ਵਟਸਐਪ ਮਾਮਲਾ: ਗਰੁੱਪ ਐਡਮਿਨ ਸੈਕਸੁਅਲ ਹਰਾਸਮੈਂਟ ਕਮੇਟੀ ਵੱਲੋਂ ਤਲਬ

ਕੇਪੀ ਸਿੰਘ
ਗੁਰਦਾਸਪੁਰ, 12 ਅਗਸਤ
‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਵਟਸਐਪ ਗਰੁੱਪ ਵਿੱਚ ਅਸ਼ਲੀਲ ਵੀਡੀਓ ਭੇਜਣ ਦੇ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਗੁਰਦਾਸਪੁਰ ਨਾਲ ਸਬੰਧਤ ਸੈਕਸੁਅਲ ਹਰਾਸਮੈਂਟ ਕਮੇਟੀ ਦੀ ਪ੍ਰੀਜ਼ਾਈਡਿੰਗ ਅਫ਼ਸਰ ਮਾਇਆ ਦੇਵੀ ਨੇ ਸਬੰਧਤ ਐਡਮਿਨ ਵਿਸ਼ਾਲ ਮਿਨਹਾਸ ਨੂੰ ਆਪਣਾ ਪੱਖ ਰੱਖਣ ਲਈ 13 ਅਗਸਤ ਨੂੰ ਬੁਲਾਇਆ ਹੈ। ਇਸ ਦੇ ਨਾਲ ਹੀ ਗਰੁੱਪ ਵਿੱਚ ਸ਼ਾਮਲ ਮਹਿਲਾ ਅਧਿਆਪਕਾਂ ਨੂੰ ਵੀ ਪੱਤਰ ਜਾਰੀ ਕਰ ਕੇ ਬਿਆਨਾਂ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਜਿੱਥੇ ਬਹੁਤ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਹੈ ਉੱਥੇ ‘ਪੜ੍ਹੋ ਪੰਜਾਬ ਪੜ੍ਹਾਓ’ ਪੰਜਾਬ ਟੀਮ ਦੇ ਕੁਝ ਮੈਂਬਰ ਇਸ ਗਰੁੱਪ ਐਡਮਿਨ ਅਧਿਆਪਕ ਦੇ ਹੱਕ ਵਿੱਚ ਨਿੱਤਰੇ ਹਨ।
ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸ਼ਾਸਤਰੀ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਪੰਜਾਬ ਦੇ ਉੱਚ ਸਿੱਖਿਆ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਇਸ ਅਧਿਆਪਕ ਦੇ ਈਟੀਟੀ (ਪ੍ਰਾਇਮਰੀ ਵਿਭਾਗ) ਤੋਂ ਬਤੌਰ ਮਾਸਟਰ ਕਾਡਰ ਤਰੱਕੀ ਲੈਣ ਦੇ ਬਾਵਜੂਦ ਉਸ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਜ਼ਿਲ੍ਹਾ ਕੋਆਰਡੀਨੇਟਰ ਲਗਾਇਆ ਗਿਆ ਸੀ ਜੋ ਨਿਯਮਾਂ ਦੇ ਉਲਟ ਹੈ। ਉਨ੍ਹਾਂ ਡਿਪਟੀ ਕਮਿਸ਼ਨਰ, ਗੁਰਦਾਸਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਖ਼ਦਸ਼ਾ ਹੈ ਕਿ ਸਾਰੇ ਘਟਨਾਕ੍ਰਮ ’ਤੇ ਪਰਦਾ ਪਾਉਣ ਹਿੱਤ ਉੱਪਰਲੇ ਪੱਧਰ ਦੇ ਸਿੱਖਿਆ ਅਧਿਕਾਰੀ ਯਤਨ ਕਰ ਰਹੇ ਹਨ। ਇਸ ਲਈ ਸਾਰੇ ਘਟਨਾਕ੍ਰਮ ਦੀ ਜਾਂਚ ਸਾਈਬਰ ਕ੍ਰਾਈਮ ਏਜੰਸੀ ਤੋਂ ਨਿਰਪੱਖ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ। ਇਸੇ ਸਬੰਧੀ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਰੂ ਨਾਨਕ ਪਾਰਕ ਵਿੱਚ ਮੀਟਿੰਗ ਕਰ ਕੇ ਇਸ ਮਾਮਲੇ ਦੀ ਨਿੰਦਾ ਕੀਤੀ। ਇਸ ਮੌਕੇ ਨਰੇਸ਼ ਪਨਿਆੜ, ਪੰਕਜ ਅਰੋੜਾ, ਲਖਵਿੰਦਰ ਸੇਖੋਂ ਮੌਜੂਦ ਸਨ।
ਦੂਸਰੇ ਪਾਸੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਖ਼ਿਲਾਫ਼ ਗੁਮਰਾਹਕੁਨ ਪ੍ਰਚਾਰ ਕੀਤਾ ਗਿਆ ਹੈ। ਜਗਦੀਸ਼ ਰਾਜ, ਦਵਿੰਦਰ ਸਿੰਘ, ਲਵ ਪ੍ਰੀਤ, ਜਗਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕੋਆਰਡੀਨੇਟਰ ਨੇ ਪਿਛਲੇ 10 ਸਾਲ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਕੋਆਰਡੀਨੇਟਰ ਦੇ ਨਾਲ ਖੜ੍ਹੀ ਹੈ।