ਵਾਤਾਵਰਨ ਜਾਗਰੂਕਤਾ ਲਈ ਲਾਇਆ ਪੌਦਿਆਂ ਦਾ ਲੰਗਰ
ਸੁਖਵੀਰ ਗਰੇਵਾਲ
ਕੈਲਗਰੀ: ਪਿਛਲੇ ਦਿਨੀਂ ਕੈਲਗਰੀ ਵਿੱਚ ਸਜਾਏ ਗਏ ਸਾਲਾਨਾ ਨਗਰ ਕੀਰਤਨ ਦੌਰਾਨ ਹਾਂਸ ਪਰਿਵਾਰ ਰੁੱਖਾਂ ਦਾ ਲੰਗਰ ਲਗਾ ਕੇ ਇੱਕ ਪਿਰਤ ਪਾਉਣ ਵਿੱਚ ਮੋਹਰੀ ਹੋ ਨਿੱਬੜਿਆ। ਇਸ ਪਰਿਵਾਰ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੂਜਾਪੁਰ ਤੋਂ ਹੈ। ਇਸ ਪਿੰਡ ਦੇ ਕਈ ਵਿਅਕਤੀਆਂ ਨੇ ਆਪਣੀ ਕਾਬਲੀਅਤ ਰਾਹੀਂ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਿਆ ਹੈ।
ਕੈਲਗਰੀ ਦਾ ਨਗਰ ਕੀਰਤਨ ਗੁਰੂਘਰ ਦਸਮੇਸ਼ ਕਲਚਰ ਸੈਂਟਰ ਤੋਂ ਸ਼ੁਰੂ ਹੋ ਕੇ ਪਰੇਰੀ ਵਿੰਡ ਪਾਰਕ ਵਿੱਚ ਖ਼ਤਮ ਹੁੰਦਾ ਹੈ। ਪਾਰਕ ਵਿੱਚ ਪੰਡਾਲਾਂ ਵਿੱਚ ਸਜੇ ਦੀਵਾਨਾਂ ਤੋਂ ਇਲਾਵਾ ਵਪਾਰਕ ਤੇ ਸਮਾਜਿਕ ਅਦਾਰੇ ਆਪਣੇ-ਆਪਣੇ ਟੈਂਟ ਲਗਾਉਂਦੇ ਹਨ। 90 ਫੀਸਦ ਟੈਂਟਾਂ ’ਤੇ ਸਾਦੇ ਲੰਗਰ ਤੋਂ ਇਲਾਵਾ ਵੰਨ-ਸੁਵੰਨੇ ਪਕਵਾਨਾਂ ਰਾਹੀਂ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਇਸ ਰਵਾਇਤੀ ਰੁਝਾਨ ਤੋਂ ਹਟ ਕੇ ਹਾਂਸ ਪਰਿਵਾਰ ਨੇ ਰੁੱਖਾਂ ਦਾ ਲੰਗਰ ਲਗਾਇਆ ਜਿਸ ਵਿੱਚ ਸੰਗਤ ਨੇ ਭਾਰੀ ਰੁਚੀ ਦਿਖਾਈ। ਟੈਂਟ ਦੇ ਬਾਹਰ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ ਦਾ ਵੱਡਾ ਬੈਨਰ ਹਰ ਇੱਕ ਦਾ ਧਿਆਨ ਖਿੱਚ ਰਿਹਾ ਸੀ ਤੇ ਲੋਕ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਟੈਂਟ ਤੋਂ ਮੁਫ਼ਤ ਵਿੱਚ ਰੁੱਖਾਂ ਦੇ ਪੌਦੇ ਲੈ ਕੇ ਜਾ ਰਹੇ ਸਨ।
ਜਸਜੀਤ ਸਿੰਘ ਹਾਂਸ ਨੇ ਦੱਸਿਆ ਕਿ ਉਸ ਦਾ ਬਹੁਤਾ ਸਮਾਂ ਲੁਧਿਆਣੇ ਸ਼ਹਿਰ ਵਿੱਚ ਗੁਜ਼ਰਿਆ ਤੇ ਸ਼ਹਿਰੀ ਜ਼ਿੰਦਗੀ ਵਿੱਚ ਉਸ ਨੇ ਰੁੱਖਾਂ ਦੀ ਅਹਿਮੀਅਤ ਨੂੰ ਸਮਝਿਆ। ਜਸਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਵਦੀਪ ਕੌਰ ਨੇ ਸਾਲ 2009 ਵਿੱਚ ਬਤੌਰ ਵਿਦਿਆਰਥੀ ਕੈਨੇਡਾ ਦੀ ਧਰਤੀ ’ਤੇ ਪੈਰ ਪਾਇਆ ਤੇ ਇੰਜਨੀਅਰਿੰਗ ਦੇ ਖੇਤਰ ਵਿੱਚ 10 ਸਾਲ ਨੌਕਰੀ ਕਰਨ ਤੋਂ ਬਾਅਦ ਦੋਵਾਂ ਨੇ 2021 ਵਿੱਚ ਇੰਸ਼ੋਰੈਂਸ ਦੇ ਖੇਤਰ ਵਿੱਚ ਸ਼ੁਰੂਆਤ ਕੀਤੀ। ਨਗਰ ਕੀਰਤਨ ਦੌਰਾਨ ਰੁੱਖਾਂ ਦਾ ਲੰਗਰ ਲਗਾਉਣ ਬਾਰੇ ਉਨ੍ਹਾਂ ਨੇ ਬੜਾ ਦਿਲਚਸਪ ਜਵਾਬ ਦਿੱਤਾ ਕਿ ਰੁੱੱਖ ਤੇ ਇੰਸ਼ੋਰੈਂਸ ਦੋਵੇਂ ਅਜਿਹੇ ਵਿਸ਼ੇ ਹਨ ਜਿਹੜੇ ਅਸੀਂ ਅਗਲੀਆਂ ਪੀੜ੍ਹੀਆਂ ਲਈ ਕਰਦੇ ਹਾਂ। ਉਨ੍ਹਾਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਕੈਨੇਡਾ ਵਿੱਚ ਜੰਗਲੀ ਅੱਗਾਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਹੜਾ ਅਗਲੀਆਂ ਨਸਲਾਂ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਪੰਜਾਬੀ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਵਿੱਚ ਵਾਤਾਵਰਨ ਬਾਰੇ ਜਾਗਰੂਕਤਾ ਪੈਦਾ ਕਰਨ।