For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਸ਼ੁੱਧਤਾ ਵਿੱਚ ਰੁੱਖਾਂ ਦਾ ਯੋਗਦਾਨ

04:36 AM Jul 05, 2025 IST
ਵਾਤਾਵਰਨ ਸ਼ੁੱਧਤਾ ਵਿੱਚ ਰੁੱਖਾਂ ਦਾ ਯੋਗਦਾਨ
Advertisement
ਦਲਜੀਤ ਰਾਏ ਕਾਲੀਆ
Advertisement

ਹਰ ਸਾਲ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਦੇ ਢੁਕਵੇਂ ਹੱਲ ਅਤੇ ਸਮਾਜ ਵਿੱਚ ਜਾਗਰੂਕਤਾ ਵਧਾਉਣ ਲਈ ਰਸਮੀ ਤੌਰ ’ਤੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਵਾਤਾਵਰਨ ਨੂੰ ਸੰਤੁਲਤ ਰੱਖਣ ਵਿੱਚ ਰੁੱਖਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਸਾਉਣ-ਭਾਦੋਂ (ਜੁਲਾਈ-ਅਗਸਤ) ਦੇ ਮਹੀਨੇ ਰੁੱਖ ਲਗਾਉਣ ਲਈ ਬਹੁਤ ਅਨੁਕੂਲ ਹੁੰਦੇ ਹਨ ਅਤੇ ਇਨ੍ਹਾਂ ਮਹੀਨਿਆਂ ਦੌਰਾਨ ਰੁੱਖ ਲਗਾਉਣ ਦਾ ਪ੍ਰਚਾਰ ਵੀ ਵੱਡੀ ਪੱਧਰ ’ਤੇ ਕੀਤਾ ਜਾਂਦਾ ਹੈ। ਸਰਕਾਰਾਂ ਵੀ ਵਣ ਮਹਾਂਉਤਸਵ ਦੇ ਪ੍ਰੋਗਰਾਮ ਕਰਵਾਉਂਦੀਆਂ ਹਨ। ਕਈ ਸਮਾਜਿਕ ਸੰਸਥਾਵਾਂ ਅਤੇ ਅਦਾਰਿਆਂ ਵੀ ਹਰਿਆਵਲ ਲਹਿਰਾਂ ਦੇ ਨਾਂ ’ਤੇ ਵੱਡੇ ਉੱਦਮ ਕਰਦੇ ਹਨ। ਛੋਟੇ ਵੱਡੇ ਅਦਾਰੇ, ਬੈਂਕਾਂ, ਸਕੂਲ, ਕਾਲਜ, ਖੇਡ ਕਲੱਬਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵੱਡੇ ਪੱਧਰ ’ਤੇ ਰੁੱਖ ਲਾਉਣ ਬਾਰੇ ਖ਼ਬਰਾਂ ਪ੍ਰਕਾਸ਼ਿਤ ਕਰਵਾਉਂਦੇ ਹਨ। ਜੇ ਇਸ ਪ੍ਰਕਾਰ ਰੁੱਖ ਲਗਾਏ ਗਏ ਹੁੰਦੇ ਤਾਂ ਹੁਣ ਨੂੰ ਸਾਰਾ ਪੰਜਾਬ ਹਰਿਆ ਭਰਿਆ ਹੋਣਾ ਸੀ ਪਰ ਹਾਲਤ ਇਸ ਦੇ ਉਲਟ ਹੈ।

