For the best experience, open
https://m.punjabitribuneonline.com
on your mobile browser.
Advertisement

ਵਲੈਤ ਵਾਲਾ ਪੈੱਨ

04:56 AM Feb 18, 2025 IST
ਵਲੈਤ ਵਾਲਾ ਪੈੱਨ
Advertisement

ਕਮਲਜੀਤ ਸਿੰਘ ਬਨਵੈਤ
ਉਦੋਂ ਸ਼ਾਇਦ 7ਵੀਂ ਜਾਂ 8ਵੀਂ ’ਚ ਪੜ੍ਹਦਾ ਹੋਵਾਂਗਾ ਜਦੋਂ ਗਭਲੇ ਭਰਾ ਦਾ ਵਿਆਹ ਹੋ ਗਿਆ ਸੀ। ਭਾਈਆ ਜੀ ਨੇ ਉਨ੍ਹਾਂ ਭਲੇ ਵੇਲਿਆਂ ਵਿੱਚ ਕੁੜੀ ਵਾਲਿਆਂ ਤੋਂ ਬਗੈਰ ਦਹੇਜ, ਇਕ ਰੁਪਿਆ ਲੈ ਕੇ ਵਿਆਹ ਕੀਤਾ ਸੀ। ਬਰਾਤ ਵਿੱਚ ਪੰਜ ਜਣੇ ਗਏ ਸਨ। ਆਨੰਦ ਕਾਰਜ ਤੋਂ ਬਾਅਦ ਚਾਹ ਪਾਣੀ ਪੀ ਕੇ 12 ਵੱਜਦੇ ਨੂੰ ਦੁਪਹਿਰ ਦਾ ਖਾਣਾ ਘਰ ਆ ਕੇ ਖਾਧਾ ਸੀ। ਇਸ ਤੋਂ ਬਾਅਦ ਸਾਡੇ ਚਾਰ ਹੋਰ ਭਰਾਵਾਂ ਦੇ ਵਿਆਹ ਵੀ ਇਸੇ ਤਰ੍ਹਾਂ ਸਾਦੇ ਢੰਗ ਨਾਲ ਹੋਏ।
ਮੇਰੇ ਸਹੁਰਿਆਂ ਅਤੇ ਤਿੰਨ ਭਾਬੀਆਂ ਦੇ ਪੇਕੇ ਸਾਦੇ ਵਿਆਹ ਲਈ ਸਹਿਜੇ ਹੀ ਮੰਨ ਗਏ ਸਨ। ਬਸ ਗਭਲੇ ਭਰਾ ਦੇ ਵਿਆਹ ਵੇਲੇ ਹੀ ਰੇੜਕਾ ਪਿਆ ਜਦੋਂ ਭਾਈਆ ਜੀ ਨੇ ਕੁੜੀ ਦੇ ਪਰਿਵਾਰ ਵੱਲੋਂ ਰੱਖੇ ਦਹੇਜ ਦਾ ਪੱਲਾ ਮੋੜਨ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਅਗਲੇ ਧੀ ਦੀ ਡੋਲੀ ਤੋਰਨ ਤੋਂ ਅੜ ਗਏ ਸਨ। ਕਾਫੀ ਘੋਲ-ਮਥੋਲ ਤੋਂ ਬਾਅਦ ਭਾਬੀ ਆਪਣੇ ਬਾਪ ਦੀ ਬੁੱਕਲ ਵਿੱਚੋਂ ਨਿਕਲ ਕੇ ਡੋਲੀ ਵਾਲੀ ਕਾਰ ਵਿੱਚ ਆ ਬੈਠੀ ਸੀ। ਉਸ ਤੋਂ ਬਾਅਦ ਦੋਹਾਂ ਪਰਿਵਾਰਾਂ ਦਾ ਕਾਫ਼ੀ ਚਿਰ ਮਿਲਵਰਤਨ ਟੁੱਟਿਆ ਰਿਹਾ ਸੀ।
