ਵਾਤਾਵਰਨ ਅਤੇ ਨਹਿਰੀ ਪੱਟੜੀ ਬਚਾਉਣ ਲਈ ਕਰੀਮਪੁਰ ਦੇ ਲੋਕਾਂ ਨੇ ਕੀਤਾ ਏਕਾ
ਪੱਤਰ ਪ੍ਰੇਰਕ
ਬਲਾਚੌਰ, 10 ਜੂਨ
ਕੰਢੀ ਸੰਘਰਸ਼ ਕਮੇਟੀ ਵੱਲੋਂ ਵਾਤਾਵਰਨ ਤੇ ਕੰਢੀ ਨਹਿਰ ਦੀ ਪੱਟੜੀ ਬਚਾਉਣ ਅਤੇ ਕਰੀਮਪੁਰ ਚਾਹਵਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੈਪਟਨ ਤੀਰਥ ਰਾਮ ਤੇ ਬ੍ਰਹਮ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼ਾਮਲ ਹੋਏ ਕਰੀਮਪੁਰ ਚਾਹਵਾਲੇ ਦੇ ਵਸਨੀਕਾਂ ਨੇ ਦੱਸਿਆ ਕਿ ਕਰੱਸ਼ਰ ਵਾਲਿਆਂ ਵੱਲੋਂ ਪਿੰਡ ਦੀ ਜ਼ਮੀਨ ਤੇ ਨਹਿਰ ਦੀ ਪੱਟੜੀ ਉੱਪਰੋਂ ਓਵਰਲੋਡ ਟਿੱਪਰ ਤੇ ਟਰੈਕਟਰ ਟਰਾਲੀਆਂ ਨੂੰ ਬਿਨਾਂ ਕਿਸੇ ਰਸਤੇ ਦੇ ਨਾਜਾਇਜ਼ ਲੰਘਾਇਆ ਜਾ ਰਿਹਾ ਹੈ। ਓਵਰਲੋਡ ਟਿੱਪਰਾਂ ਤੇ ਟਰੈਕਟਰ ਟਰਾਲੀਆਂ ਵੱਲੋਂ ਉਡਾਈ ਜਾ ਰਹੀ ਧੂੜ ਅਤੇ ਕਰੱਸ਼ਰ ਦੀ ਆਵਾਜ਼ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦੱਸਿਆ ਕਿ ਦਿਨ ਰਾਤ ਉੱਡਦੀ ਧੂੜ ਕਾਰਨ ਜਿੱਥੇ ਲੋਕਾਂ ਦਾ ਸਾਹ ਲੈਣਾ ਔਖਾ ਹੈ ਉੱਥੇ ਪਸ਼ੂਆਂ ਲਈ ਬੀਜੇ ਪੱਠਿਆਂ ਦੀ ਵੀ ਬਰਬਾਦੀ ਹੋ ਰਹੀ ਹੈ। ਕਮੇਟੀ ਆਗੂ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕਰੀਮਪੁਰ ਦੇ ਲੋਕ ਆਪਣੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੁੱਕੇ ਹਨ|
ਕੰਢੀ ਸੰਘਰਸ਼ ਕਮੇਟੀ ਦੇ ਗਰੀਬ ਦਾਸ ਬੀਤਣ ਅਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਕੁਲਭੂਸ਼ਨ ਕੁਮਾਰ ਨੇ ਕਿ ਪਿੰਡ ਦੇ ਵਸਨੀਕਾਂ ਅਤੇ ਕੰਢੀ ਸੰਘਰਸ਼ ਨੇ 12 ਜੂਨ ਨੂੰ ਕਰੀਮਪੁਰ ਚਾਹਵਾਲਾ ’ਚ ਕੰਢੀ ਨਹਿਰ ਉੱਤੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਮੀਟਿੰਗ ’ਚ ਰਾਜ ਭੂਬਲਾ, ਜਸਵੰਤ ਰਾਏ, ਸ਼ਾਂਤੀ ਬਸੀ, ਜਗਦੀਸ਼ ਕੁਮਾਰ, ਜੋਗ ਰਾਜ ਬਾਠ, ਨੀਲੂ ਬਾਂਠ, ਚੰਨਣ ਸਿੰਘ ਸਾਬਕਾ ਸਰਪੰਚ, ਕਾਲਾ ਖੇਪੜ, ਦੌਲਤ ਰਾਮ, ਬਾਲੂ ਰਾਮ, ਮਾਸਟਰ ਰਤਨ ਚੰਦ, ਨਰੇਸ਼ ਬਾਂਠ, ਚਮਨ ਲਾਲ ਪੰਚ, ਯੋਗਰਾਜ ਪੰਚ, ਹਰਬੰਸ ਲਾਲ ਪੰਚ, ਰਾਮ ਸ਼ਾਹ ਪੰਚ, ਨੰਦ ਲਾਲ ਖੇਪੜ ਸਮੇਤ ਵਧੇਰੇ ਗਿਣਤੀ ਪਿੰਡ ਵਾਸੀ ਮੌਜੂਦ ਸਨ|