For the best experience, open
https://m.punjabitribuneonline.com
on your mobile browser.
Advertisement

ਵਗਦੇ ਪਾਣੀ

04:01 AM Jun 01, 2025 IST
ਵਗਦੇ ਪਾਣੀ
Advertisement

ਦੀਪਤੀ ਬਬੂਟਾ
ਕਥਾ ਪ੍ਰਵਾਹ

Advertisement

‘‘ਕਿੰਨਾ ਆਖਿਆ ਨਾ ਜਾ, ਪਰ ਸੁਣਦਾ ਕਿੱਥੇ? ਆ ਜਾਵੇ। ਹੁਣ ਨਹੀਂ ਜਾਣ ਦੇਣਾ। ਰਾਜਨ ਫੋਨ ਚੁੱਕ ਲਾ ਪੁੱਤ! ਨੈੱਟਵਰਕ ਨਹੀਂ ਏ ਤਾਂ ਸਿੰਪਲ ਕਾਲ ਲਗਾ ਲੈ। ਤੇਰੇ ਫੋਨ ਨੂੰ ਕੁਝ ਹੋ ਗਿਐ ਤਾਂ ਕਿਸੇ ਹੋਰ ਦੇ ਫੋਨ ਤੋਂ ਕਾਲ ਕਰ ਦੇ। ਤੈਨੂੰ ਨਹੀਂ ਪਤਾ, ਤੇਰੀ ਮਾਂ ਦਾ ਤੇਰੇ ਨਾਲ ਗੱਲ ਕੀਤੇ ਬਿਨਾਂ ਕੀ ਹਾਲ ਹੁੰਦੈ? ਦੂਜਾ ਦਿਨ ਹੋ ਗਿਆ ਖਪਦੇ। ਫੋਨ ਈ ਨੀ ਚੁੱਕਦਾ! ਓ ਰਾਜਨ, ਚੁੱਕ ਲਾ ਫੋਨ!’’
ਈਅਰਫੋਨ ਕੰਨਾਂ ਨੂੰ ਲਗਾਈ ਸਰਿਤਾ ਪਾਗਲਾਂ ਹਾਰ ਪੁੱਤਰ ਦਾ ਨੰਬਰ ਡਾਇਲ ਕਰਦੀ ਲਛਮਣ ਝੂਲਾ ਬਣੀ ਹੋਈ ਹੈ। ਉਸ ਦੀ ਹਾਲਤ ਕਿਸੇ ਵੀ ਪੱਥਰ ਦਿਲ ਦਾ ਸੀਨਾ ਪਾੜ, ਨੈਣਾਂ ’ਚੋਂ ਹੰਝੂਆਂ ਦੀ ਝੜੀ ਲਾ ਦੇਵੇ।
‘‘ਜਿਸ ਦਾ ਇੱਕੋ-ਇੱਕ ਜਵਾਨ-ਜਹਾਨ ਪੁੱਤਰ ਅਚਾਨਕ ਜੱਗ ਤੋਂ ਚਲਾ ਜਾਏ ਉਹ ਪਾਗਲ ਨਾ ਹੋਵੇ ਤਾਂ ਹੋਰ ਕੀ ਕਰੇ! ਡਾਕਟਰ ਨੂੰ ਸੱਦ ਕੇ ਇਹਨੂੰ ਟੀਕਾ ਲਵਾਓ ਭਾਈ।’’