Advertisement
Advertisement

ਜੇ ਬੀਤੇ ਸਮਿਆਂ ਦੇ ਝਾਤ ਮਾਰੀਏ ਤਾਂ ਹਰ ਪਿੰਡ ਕਸਬੇ ਵਿੱਚ ਝਿੜੀਆਂ ਹੁੰਦੀਆਂ ਸਨ। ਪਿੰਡਾਂ ਵਿੱਚ ਚਰਾਂਦਾਂ ਵੀ ਹੁੰਦੀਆਂ ਸਨ, ਉਨ੍ਹਾਂ ਵਿੱਚ ਵੀ ਰੁੱਖ ਲੱਗੇ ਹੁੰਦੇ ਸਨ। ਰੁੱਖਾਂ ਦੇ ਝੁੰਡਾਂ ਵਿੱਚ ਸਾਉਣ ਮਹੀਨੇ ਮੋਰ ਕੂਕਦੇ ਅਤੇ ਪੈਲਾਂ ਪਾਉਂਦੇ ਸਨ, ਜਿਸ ਨਾਲ ਬੜਾ ਮਨਮੋਹਕ ਨਜ਼ਾਰਾ ਬੱਝਦਾ ਸੀ। ਹੋਰ ਪੰਛੀ ਚਹਿ-ਚਹਾਉਂਦੇ ਸਨ।

ਕੁਝ ਕਲੱਬਾਂ ਅਤੇ ਸੰਸਥਾਵਾਂ ਵੱਲੋਂ ਭਾਵੇਂ ਸਾਰਥਕ ਯਤਨ ਵੀ ਕੀਤੇ ਜਾਂਦੇ ਹਨ, ਪਰ ਵਧੇਰੇ ਸੰਸਥਾਵਾਂ ਵਾਹ-ਵਾਹ ਖੱਟਣ ਤੱਕ ਸੀਮਤ ਰਹਿੰਦੀਆਂ ਹਨ। ਕੇਵਲ ਰੁੱਖ ਲਗਾਉਂਦਿਆਂ ਦੀ ਫੋਟੋ ਸੋਸ਼ਲ ਜਾਂ ਪ੍ਰਿੰਟ ਮੀਡੀਆ ’ਤੇ ਆ ਜਾਣ ਨਾਲ ਹੀ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਸਾਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੇ ਪਾਲਣ ਲਈ ਸੁਹਿਰਦਤਾ ਨਾਲ ਯਤਨ ਕਰਨੇ ਪੈਣਗੇ, ਫਿਰ ਹੀ ਕੋਈ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਰੇਲਵੇ ਪਟੜੀਆਂ, ਸੜਕਾਂ ਦੇ ਕਿਨਾਰੇ, ਨਹਿਰਾਂ ਦੇ ਕੰਢਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾ ਸਕਦੇ ਹਨ। ਸਰਕਾਰ ਦੇ ਅਦਾਰਿਆਂ, ਸਕੂਲਾਂ, ਹਸਪਤਾਲਾਂ, ਕਾਲਜਾਂ, ਵਿਕਾਸ ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ਅਤੇ ਹੋਰ ਦਫ਼ਤਰਾਂ ਵਿੱਚ ਕਿਸੇ ਸਮੇਂ ਸਰਕਾਰਾਂ ਵੱਲੋਂ ਮਾਲੀ ਰੱਖੇ ਜਾਂਦੇ ਸਨ, ਜਿਨ੍ਹਾਂ ਦਾ ਕੰਮ ਉੱਥੇ ਫੁੱਲ, ਬੂਟੇ, ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਹੁੰਦਾ ਸੀ। ਉਸ ਦੀ ਜਵਾਬਦੇਹੀ ਬਣਦੀ ਸੀ। ਸਰਕਾਰੀ ਦਫਤਰਾਂ ਦੇ ਵਿਹੜੇ ਮਹਿਕਾਂ ਨਾਲ ਮਹਿਕਦੇ ਸਨ। ਦਫ਼ਤਰਾਂ ਵਿਚ ਕੰਮਕਾਰਾਂ ਲਈ ਆਉਣ ਵਾਲੇ ਲੋਕ ਰੁੱਖਾਂ ਹੇਠ ਬੈਠ ਕੇ ਆਪਣਾ ਸਮਾਂ ਪਾਸ ਕਰ ਲੈਂਦੇ ਸਨ ਪਰ ਸਰਕਾਰਾਂ ਹੁਣ ਰੁੱਖਾਂ ਲਾਉਣ ਵੱਲ ਧਿਆਨ ਹੀ ਨਹੀਂ ਦੇ ਰਹੀਆਂ। ਮਾਲੀਆਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ।

