ਵਰਲਡ ਪੰਜਾਬੀ ਸੈਂਟਰ ਵੱਲੋਂ ਲਘੂ ਫਿਲਮ ‘ਡੈੱਥ ਡੇਅ’ ਦੀ ਵਿਸ਼ੇਸ਼ ਸਕਰੀਨਿੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 29 ਜਨਵਰੀ
ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਵੱਲੋਂ ਸਹਿਰਾਬ ਪ੍ਰੋਡੱਕਸ਼ਨ ਅਤੇ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਬੰਗਾਲੀ ਲੇਖਕ ਰਮਾਨਾਥ ਰਾਏ ਦੀ ਕਹਾਣੀ ’ਤੇ ਆਧਾਰਿਤ ਇੱਕ ਘੰਟੇ ਦੀ ਅਵਧੀ ਵਾਲੀ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਉਜਾਗਰ ਕਰਦੀ ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ।
ਫ਼ਿਲਮ ਵਿੱਚ ਇੱਕ ਬਜ਼ੁਰਗ ਬਿਸ਼ਨ ਸਿੰਘ ਮਰਨ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਪੁੱਤ-ਪੋਤਿਆਂ ਨੂੰ ਮਿਲਣਾ ਚਾਹੁੰਦਾ ਹੈ। ਪਰ ਬੱਚੇ ਉਸ ਤੋਂ ਮਰਨ ਦੀ ਤਰੀਕ ਪੁੱਛਦੇ ਹਨ ਤਾਂ ਜੋ ਉਹ ਇੱਕੋ ਵਾਰੀ ਆ ਕੇ ਮਿਲ ਵੀ ਜਾਣ ਤੇ ਕਿਰਿਆਕ੍ਰਮ ਵੀ ਕਰ ਜਾਣ। ਇਸ ’ਤੇ ਉਹ ਮਰਨ ਦੀ ਤਰੀਕ ਜਾਨਣ ਲਈ, ਡਾਕਟਰ, ਪੰਡਿਤ, ਬਾਬਿਆਂ ਕੋਲ ਜਾਂਦਾ ਹੈ। ਬਿਸ਼ਨ ਸਿੰਘ ਦਾ ਕਿਰਦਾਰ ਅਵਤਾਰ ਅਰੋੜਾ ਨੇ ਪਾਤਰ ਵਿੱਚ ਵਿਲੀਨ ਹੋ ਕੇ ਕੀਤਾ। ਉਸ ਦੇ ਹਰ ਭਾਵ, ਅਦਾ ਤੇ ਚਾਲ-ਢਾਲ ਤੋਂ ਪਾਤਰ ਦੀਆਂ ਪਰਤਾਂ ਝਲਕਦੀਆਂ ਸਨ।
ਬਾਕੀ ਕਲਾਕਾਰਾਂ ਵਿੱਚ ਅਨੀਤਾ ਸ਼ਬਦੀਸ਼, ਭੁਪਿੰਦਰ ਬਰਨਾਲਾ, ਨਵੀਨ ਸ਼ਰਮਾ, ਐੱਮਐੱਮ ਸਿਆਲ, ਅਸ਼ੋਕ ਟਾਂਗਰੀ, ਮਲਕੀਤ ਮੀਤ ਆਦਿ ਕਲਾਕਾਰਾਂ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ। ਸਕਰੀਨਿੰਗ ਤੋਂ ਬਾਅਦ ਫਿਲਮ ’ਤੇ ਵਿਚਾਰ-ਚਰਚਾ ਵਿੱਚ ਅਜਾਇਬ ਸਿੰਘ ਚੱਠਾ, ਪ੍ਰੀਤ ਮਹਿੰਦਰ ਸੇਖੋਂ, ਡਾ. ਗੁਰਨਾਮ ਵਿਰਕ, ਨਰੇਸ਼ ਮਿੱਤਲ, ਡਾ. ਇੰਦਰਜੀਤ ਕੌਰ ਹਿੱਸਾ ਲਿਆ। ਡਾ. ਭੀਮ ਇੰਦਰ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ।