ਵਰਕਰਜ਼ ਯੂਨੀਅਨ ਦੀ ਪੁੱਡਾ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ, 3 ਜੁਲਾਈ
ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਅੱਜ ਪੁੱਡਾ ਦੇ ਮੁੱਖ ਪ੍ਰਸ਼ਾਸਕ ਨਾਲ ਹੋਈ ਮੀਟਿੰਗ ਦੌਰਾਨ ਮੰਗਾਂ ਸਬੰਧੀ ਕੋਈ ਸਹਿਮਤੀ ਨਾ ਬਣਨ ਕਾਰਨ ਯੂਨੀਅਨ ਆਗੂਆਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ’ਤੇ ਵਿਚਾਰ ਚਰਚਾ ਲਈ ਅੱਜ ਉਨ੍ਹਾਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਪ੍ਰਸ਼ਾਸਕ ਇੱਕ ਦੋ ਮੰਗਾਂ ਵਿਚਾਰਨ ਤੋਂ ਬਾਅਦ ਮੀਟਿੰਗ ਵਿੱਚੋਂ ਚਲੇ ਗਏ। ਉਨ੍ਹਾਂ ਵੱਲੋਂ ਮੰਗਾਂ ਪ੍ਰਵਾਨ ਕਰਨ ਬਾਰੇ ਕੁੱਝ ਨਹੀਂ ਕਿਹਾ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਮਗਰੋਂ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਭੁੱਖ ਹੜਤਾਲ ਆਰੰਭ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਅੱਗੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਵੱਡੇ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।