ਵਪਾਰੀਆਂ ਦੀ ਪ੍ਰੀਖਿਆ ਲੈ ਰਹੀ ਹੈ ਹਰਿਆਣਾ ਸਰਕਾਰ: ਸ਼ਾਂਡਿਲਿਆ
ਸਰਬਜੀਤ ਸਿੰਘ ਭੱਟੀ
ਅੰਬਾਲਾ , 9 ਮਾਰਚ
ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਸ਼ੰਭੂ ਬਾਰਡਰ ਬੰਦ ਕਰਕੇ ਪਿਛਲੇ 13 ਮਹੀਨੇ ਤੋਂ ਅੰਬਾਲਾ ਦੇ ਲੋਕਾਂ ਅਤੇ ਵਪਾਰੀਆਂ ਦੀ ਪ੍ਰੀਖਿਆ ਲੈ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 13 ਮਹੀਨੇ ਤੋਂ ਅੰਬਾਲਾ ਦਾ ਹਰ ਛੋਟਾ-ਵੱਡਾ ਵਪਾਰ ਠੱਪ ਹੋਇਆ ਪਿਆ ਹੈ, ਲੋਕ ਭੁੱਖਮਰੀ ਦੀ ਕਗਾਰ ’ਤੇ ਆ ਗਏ ਹਨ। ਉਨ੍ਹਾਂ ਸ਼ੰਭੂ ਬਾਰਡਰ ’ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਇਸ ਸਬੰਧੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਹ ਚੰਡੀਗੜ੍ਹ ਰੋਡ ਰਾਹੀਂ ਵੀ ਜਾ ਸਕਦੇ ਹਨ, ਪਰ ਸਰਕਾਰ ਅਤੇ ਕਿਸਾਨਾਂ ਦੀ ਲੜਾਈ ਵਿੱਚ ਅੰਬਾਲਾ ਦਾ ਹਰ ਛੋਟਾ-ਵੱਡਾ ਵਪਾਰੀ ਪ੍ਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ, ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਿਸਾਨਾਂ ਖ਼ਿਲਾਫ਼ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਕਿਸਾਨ ਸ਼ੰਭੂ ਬਾਰਡਰ ’ਤੇ ਇਕੱਠੇ ਹੋ ਕੇ ਮੁੱਖ ਮਾਰਗ ’ਤੇ ਕਬਜ਼ਾ ਕਰ ਰਹੇ ਸਨ, ਉਸੇ ਦਿਨ ਪੰਜਾਬ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ।
ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ, ਸੁਪਰੀਮ ਕੋਰਟ ਅਤੇ ਨਾਇਬ ਸੈਣੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ੰਭੂ ਬਾਰਡਰ ਤੁਰੰਤ ਖੋਲ੍ਹਿਆ ਜਾਵੇ, ਨਹੀਂ ਤਾਂ ਅੰਬਾਲਾ ਦੇ ਦੁਕਾਨਦਾਰ ਅਤੇ ਵਪਾਰੀ ਮਜਬੂਰ ਹੋ ਕੇ ਸੜਕਾਂ ’ਤੇ ਉਤਰਨਗੇ।