ਵਣਜਾਰਾ ਬੇਦੀ ਬਾਰੇ ਲਿਖੀ ਆਲੋਚਨਾਤਮਕ ਪੁਸਤਕ ਲੋਕ ਅਰਪਣ
ਦਲਜਿੰਦਰ ਰਹਿਲ
ਨੋਵੇਲਾਰ (ਇਟਲੀ): ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਨੋਵੇਲਾਰ ਵਿਖੇ ਸ਼ਾਂਤੀ ਸਦਭਾਵਨਾ ਤੇ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਕੀਤੀ ਗਈ। ਇਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਰਿਵਾਰਾਂ ਸਮੇਤ ਬੱਚਿਆਂ ਨੇ ਵੀ ਹਾਜ਼ਰੀ ਲਵਾਈ। ਇਸ ਦੌਰਾਨ ਵਣਜਾਰਾ ਵੇਦੀ ਬਾਰੇ ਲਿਖੀ ਆਲੋਚਨਾਤਮਕ ਪੁਸਤਕ ਲੋਕ ਅਰਪਣ ਕੀਤੀ ਗਈ।
ਜੌਹਲ ਰੈਸਟੋਰੈਂਟ ਨੋਵੇਲਾਰਾ ਇਟਲੀ ਵਿਖੇ ਰੱਖੇ ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਵੱਲੋਂ ਸਭ ਨੂੰ ਜੀ ਆਇਆਂ ਕਹਿੰਦਿਆਂ, ਸਮਾਗਮ ਦਾ ਮਨੋਰਥ ਅਤੇ ਸਭਾ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਕੀਤੀ ਗਈ। ਇਕੱਤਰਤਾ ਵਿੱਚ ਸ਼ਾਮਿਲ ਹੋਏ ਲੇਖਕਾਂ ਵਿੱਚ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਰਾਜੂ ਹਠੂਰੀਆ, ਪ੍ਰੋਫੈਸਰ ਜਸਪਾਲ ਸਿੰਘ, ਭੁਪਿੰਦਰ ਸਿੰਘ, ਬਿੰਦਰ ਕੋਲੀਆਂਵਾਲ, ਗੁਰਮੀਤ ਸਿੰਘ ਮੱਲ੍ਹੀ ਨੇ ਸ਼ਮੂਲੀਅਤ ਕੀਤੀ। ਗੀਤਾਂ ਦੀ ਪੇਸ਼ਕਾਰੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਇਟਲੀ ਵੱਸਦੇ ਪੰਜਾਬੀ ਕਲਾਕਾਰ ਮਨਜੀਤ ਸ਼ਾਲ੍ਹਾਪੁਰੀ ਅਤੇ ਮਹਿਕਪ੍ਰੀਤ ਸਿੰਘ ਮੱਲ੍ਹੀ ਨੇ ਧਾਰਮਿਕ ਅਤੇ ਸੱਭਿਆਚਾਰਕ ਗੀਤ ਸੁਣਾ ਕੇ ਸਰੋਤਿਆਂ ਦੀ ਖ਼ੂਬ ਵਾਹ ਵਾਹ ਖੱਟੀ। ਇਸ ਇਕੱਤਰਤਾ ਵਿੱਚ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਪਰਿਵਾਰਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਸਮਾਗਮ ਦੀ ਪ੍ਰਾਪਤੀ ਰਹੀ। ਇਨ੍ਹਾਂ ਵਿੱਚ ਬਲਵਿੰਦਰ ਕੌਰ, ਹਰਮੀਤ ਸਿੰਘ ਢੋਟ, ਪ੍ਰਭਦੀਪ ਕੌਰ ਢੋਟ, ਜਸਬੀਰ ਕੌਰ ਮੱਲ੍ਹੀ, ਰਵਨੀਤ ਕੌਰ, ਪ੍ਰਿੰਸ ਗੈਵਿਨ ਸਿੰਘ ਬੱਲ ਅਤੇ ਗੁਰਲੀਨ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।
ਸਮਾਗਮ ਵਿੱਚ ਜੇ. ਡੀ ਧਨੋਆ ਪ੍ਰੋਡਕਸ਼ਨ ਵੱਲੋਂ ਪੇਸ਼ ਗੁਰਮੀਤ ਸਿੰਘ ਮੱਲ੍ਹੀ ਦਾ ਲਿਖਿਆ ਤੇ ਸ਼ਿਵਾਨੀ ਮਨਗੋਤਰਾ ਦਾ ਗਾਇਆ ਗੀਤ ‘ਜ਼ਿੰਦਗੀ ਮੇਰੀ’ ਦਾ ਪੋਸਟਰ, ਵਿਸ਼ਾਲ ਬਿਆਸ ਦੁਆਰਾ ਸੰਪਾਦਿਤ ਪੰਜਾਬੀ ਪਰਚਾ ‘ਮੰਤਵ’, ਪੰਜਾਬੀ ਪਰਚੇ ‘ਸੁਰਤਿ’ ਦੇ ਤੀਜੇ ਅੰਕ ਸਮੇਤ ਡਾ. ਸਿਮਰਨ ਕੌਰ ਸੇਠੀ ਅਤੇ ਡਾ. ਮਨਪ੍ਰੀਤ ਕੌਰ ਧਾਲੀਵਾਲ ਵੱਲੋਂ ਸੰਪਾਦਿਤ ਪੁਸਤਕ ‘ਵਣਜਾਰਾ ਬੇਦੀ’ ਲੋਕ ਅਰਪਣ ਕੀਤੀ ਗਈ।