ਰੁੱਖਾਂ ਅਤੇ ਮਨੁੱਖਾਂ ਦਾ ਆਪਸੀ ਰਿਸ਼ਤਾ ਅਟੁੱਟ ਹੈ। ਰੁੱਖ ਦੀ ਮਨੁੱਖ ਨਾਲ ਸਾਂਝ ਜੰਮਣ ਤੋਂ ਲੈ ਕੇ ਅੰਤਿਮ ਸਮੇਂ ਤੱਕ ਬਣੀ ਰਹਿੰਦੀ ਹੈ। ਪੁਰਾਣੇ ਸਮੇਂ ਵਿੱਚ ਲੱਕੜ ਦਾ ਗਡੀਰਾ ਬੱਚੇ ਨੂੰ ਤੁਰਨ ਦੀ ਜਾਚ ਸਿਖਾਉਂਦਾ ਸੀ, ਅੱਜ ਕੱਲ੍ਹ ਭਾਵੇਂ ਆਧੁਨਿਕ ਖਿਡਾਉਣੇ ਆ ਗਏ ਹਨ। ਵਿਆਹ ਸ਼ਾਦੀ ਦੀਆਂ ਰਸਮਾਂ ਸਮੇਂ ਵੀ ਬੇਰੀ ਦੀਆਂ ਲੱਕੜਾਂ ਦਾ ਹਵਨ ਕਰਵਾਇਆ ਜਾਂਦਾ ਸੀ। ਮਨੁੱਖ ਦਾ ਅੰਤਿਮ ਸੰਸਕਾਰ ਵੀ ਰੁੱਖਾਂ ਦੀਆਂ ਲੱਕੜਾਂ ਨਾਲ ਹੀ ਕੀਤਾ ਜਾਂਦਾ ਸੀ/ਹੈ; ਅੱਜ ਕੱਲ੍ਹ ਭਾਵੇਂ ਅੰਤਿਮ ਸੰਸਕਾਰ ਲਈ ਬਿਜਲਈ ਭੱਠੀਆਂ ਦੀ ਵਰਤੋਂ ਵੀ ਹੋਣ ਲੱਗ ਪਈ ਹੈ। ਘਰਾਂ ਦੀ ਉਸਾਰੀ ਵਿੱਚ ਵੀ ਕਾਲਬ ਬਣਾਉਣ ਅਤੇ ਹੋਰ ਕਈ ਥਾਈਂ ਲਈ ਲੱਕੜੀ ਦਾ ਸਾਜ਼ੋ-ਸਮਾਨ ਵਰਤਿਆ ਜਾਂਦਾ ਹੈ। ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਲੱਕੜ ਦਰਵਾਜ਼ੇ, ਅਲਮਾਰੀਆਂ, ਬਾਰੀਆਂ ਬਣਾਉਣ ਲਈ ਵਰਤੀ ਜਾਂਦੀ ਹੈ। ਭੋਜਨ ਬਣਾਉਣ ਲਈ ਕਿਸੇ ਸਮੇਂ ਘਰਾਂ ਵਿੱਚ ਰੁੱਖਾਂ ਦੀ ਲੱਕੜੀ ਬਾਲਣ ਵਜੋਂ ਵਰਤੀ ਜਾਂਦੀ ਸੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ ਰੁਝਾਨ ਅਜੇ ਵੀ ਜਾਰੀ ਹੈ।

