ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਵਰਕਰ ਹੋਣਗੇ ਪੱਕੇ
ਪੱਤਰ ਪ੍ਰੇਰਕ
ਪਟਿਆਲਾ, 28 ਜਨਵਰੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ1406-22 ਬੀ ਨਾਲ ਸਬੰਧਿਤ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨਾਲ ਅੱਜ ਜੰਗਲਾਤ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਅੱਜ ਦੀ ਮੀਟਿੰਗ ਵਿੱਚ ਆਰਕੇ ਮਿਸ਼ਰਾ ਆਈਐੱਫ਼ਐੱਸ ਅਤੇ ਵਧੀਕ ਮੁੱਖ ਵਣਪਾਲ ਬਸੰਤਾ ਰਾਜ ਅਤੇ ਨਿਧੀ ਸ਼੍ਰੀਵਾਸਤਵ ਅਤੇ ਦਫ਼ਤਰੀ ਅਮਲਾ ਮੌਜੂਦ ਸੀ।
ਇਸ ਮੀਟਿੰਗ ਵਿੱਚ ਪ੍ਰਬੰਧਕਾਂ ਦਾ ਹਾਂ ਪੱਖੀ ਰਵੱਈਆ ਸੀ। ਜਿਵੇਂ ਕਿ ਪਹਿਲਾਂ ਜੰਗਲਾਤ ਵਿਭਾਗ ਵਿਚ 25-30 ਸਾਲਾਂ ਤੋ ਨਿਗੂਣੀਆਂ ਤਨਖ਼ਾਹਾਂ ਤੇ ਬਤੌਰ ਡੇਲੀਵੇਜ਼ ਕੰਮ ਕਰਦੇ ਕਾਮਿਆ ਨੂੰ ਕੱਢਣ ਦੀ ਨੀਅਤ ਹੋ ਗਈ ਸੀ ਪਰ ਹੁਣ ਇਨ੍ਹਾਂ ਕਾਮਿਆਂ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ। ਮੰਗ ਪੱਤਰ ਵਿਚ ਦਰਜ ਮੰਗਾਂ ਸਬੰਧੀ ਜਿਵੇਂ ਕਿ ਕੱਚੇ ਕਾਮੇ ਬਿਨਾਂ ਕਿਸੇ ਦੇਰ ਤੋਂ ਪੱਕੇ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ, ਕਿਸੇ ਵੀ ਮੰਡਲ ਵਿੱਚ ਵਰਕਰਾਂ ਦੀ ਛਾਂਟੀ ਨਾ ਕਰਨ ਦਾ ਯਕੀਨ ਦਿਵਾਇਆ ਗਿਆ, ਵਰਕਰਾਂ ਦੀਆ ਤਨਖ਼ਾਹਾਂ ਦਾ ਬਜਟ ਮਾਰਚ 2025 ਤੱਕ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਵਣ ਵਿਭਾਗ ਦੇ ਸਾਰੇ ਕੰਮ ਵਿਭਾਗ ਦੇ ਵਰਕਰਾਂ ਤੋਂ ਕਰਵਾਏ ਜਾਣ ਸਬੰਧੀ ਵੀ ਸਹਿਮਤੀ ਬਣੀ। ਇਨ੍ਹਾਂ ਮੰਗਾਂ ਸਬੰਧੀ ਮੀਟਿੰਗ ਵਣ ਭਵਨ ਮੁਹਾਲੀ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਦਰਸ਼ਨ ਬੇਲੂਮਾਜਰਾ, ਗੁਰਵਿੰਦਰ ਖਮਾਣੋਂ, ਹਰਬੰਸ ਲਾਲ ਮੁਹਾਲੀ, ਜਸਵਿੰਦਰ ਸਿੰਘ ਸੌਜਾ, ਅਮਨਦੀਪ ਸਿੰਘ ਛੱਤ ਬੀੜ, ਕੇਵਲ ਗੜ੍ਹਸ਼ੰਕਰ, ਸੁਖਦੇਵ ਰੋਪੜ, ਸੇਰ ਸਿੰਘ ਸਰਹਿੰਦ, ਸਤਨਾਮ ਸੰਗਰੂਰ, ਸੁਲੱਖਣ ਸਿੰਘ ਸਿਸਵਾਂ, ਬੱਬੂ ਮਾਨਸਾ, ਛਿੰਦਰਪਾਲ ਸਿੰਘ, ਰਵੀ ਕੁਮਾਰ, ਬੂਟਾ ਸਿੰਘ ਲੁਧਿਆਣਾ, ਭਿੰਦਰ ਘੱਗਾ, ਸਜੀਵ ਕੁਮਾਰ ਹੁਸ਼ਿਆਰਪੁਰ, ਸਾਧੂ ਸਿੰਘ ਖਮਾਣੋਂ ਆਦਿ ਆਗੂ ਹਾਜ਼ਰ ਸਨ।
ਜੰਗਲਾਤ ਕਾਮਿਆਂ ਦੀ ਇਕ ਹੋਰ ਜਥੇਬੰਦੀ ਸੰਘਰਸ਼ ਦੇ ਰੌਂਅ ’ਚ
ਇਕ ਹੋਰ ਜੰਗਲਾਤ ਕਾਮਿਆਂ ਦੀ ਜਥੇਬੰਦੀ ਪੰਜਾਬ ਵਣ ਵਿਭਾਗ ਵਰਕਰਜ਼ ਨੇ 6 ਫਰਵਰੀ 2 ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ, ਉਸ ਦੀਆਂ ਤਿਆਰੀਆਂ ਸਬੰਧੀ ਅੱਜ ਜਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬਾ ਆਗੂ ਬਲਵੀਰ ਸਿੰਘ ਮੰਡੋਲੀ, ਮੇਜਰ ਸਿੰਘ ਬਹੇੜਾ, ਵੀਰਪਾਲ ਸਿੰਘ ਬੰਮਣਾ, ਹਰਚਰਨ ਸਿੰਘ ਬਦੋਛੀ, ਕੁਲਵੰਤ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਲੋਚਮਾ, ਬੇਅੰਤ ਸਿੰਘ ਭਾਦਸੋਂ ਅਤੇ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।