱਜ਼ ਤੇ ਖੇਡਾਂ ਵਰਗੇ ਇੰਟਰੈਕਟਿਵ ਸੈਸ਼ਨ ਵੀ ਸ਼ਾਮਲ ਸਨ। ਦੂਜੇ ਸੈਸ਼ਨ ਵਿੱਚ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਵਿੱਚ ਚੁਣੌਤੀਆਂ ਅਤੇ ਮੌਕਿਆਂ ਬਾਰੇ ਚਰਚਾ ਕੀਤੀ ਗਈ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਵਰਕਸ਼ਾਪ ਵਿੱਚ ਵੱਖ-ਵੱਖ ਸਕੂਲਾਂ ਦੇ 52 ਅਧਿਆਪਕਾਂ ਨੇ ਹਿੱਸਾ ਲਿਆ। ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਅਧਿਆਪਕਾਂ ਨੇ ਇਸ ਜਾਣਕਾਰੀ ਭਰਪੂਰ ਇੰਟਰੈਕਟਿਵ ਸੈਸ਼ਨ ਦੀ ਸਲਾਘਾ ਕੀਤੀ ਅਤੇ ਵਾਤਾਵਰਨ ਸਿੱਖਿਆ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬਧਤਾ ਪ੍ਰਗਟਾਈ। ਅੰਤ ਵਿੱਚ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਰਿਸੋਰਸ ਪਰਸਨ ਅਤੇ ਹਿੱਸਾ ਲੈਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਾਤਾਵਰਨ ਸਿੱਖਿਆ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰਨ ਯਤਨਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।