ਰੁੱਖਾਂ ਤੋਂ ਹੀ ਸਾਨੂੰ ਕਈ ਪ੍ਰਕਾਰ ਦੇ ਫਲ ਅਤੇ ਅਚਾਰ ਮੁਰੱਬੇ ਬਣਾਉਣ ਲਈ ਵਸਤਾਂ ਮਿਲਦੀਆਂ ਹਨ। ਰੁੱਖ ਸਾਡੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਦਾ ਵਿਸ਼ੇਸ਼ ਕਾਰਜ ਕਰਦੇ ਹਨ। ਰੁੱਖਾਂ ਤੋਂ ਸਾਨੂੰ ਮੁਫਤ ਆਕਸੀਜਨ ਮਿਲਦੀ ਹੈ। ਕਰੋਨਾ ਕਾਲ ਵਿੱਚ ਆਕਸੀਜਨ ਦੇ ਸਿਲੰਡਰਾਂ ਦੀ ਘਾਟ ਕਾਰਨ ਹੀ ਵੱਡੀ ਗਿਣਤੀ ਵਿੱਚ ਮਨੁੱਖਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ ਅਤੇ ਮਰੀਜ਼ਾਂ ਦੇ ਵਾਰਸ ਕਿਸੇ ਵੀ ਕੀਮਤ ’ਤੇ ਆਕਸੀਜਨ ਦੇ ਸਿਲੰਡਰ ਲੈਣ ਲਈ ਹੱਥ ਪੈਰ ਮਾਰਦੇ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਮਨੁੱਖ ਦੇ ਰਹਿਣ ਸਥਾਨ ’ਤੇ ਦਸ ਰੁੱਖ ਲੱਗੇ ਹੋਣ ਤਾਂ ਉਸ ਦੀ ਉਮਰ ਸੱਤ ਸਾਲ ਵਧ ਜਾਂਦੀ ਹੈ। ਮਾਹਿਰਾਂ ਅਨੁਸਾਰ ਇੱਕ ਦਰੱਖਤ ਸਾਲਾਨਾ 20 ਟਨ ਜ਼ਹਿਰੀਲੀਆਂ ਗੈਸਾਂ ਹਜ਼ਮ ਕਰ ਲੈਂਦਾ ਹੈ।

