ਗੜ੍ਹਸ਼ੰਕਰ: ਗੜ੍ਹਸ਼ੰਕਰ ਵਿੱਚ ਨਾਗਰਿਕ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ‘ਅਮਰੁਤ 2’ ਸਕੀਮ ਤਹਿਤ 5.65 ਕਰੋੜ ਰੁਪਏ ਦੇ ਵਾਟਰ ਸਪਲਾਈ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਾਰਡ ਨੰਬਰ 7 ਵਿਚ ਹੋਇਆ, ਜਿਥੇ 19 ਕਿਮੀ ਲੰਬੀ ਪਾਈਪਲਾਈਨ ਨੈੱਟਵਰਕ ਦੀ ਸ਼ੁਰੂਆਤ ਕੀਤੀ ਗਈ, ਜੋ ਸ਼ਹਿਰ ਦੇ ਕਈ ਵਾਰਡਾਂ ਨੂੰ ਲਾਭ ਦੇਵੇਗੀ। ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਹਰ ਘਰ ਤੱਕ ਬੁਨਿਆਦੀ ਸਹੂਲਤਾਂ, ਖਾਸ ਕਰਕੇ ਪਾਣੀ ਦੀ ਸਪਲਾਈ, ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਸਮੇਂ ਸਿਰ ਕੰਮ ਦੀ ਪੂਰਤੀ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