ਅਸੀਂ ਸਾਰੇ ਭਰਾ ਭਾਈਆ ਜੀ ਦੇ ਅਸੂਲਾਂ ’ਤੇ ਚੱਲਦੇ ਆ ਰਹੇ ਹਾਂ। ਮੇਰੇ ਦੋ ਭਰਾਵਾਂ ਨੇ ਆਪਣੇ ਲੜਕਿਆਂ ਦਾ ਵਿਆਹ ਬਰਾਤ ਨਾਲ ਕੀਤਾ ਪਰ ਦਹੇਜ ਵਿੱਚ ਕੁਝ ਨਹੀਂ ਲਿਆ। ਮੇਰੇ ਵੱਡੀ ਧੀ ਅਤੇ ਛੋਟਾ ਪੁੱਤਰ ਹੈ। ਮੈਂ ਵੀ ਇਨ੍ਹਾਂ ਦੇ ਸਾਦੇ ਵਿਆਹ ਦੇ ਹੱਕ ਵਿੱਚ ਸੀ ਪਰ ਧੀ ਦੇ ਵਿਆਹ ਵੇਲੇ ਮੇਰੀ ਪੁੱਗੀ ਨਾ; ਪਤਨੀ ਦਾ ਕਹਿਣਾ ਸੀ- “ਧੀਆਂ ਦਾ ਵਿਆਹ ਮੁੰਡੇ ਵਾਲਿਆਂ ਦੀ ਮਰਜ਼ੀ ਨਾਲ ਕਰਨਾ ਪੈਂਦੈ, ਪੁੱਤ ਦੇ ਵਿਆਹ ਵੇਲੇ ਤੁਸੀਂ ਆਪਣੇ ਅਸੂਲ ਘੋਟ ਲੈਣਾ।” ਸੋ, ਧੀ ਦਾ ਵਿਆਹ ਵਿੱਤੋਂ ਬਾਹਰ ਜਾ ਕੀਤਾ। ਉਂਝ, ਭਾਈਆ ਜੀ ਅਤੇ ਆਪਣੇ ਅਸੂਲ ਤੋੜਨ ਦਾ ਅਜੇ ਵੀ ਝੋਰਾ ਹੈ।
ਪੁੱਤ ਵਿਆਹ ਦੀ ਉਮਰ ਦਾ ਹੋਇਆ ਤਾਂ ਉਹ ਕਿਹਾ ਕਰੇ- “ਮੈਂ ਜ਼ਿੰਦਗੀ ਵਿੱਚ ਸੈੱਟ ਹੋ ਕੇ ਵਿਆਹ ਕਰਾਉਣ ਬਾਰੇ ਸੋਚਾਂਗਾ।” ਇਸੇ ਟਾਲ-ਮਟੋਲ ਵਿੱਚ ਪੰਜ-ਸੱਤ ਸਾਲ ਲੰਘ ਗਏ। ਉਹਦੀ ਨੌਕਰੀ ਵਿਦੇਸ਼ ਵਿੱਚ ਲੱਗੀ ਤਾਂ ਇੱਕ ਦਿਨ ਉਹਨੇ ਆਪ ਹੀ ਦੂਜੇ ਦੇਸ਼ ਵਿੱਚ ਵੱਸਦੀ ਆਪਣੀ ਮਨਪਸੰਦ ਕੁੜੀ ਨਾਲ ਵੀਡੀਓ ਕਾਲ ਰਾਹੀਂ ਸਾਡੀ ਸਾਰਿਆਂ ਦੀ ਗੱਲ ਕਰਾ ਦਿੱਤੀ। ਸਾਨੂੰ ਪਹਿਲੀ ਨਜ਼ਰੇ ਕੁੜੀ ਜਚ ਗਈ। ਅਗਲੇ ਹਫਤੇ ਕੁੜੀ ਦੇ ਮਾਪਿਆਂ ਦੀ ਸਾਡੇ ਨਾਲ ਵੀਡੀਓ ਰਾਹੀਂ ਮਿਲਣੀ ਕਰਾ ਦਿੱਤੀ। ਕੁੜੀ ਦੇ ਬਾਪ ਨੇ ਮੈਥੋਂ ਹੁੰਗਾਰਾ ਮੰਗਿਆ ਤਾਂ ਮੈਂ ਸਾਫ ਕਹਿ ਦਿੱਤਾ ਕਿ ਕੁੜੀ ਮੁੰਡਾ ਰਾਜ਼ੀ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਜਦੋਂ ਮੈਂ ਕਿਹਾ ਕਿ ਇੱਕ ਸ਼ਰਤ ਹੈ ਤਾਂ ਉਹ ਫੋਨ ਤੋਂ ਪਿੱਛੇ ਨੂੰ ਹਟ ਗਿਆ ਜਿਵੇਂ ਝਟਕਾ ਲੱਗਾ ਹੋਵੇ। ਮੈਂ ਪਹਿਲੀ ਸੱਟੇ ਸਾਦੇ ਵਿਆਹ ’ਤੇ ਜ਼ੋਰ ਦੇਣ ਲੱਗ ਪਿਆ ਤੇ ਫਿਰ ਫੌਜੀਆਂ ਵਾਂਗ ਹੁਕਮ ਸੁਣਾ ਦਿੱਤਾ, “ਅਸੀਂ ਕੋਈ ਲੈਣ ਦੇਣ ਨਹੀਂ ਕਰਨਾ, ਨਾ ਬਰਾਤ ਲੈ ਕੇ ਆਉਣੀ ਹੈ। ਕੋਈ ਮਿਲਣੀ ਜਾਂ ਸ਼ਗਨ ਦੇ ਚੱਕਰ ਵਿੱਚ ਵੀ ਨਹੀਂ ਪੈਣਾ।”
ਪੁੱਤਰ ਅਤੇ ਉਸ ਦੀ ਹੋਣ ਵਾਲੀ ਪਤਨੀ ਨੇ ਮੈਰਿਜ ਪੈਲੇਸ ਜਾਂ ਹੋਟਲ ਦੀ ਥਾਂ ਆਪਣੇ ਪਿੰਡ ਦੇ ਖੇਤਾਂ ਵਿੱਚ ਵਿਆਹ ਸਮਾਗਮ ਰਚਾਉਣ ਦੀ ਇੱਛਾ ਪ੍ਰਗਟ ਕੀਤੀ। ਮੈਂ ਕਿਹਾ- “ਸਾਡੇ ਲਈ ਇਹ ਵੀ ਠੀਕ ਹੈ। ਝੋਨਾ ਚੁੱਕਣ ਤੇ ਕਣਕ ਬੀਜਣ ਤੋਂ ਪਹਿਲਾਂ ਖੇਤ ਖਾਲੀ ਹੀ ਹੋਣਗੇ। ਨਾਲੇ ਬੇਬੇ ਤੇ ਭਾਈਆ ਜੀ ਦੀ ਰੂਹ ਖੁਸ਼ ਹੋ ਜਾਵੇਗੀ।” ਇਉਂ ਖਾਲੀ ਖੇਤ ਦੇ ਗੱਭੇ ਆਨੰਦ ਕਾਰਜ ਲਈ ਫੁੱਲਾਂ ਨਾਲ ਸਜਿਆ ਗਜੀਬੋ ਬਣਾ ਦਿੱਤਾ ਗਿਆ। ਦੋਹਾਂ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਬੈਠਣ ਵਾਸਤੇ ਸਾਰਾ ਪੰਡਾਲ ਖੁੱਲ੍ਹਾ ਛੱਡ ਦਿੱਤਾ ਗਿਆ। ਖੇਤਾਂ ਦੇ ਆਲੇ-ਦੁਆਲੇ ਖੜ੍ਹੇ ਕਮਾਦ, ਰੁੱਖ, ਖੇਤੀ ਦੇ ਸੰਦ, ਤੂੜੀ ਦੇ ਕੁੱਪ ਵੱਖਰੀ ਕਿਸਮ ਦਾ ਨਜ਼ਾਰਾ ਦੇ ਰਹੇ ਸਨ।
ਅਸੀਂ ਸਵੇਰੇ 10 ਵਜੇ ਵਿਆਹ ਵਾਲੇ ਖੇਤ ਪੁੱਜ ਗਏ। ਕੁੜੀ ਵਾਲਿਆਂ ਨੂੰ ਅੱਧਾ ਘੰਟਾ ਪਛੜ ਕੇ ਆਉਣ ਲਈ ਕਿਹਾ ਸੀ। ਮਿੱਤਰਾਂ ਸੱਜਣਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਤੋਂ ਬਾਅਦ ਉਥੋਂ ਥੋੜ੍ਹੀ ਦੂਰ ਖੇਤਾਂ ਵਿੱਚ ਬਣੇ ਆਪਣੇ ਘਰ ਦੇ ਵਿਹੜੇ ਵਿੱਚ ਦੁਪਹਿਰ ਦਾ ਭੋਜਨ ਸਭ ਨੇ ਰਲ ਕੇ ਛਕਿਆ। ਸਭ ਨੂੰ ਮਠਿਆਈ ਜਾਂ ਸੁੱਕੇ ਮੇਵਿਆਂ ਦੀ ਥਾਂ ਮੇਵੇ ਵਾਲੇ ਗੁੜ ਦਾ ਡੱਬਾ ਦੇ ਕੇ ਵਿਦਾਅ ਕੀਤਾ।
ਸਾਡੇ ਘਰ ਦੀ ਨਵੀਂ ਜੀਅ ਸ਼ਰੁਤੀ ਸਿੰਘ ਦੀ ਘਰ ਵਿੱਚ ਅੱਡੀ ਨਹੀਂ ਸੀ ਲੱਗ ਰਹੀ। ਉਹਨੇ ਅਗਲੀ ਸਵੇਰ ਆਪਣਾ ਟਰੰਕ ਖੋਲ੍ਹਿਆ; ਉਸ ਵਿੱਚੋਂ ਮੇਰੇ ਲਈ ਵਲੈਤ ਤੋਂ ਖਰੀਦਿਆ ਪੈੱਨ ਅਤੇ ਮੇਰੀ ਪਤਨੀ ਲਈ ਰੰਗ ਤੇ ਬੁਰਸ਼ ਵਾਲਾ ਡੱਬਾ ਨਿਕਲਿਆ। ਪਤਾ ਲੱਗ ਰਿਹਾ ਸੀ, ਪੈੱਨ ਮਹਿੰਗਾ ਹੈ ਜਿਹੜਾ ਉਹਨੇ ਲੰਡਨ ਤੋਂ ਖਰੀਦਿਆ ਸੀ।
ਉਹ ਪੈੱਨ ਅਤੇ ਪਤਨੀ ਦੇ ਰੰਗ ਅਜੇ ਤੱਕ ਮੇਜ਼ ਦੇ ਦਰਾਜ ਵਿੱਚ ਰੱਖੇ ਹੋਏ ਹਨ। ਪਿਛਲੇ ਦਿਨੀਂ ਸ਼ਰੁਤੀ ਦਾ ਫੋਨ ਆਇਆ ਤਾਂ ਕਹਿ ਰਹੀ ਸੀ ਕਿ ਉਹ ਅਗਲੇ ਹਫਤੇ ਇੰਡੀਆ ਆ ਰਹੇ ਹਨ, ਪਾਪਾ ਲਈ ਉਹੋ ਜਿਹਾ ਪੈੱਨ ਅਤੇ ਮਾਮਾ ਲਈ ਫਿਰ ਤੋਂ ਰੰਗਾਂ ਵਾਲਾ ਡੱਬਾ ਲਿਆ ਹੈ। ਮੈਥੋਂ ਕਹਿ ਹੋ ਗਿਆ, “ਅਸੀਂ ਤਾਂ 10 ਰੁਪਏ ਵਾਲੇ ਪੈੱਨ ਨਾਲ ਲਿਖ ਛੱਡਦੇ ਹਾਂ। ਤੇਰੇ ਵਾਲੇ ਮਹਿੰਗੇ ਤੋਹਫੇ ਨੂੰ ਡਰਦਿਆਂ ਹੱਥ ਨਹੀਂ ਲਾਇਆ ਕਿ ਸਿਆਹੀ ਨਾ ਮੁੱਕ ਜਾਵੇ।” ਪਹਿਲਾਂ ਤਾਂ ਉਹ ਹੱਸੀ, ਫਿਰ ਕਹਿਣ ਲੱਗੀ, “ਦਰਾਜ ਵਿੱਚ ਪਏ ਰੰਗ ਅਤੇ ਪੈੱਨ ਦੀ ਸਿਆਹੀ ਸੁੱਕ ਜਾਣੀ ਹੈ।” ਮੈਂ ਕਹਿੰਦਾ-ਕਹਿੰਦਾ ਰਹਿ ਗਿਆ ਕਿ ਸਕੂਲ ਵਿੱਚ ਪੜ੍ਹਦਿਆਂ ਦੂਜੇ ਦੀ ਬੁੱਗੀ ਵਿੱਚੋਂ ਕਲਮ ਡੁਬੋਣ ਵਾਲਿਆਂ ਨੂੰ ਕੀ ਪਤਾ ਕਿ ਪਏ ਪੈੱਨ ਦੀ ਸਿਆਹੀ ਸੁੱਕ ਜਾਂਦੀ, ਅਸੀਂ ਤਾਂ ਸੁੱਕੀ ਸਿਆਹੀ ਵਾਲੀ ਬੁੱਗੀ ਵਿੱਚ ਪਾਣੀ ਪਾ ਕੇ ਮੁੜ ਫੱਟੀ ਲਿਖਣ ਲੱਗ ਪੈਂਦੇ ਸਾਂ। ਨਾਲੇ ਮੈਂ ਉਹਨੂੰ ਕਿਵੇਂ ਸਮਝਾਉਂਦਾ ਕਿ ਸਾਗ ਚੀਰਨ ਵਾਲੀ ਦਾਤੀ ਨਾਲ ਘੜੀ ਕਲਮ ਨੂੰ ਪਿਛਲੇ ਪਾਸੇ ਤੋਂ ਚਿੱਥ ਕੇ ਉਹਦਾ ਬੁਰਸ਼ ਬਣਾ ਲੈਂਦੇ ਰਹੇ ਹਾਂ। ਫਿਰ ਯਾਦ ਆਇਆ ਕਿ ਧੀ ਦੇ ਵਿਆਹ ਵੇਲੇ ਲਏ ਮੌਜੇ ਵੀ ਦੁਬਾਰਾ ਇਸ ਕਰ ਕੇ ਨਹੀਂ ਸਨ ਪਾਏ ਕਿ ਮਹਿੰਗੇ ਹਨ; ਸਾਲ ਬਾਅਦ ਪੁੱਤਰ ਦੇ ਵਿਆਹ ਵੇਲੇ ਕੱਢੇ ਤਾਂ ਮੌਜਿਆਂ ਦੇ ਚਮੜੇ ਦੀਆਂ ਵੀ ਛਿੱਲਤਾਂ ਉਤਰਨ ਲੱਗ ਪਈਆਂ ਸਨ।
ਮੇਰੀ ਨਜ਼ਰ ਆਪਣੀ ਦੋਹਤੀ ਐਂਬਰੀਨ ਦੇ ਸਟੱਡੀ ਟੇਬਲ ’ਤੇ ਜਾ ਟਿਕਦੀ ਹੈ ਜਿਸ ਦੇ ਖੁੱਲ੍ਹੇ ਪਏ ਦਰਾਜ ਵਿੱਚ ਪੈੱਨਸਲਾਂ ਦਾ ਢੇਰ ਹੈ। ਦੂਜੇੇ ਦਰਾਜ ਵਿੱਚ ਰਬੜਾਂ ਅਤੇ ਸ਼ਾਰਪਨਰ ਪਏ ਹਨ। ਉਹ ਪੈੱਨਸਲ ਘੜਦੀ ਹੈ ਤਾਂ ਛਿਲਕੇ ਸ਼ਾਰਪਨਰ ਵਿੱਚ ਹੀ ਲਪੇਟੇ ਜਾਂਦੇ ਹਨ। ਮੇਰੀਆਂ ਨਜ਼ਰਾਂ ਡਰਾਇੰਗ ਕਰਨ ਲਈ ਉਸ ਦੇ ਕਮਰੇ ਦੀ ਕੰਧ ਨਾਲ ਰੱਖੇ ਵੱਡੇ ਸਾਰੇ ਡਿਜੀਟਲ ਸਕਰੀਨ ’ਤੇ ਜਾ ਟਿਕੀਆਂ ਹਨ। ਐਂਬਰੀਨ ਦੀ ਆਵਾਜ਼ ਨਾਲ ਮੈਂ ਵਾਪਸ ਪਰਤਦਾ ਹਾਂ ਜਦੋਂ ਉਹ ਆਪਣੀ ਮਾਂ ਨੂੰ ਜਨਮ ਦਿਨ ’ਤੇ ਲੈਪਟਾਪ ਲੈ ਕੇ ਦੇਣ ਦਾ ਵਾਅਦਾ ਮੰਗਦੀ ਹੈ...।
ਸੰਪਰਕ: 98147-34035

Advertisement

Advertisement
Advertisement
Advertisement
Author Image

Jasvir Samar

View all posts

Advertisement