ਸੜਕਾਂ ਨੂੰ ਚਾਰ ਜਾਂ ਛੇ ਮਾਰਗੀ ਬਣਾਉਣ ਸਮੇਂ ਸੜਕਾਂ ਦੇ ਆਸ-ਪਾਸ ਖੜ੍ਹੇ ਰੁੱਖਾਂ ਦਾ ਵੱਡੀ ਪੱਧਰ ’ਤੇ ਵਢਾਂਗਾ ਹੋਇਆ। ਸਦੀਆਂ ਪੁਰਾਣੇ ਰੁੱਖ ਕਾਰਪੋਰੇਟ ਜਗਤ ਵੱਲੋਂ ਕੁਝ ਸਮੇਂ ਵਿੱਚ ਹੀ ਖਤਮ ਕਰ ਦਿੱਤੇ ਗਏ ਹਨ ਜਿਨ੍ਹਾਂ ਦੀ ਭਰਪਾਈ ਕਦੇ ਵੀ ਨਹੀਂ ਹੋ ਸਕੇਗੀ। ਵੱਖ-ਵੱਖ ਸਰਕਾਰੀ ਦਫਤਰਾਂ, ਨਹਿਰਾਂ ਦੇ ਕੰਢਿਆਂ ਤੋਂ ਵੀ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਨਾਲ ਰੁੱਖਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਜਾਂਦਾ ਹੈ ਜਾਂ ਚੁੱਪ-ਚਪੀਤੇ ਰਾਤੋ-ਰਾਤ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਕਿਸੇ ਸਮੇਂ 1970 ਦੇ ਦਹਾਕੇ ਦੌਰਾਨ ਵਰਤਮਾਨ ਉੱਤਰਾਖੰਡ ਰਾਜ (ਪੁਰਾਣਾ ਨਾਂ ਉਤਰਾਂਚਲ) ਵਿੱਚ ਚਿਪਕੋ ਨਾਂ ਦਾ ਜ਼ਮੀਨੀ ਪੱਧਰ ਦਾ ਵਾਤਾਵਰਨ ਅੰਦੋਲਨ ਸ਼ੁਰੂ ਹੋਇਆ ਸੀ। ਸਥਾਨਕ ਭਾਸ਼ਾ ਵਿੱਚ ਚਿਪਕੋ ਦਾ ਅਰਥ ਹੈ ਗਲੇ ਲਗਾਉਣਾ ਜਾਂ ਚੰਬੜਨਾ। ਜਦੋਂ ਠੇਕੇਦਾਰਾਂ ਦੇ ਕਰਿੰਦੇ ਰੁੱਖ ਕੱਟਣ ਆਉਂਦੇ ਸਨ ਤਾਂ ਸਥਾਨਕ ਲੋਕ ਰੁੱਖਾਂ ਨਾਲ ਚੁੰਬੜ ਜਾਂਦੇ ਸਨ ਅਤੇ ਰੁੱਖ ਕੱਟਣ ਗਏ ਕਾਮਿਆਂ ਨੂੰ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਸੀ। ਇਸ ਅੰਦੋਲਨ ਦੇ ਉੱਘੇ ਨੇਤਾ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਸਨ ਅਤੇ ਉਨ੍ਹਾਂ ਦੇਸ਼ ਵਿੱਚ ਲੰਮੀ ਪੈਦਲ ਯਾਤਰਾ ਵੀ ਕੀਤੀ ਸੀ। ਇਸ ਅੰਦੋਲਨ ਦੇ ਨਤੀਜੇ ਵਜੋਂ ਸਰਕਾਰ ਨੇ ਕਈ ਜੰਗਲਾਂ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਵਰਤਮਾਨ ਸਮੇਂ ਦੌਰਾਨ ਅਜਿਹੀ ਲੋਕ ਲਹਿਰ ਵੱਡੀ ਪੱਧਰ ’ਤੇ ਉਸਾਰਨ ਦੀ ਬਹੁਤ ਜ਼ਿਆਦਾ ਲੋੜ ਹੈ।

ਦੇਸ਼ ਵਿੱਚ ਅਖੌਤੀ ਆਰਥਿਕ ਸੁਧਾਰਾਂ ਦੇ ਸ਼ੁਰੂ ਹੋਣ ਨਾਲ ਵਾਤਾਵਰਨ ਦੀ ਬਰਬਾਦੀ ਦੀ ਰਫਤਾਰ ਤੇਜ਼ ਹੋਈ ਹੈ ਅਤੇ ਵੱਡੇ ਪੱਧਰ ’ਤੇ ਜੰਗਲਾਂ ਨੂੰ ਬਰਬਾਦ ਕੀਤਾ ਗਿਆ ਹੈ। ਜੰਗਲਾਂ ਦੀ ਕਟਾਈ ਨਾਲ ਆਲਮੀ ਤਪਸ਼ ਲਗਾਤਾਰ ਵਧ ਰਹੀ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮ ਵਿੱਚ ਵਾਪਰ ਰਹੀਆਂ ਤਬਦੀਲੀਆਂ ਕਾਰਨ 2050 ਤੱਕ ਗਰਮੀਆਂ ਦੇ ਤਾਪਮਾਨ ਵਿੱਚ 3.2 ਡਿਗਰੀ ਦਾ ਵਾਧਾ ਹੋ ਜਾਵੇਗਾ।

ਕਿਸੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਹਰ ਖੂਹ ਦੇ ਉੱਤੇ ਪੰਜ ਚਾਰ ਰੁੱਖ ਆਮ ਲੱਗੇ ਹੁੰਦੇ ਸਨ। ਫਿਰ ਟਿਊਬਵੈੱਲਾਂ ਦਾ ਯੁੱਗ ਆਇਆ। ਉਸ ਸਮੇਂ ਵੀ ਟਿਊਬਵੈੱਲਾਂ ਵਾਲੀ ਥਾਂ ’ਤੇ ਦੋ-ਚਾਰ ਰੁੱਖ ਲੱਗੇ ਮਿਲ ਜਾਂਦੇ ਸਨ ਪਰ ਹੁਣ ਖੇਤਾਂ ਵਿੱਚ ਦੂਰ-ਦੂਰ ਤੱਕ ਮੁਸ਼ਕਿਲ ਨਾਲ ਹੀ ਕੋਈ ਰੁੱਖ ਦਿਖਾਈ ਦੇਵੇਗਾ। ਹੋਰ ਖੇਤਰਾਂ ਵਾਂਗ ਹੁਣ ਖੇਤੀ ਵੀ ਧੰਦਾ ਬਣ ਗਈ ਹੈ। ਪੁਰਾਣੇ ਸਮਿਆਂ ਵਿੱਚ ਕਿਸਾਨ ਪੰਛੀਆਂ ਜਨੌਰਾਂ ਦੇ ਨਾਂ ’ਤੇ, ਰਾਹੀ ਪਾਂਧੀ ਦੇ ਨਾਂ ’ਤੇ ਖੇਤਾਂ ਵਿੱਚ ਛੱਟਾ ਦਿੰਦੇ ਹੁੰਦੇ ਸਨ। ਖੇਤ ਦੇ ਇੱਕ ਨੁਕਰੇ ਬੋਦੀ ਛੱਡਦੇ ਹੁੰਦੇ ਸਨ, ਜਿਸ ਨੂੰ ਪਿੰਡ ਦਾ ਕੋਈ ਵੀ ਲੋੜਵੰਦ ਲਿਜਾ ਸਕਦਾ ਸੀ। ਇਸੇ ਪ੍ਰਕਾਰ ਉਪਜ ਘਰ ਆਉਣ ’ਤੇ ਰੀੜੀ ਦੇਣ ਦਾ ਰਿਵਾਜ ਵੀ ਸੀ ਪਰ ਸਮੇਂ ਦਾ ਪਹੀਆ ਘੁੰਮਿਆ, ਹੁਣ ਕਈ ਕਿਸਾਨਾਂ ਵੱਲੋਂ ਲਾਲਚ ਵੱਸ ਸਰਕਾਰੀ ਰਾਹਾਂ, ਸੇਮ ਨਾਲਿਆਂ ਨੂੰ ਰੋਕ ਕੇ ਇਸ ਜਗ੍ਹਾ ਉੱਪਰ ਖੇਤੀ ਕੀਤੀ ਜਾਂਦੀ ਹੈ। ਸਿਤਮ ਦੀ ਗੱਲ ਇਹ ਹੈ ਕਿ ਹਾੜ੍ਹੀ ਅਤੇ ਸਾਉਣੀ ਦੀ ਫਸਲ ਆਉਣ ਤੋਂ ਬਾਅਦ ਕਿਸਾਨਾਂ ਵੱਲੋਂ ਖੇਤਾਂ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਖੇਤਾਂ ਨੂੰ ਅੱਗ ਲਗਾਉਣ ਨਾਲ ਸੜਕਾਂ, ਰਾਹਾਂ, ਪਹਿਆਂ, ਨਹਿਰਾਂ ਦੁਆਲੇ ਖੜ੍ਹੇ ਰੁੱਖ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਜਾਂਦੇ ਹਨ ਅਤੇ ਉਨ੍ਹਾਂ ਉੱਤੇ ਜਿਨ੍ਹਾਂ ਪੰਛੀਆਂ ਦੇ ਆਲ੍ਹਣੇ ਬਣਾਏ ਹੁੰਦੇ ਹਨ, ਉਹ ਪੰਛੀ ਆਪਣੇ ਬੋਟਾਂ ਸਮੇਤ ਸੜ-ਭੁੱਜ ਜਾਂਦੇ ਹਨ। ਦੂਜੇ ਪਾਸੇ, ਖੇਤਾਂ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ।

ਸਾਡੇ ਗੁਰੂਆਂ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਉਪਦੇਸ਼ ਦਿੱਤਾ ਸੀ, ਪਰ ਅਸੀਂ ਆਪਣੇ ਸਵਾਰਥ ਵਾਸਤੇ ਉਸ ਨੂੰ ਵੀ ਵਿਸਾਰ ਛੱਡਿਆ ਹੈ। ਜੇ ਸਰਕਾਰੀ ਅਮਲਾ-ਫੈਲਾ ਆਪਣੀ ਡਿਊਟੀ ਪੂਰੀ ਕਰਨ ਲਈ ਅੱਗ ਲਗਾਉਣ ਤੋਂ ਰੋਕਣ ਲਈ ਆਵੇ ਤਾਂ ਅਸੀਂ ਉਸ ਨੂੰ ਬੰਦੀ ਬਣਾਉਣ ਤੋਂ ਵੀ ਨਹੀਂ ਝਿਜਕਦੇ। ਖੇਤਾਂ ਨੂੰ ਲਗਾਈ ਅੱਗ ਨਾਲ ਕਈ ਵਾਰ ਰਾਹਗੀਰਾਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।

ਵਾਤਾਵਰਨ ਦੇ ਮਾਹਿਰਾਂ ਅਨੁਸਾਰ ਸਾਵੀਂ ਪੱਧਰੀ ਜਿ਼ੰਦਗੀ ਲਈ ਭੂਮੀ ਦਾ 33% ਹਿੱਸਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ਪਰ ਮੋਟੇ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਸ ਤੋਂ ਕੇਵਲ ਅੱਧਾ ਹਿੱਸਾ ਹੀ ਜੰਗਲਾਂ ਹੇਠ ਹੈ। ਪੰਜਾਬ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਹਾਲਤ ਬਹੁਤ ਤਰਸਯੋਗ ਹੈ। ਪੰਜਾਬ ਦੇ ਕੁੱਲ 50,362 ਵਰਗ ਕਿਲੋਮੀਟਰ ਰਕਬੇ ਵਿੱਚੋਂ ਕੇਵਲ 2868 ਵਰਗ ਕਿਲੋਮੀਟਰ ਰਕਬਾ ਹੀ ਜੰਗਲਾਂ ਹੇਠ ਹੈ। ਉੱਥੇ ਵੀ ਕੇਵਲ ਝਾੜੀਨੁਮਾ ਜੰਗਲ ਹੀ ਹਨ। ਪੰਜਾਬ ਦੇ ਬਾਸਿ਼ੰਦਿਆਂ ਅਤੇ ਸਰਕਾਰ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿੱਥੇ ਵੀ ਸੰਭਵ ਹੋਵੇ, ਰੁੱਖ ਵੱਡੀ ਗਿਣਤੀ ਵਿੱਚ ਲਗਾਏ ਜਾਣ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇ। ਪੰਜਾਬ ਵਿੱਚ ਵੱਡੇ ਪੱਧਰ ’ਤੇ ਰਵਾਇਤੀ ਰੁੱਖ ਲਗਾਉਣੇ ਚਾਹੀਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਰੁੱਖਾਂ ਦੀ ਸੰਭਾਲ ਲਈ ਕਾਮੇ ਰੱਖੇ ਜਾਣ ਅਤੇ ਉਨ੍ਹਾਂ ਨੂੰ ਨਿਸ਼ਚਿਤ ਉਜਰਤ ਦਿੱਤੀ ਜਾਵੇ।

ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ਵਿੱਚੋਂ ਰੁੱਖਾਂ ਹੇਠ ਰਕਬਾ ਘਟਣਾ ਵੀ ਮੁੱਖ ਕਾਰਨ ਹੈ। ਸਰਕਾਰ ਨੂੰ ਰੁੱਖਾਂ ਦੀ ਕਟਾਈ ਰੋਕਣ ਲਈ ਮਾਪਦੰਡ ਤੈਅ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਉੱਪਰ ਅਮਲ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ। ਰੁੱਖਾਂ ਦੀ ਕਟਾਈ ਨਾਲ ਆਲਮੀ ਤਪਸ਼ ਵਧਦੀ ਹੈ। ਆਲਮੀ ਤਪਸ਼ ਵਧਣ ਨਾਲ ਗਲੇਸ਼ੀਅਰ ਤੇਜ਼ੀ ਨਾਲ ਪਿਘਲਣਗੇ, ਜਿਸ ਕਰ ਕੇ ਨਦੀਆਂ ਵਿੱਚ ਭਾਰੀ ਹੜ੍ਹ ਆਉਣਗੇ। ਕੁਝ ਸਮੇਂ ਬਾਅਦ ਨਦੀਆਂ ਬਿਲਕੁਲ ਸੁੱਕ ਜਾਣਗੀਆਂ। ਇਹ ਗੰਭੀਰ ਖਤਰੇ ਮਨੁੱਖੀ ਸਭਿਅਤਾ ਲਈ ਘਾਤਕ ਸਿੱਧ ਹੋਣਗੇ।

ਪ੍ਰਦੂਸ਼ਣ ਕਾਰਨ ਧਰਤੀ ਦੁਆਲੇ ਕਵਚ ਦਾ ਕੰਮ ਕਰ ਰਹੀ ਓਜ਼ੋਨ ਪਰਤ ਲੋਪ ਹੋ ਰਹੀ ਹੈ। ਵਿਗਿਆਨੀਆਂ ਅਨੁਸਾਰ ਓਜ਼ੋਨ ਪਰਤ ਧਰਤੀ ਦੀ ਸਤਹਿ ਤੋਂ 20 ਕਿਲੋਮੀਟਰ ਦੀ ਉਚਾਈ ਤੋਂ ਸ਼ੁਰੂ ਹੋ ਕੇ ਲਗਭਗ 30 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਹ ਸੂਰਜ ਤੋਂ ਆ ਰਹੀਆਂ ਪਰਾ-ਬੈਂਗਨੀ ਕਿਰਨਾਂ ਨੂੰ ਧਰਤੀ ’ਤੇ ਆਉਣ ਤੋਂ ਰੋਕਦੀ ਹੈ, ਇਨ੍ਹਾਂ ਕਿਰਨਾਂ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ। ਵਾਤਾਵਰਨ ਦੀਆਂ ਤਬਦੀਲੀਆਂ ਕਾਰਨ ਓਜ਼ੋਨ ਪਰਤ ਵਿੱਚ ਮਘੋਰੇ ਹੋ ਰਹੇ ਹਨ। ਮਨੁੱਖੀ ਸਰਗਰਮੀਆਂ ਕਰ ਕੇ ਵਾਯੂਮੰਡਲ ਵਿੱਚ ਛੱਡੀਆਂ ਜਾ ਰਹੀਆਂ ਗੈਸਾਂ ਕਾਰਨ ਅੱਜ ਸਭ ਤੋਂ ਵੱਡਾ ਵਾਤਾਵਰਨ ਸੰਕਟ ਪੈਦਾ ਹੋ ਗਿਆ ਹੈ। ਜੰਗਲਾਂ ਦੀ ਬੇਤਹਾਸ਼ਾ ਕਟਾਈ ਨਾਲ ਵਾਤਾਵਰਨ ਅਸੰਤੁਲਨ ਪੈਦਾ ਹੋ ਗਿਆ ਹੈ।

ਸੰਪਰਕ: 97812-00168

Advertisement
Author Image

Jasvir Samar

View all posts

Advertisement