ਮੁਹੱਲੇ ਦੀ ਦਾਨੀ-ਬੀਨੀ ਸੁਖਵੰਤ ਬੀਬੀ ਦੇ ਕਹਿਣ ’ਤੇ ਕਿਸੇ ਨੂੰ ਅਹੁੜੀ। ਡਾਕਟਰ ਸੱਦਿਆ ਗਿਆ। ਸਰਿਤਾ ਕਿੱਥੇ ਕਾਬੂ ਆਵੇ। ਤਿੰਨ-ਚਾਰ ਜ਼ਨਾਨੀਆਂ ਨੇ ਲੱਤਾਂ-ਬਾਹਾਂ ਤੋਂ ਫੜ ਟੀਕਾ ਲੁਆ ਦਿੱਤਾ। ਦਵਾਈ ਨੇ ਅਸਰ ਦਿਖਾਇਆ। ਮੋਬਾਈਲ ਸਕਰੀਨ ’ਤੇ ਲੱਗੇ ਅੱਖਾਂ ਦੇ ਛੱਪਰ ਹੇਠਾਂ ਡਿੱਗਣ ਲੱਗੇ। ਨੀਮ ਬੇਹੋਸ਼ੀ ’ਚ ਵੀ ਪੁੱਤਰ ਨੂੰ ਆਵਾਜ਼ਾਂ ਮਾਰਦੀ ਤੜਫ਼ੇ, ‘‘ਰਾਜਨ, ਹੈਪੀ ਬ’ਡੇ ਪੁੱਤ। ਫੋਨ ਚੁੱਕ ਲੈ ਮੇਰੇ ਬੱਚੇ। ਵੇਖ ਅਸੀਂ ਸਾਰੇ ਪਾਰਟੀ ਕਰ ਰਹੇ ਆਂ ਤੇਰੇ ਬ’ਡੇ ਦੀ। ਆਹ ਵੇਖ ਤੇਰੇ ਬ’ਡੇ ਦਾ ਕੇਕ। ਤੇਰੀ ਪਸੰਦ ਦਾ ਬਣਾਇਆ ਮੈਂ। ਮੂੰਹ ਖੋਲ੍ਹ।’’
ਖਾਲੀ ਹੱਥ ਚੁੱਕ-ਚੁੱਕ ਪੁੱਤਰ ਦੇ ਮੂੰਹ ’ਚ ਕੇਕ ਪਾਉਣ ਦੀ ਕੋਸ਼ਿਸ਼ ਕਰਦੀ ਦੀ ਹਾਲਤ ਹਰ ਕਿਸੇ ਨੂੰ ਡੋਬੂ ਪਾਵੇ, ਪਰ ਉਸ ਦੇ ਦਰਦ ਦੀ ਦਵਾ ਕਿਸੇ ਕੋਲ ਨਾ। ਟੀਕੇ ਦਾ ਅਸਰ ਘਟਦਾ। ਉਹ ਫਿਰ ਮੋਬਾਈਲ ਤੋਂ ਵੀਡਿਓ ਕਾਲ ਲਗਾ ਸਕਰੀਨ ਵੇਖਦੀ ਝੂਲਣ ਲੱਗਦੀ। ਵਧੇਰੇ ਨਸ਼ੇ ਦੀ ਖ਼ੁਰਾਕ ਖ਼ਤਰਾ ਦੱਸਦੇ ਹੋਏ ਡਾਕਟਰ ਨੇ ਹੋਰ ਟੀਕਾ ਲਾਉਣ ਤੋਂ ਨਾਂਹ ਕਰ ਦਿੱਤੀ। ਲਾਸ਼ ਬਣਿਆ ਮਹੇਸ਼ ਡਿੱਕੋ-ਡੋਲੇ ਖਾਂਦਾ ਉੱਠਿਆ ਤੇ ਸਰਿਤਾ ਦੇ ਮੋਢੇ ਝੰਜੋੜਦਾ ਚੀਖਿਆ, ‘‘ਜਦੋਂ ਉਹ ਨੈੱਟਵਰਕ ’ਚ ਨਹੀਂ ਤਾਂ ਗੱਲ ਕਿਵੇਂ ਹੋਏਗੀ? ਮਰ ਗਿਆ ਆਪਣਾ ਪੁੱਤਰ। ਆਪਾਂ ਲੁੱਟੇ ਗਏ ਆਂ। ਕੁਝ ਨਹੀਂ ਬਚਿਆ ਆਪਣੇ ਕੋਲ। ਰਾਜਨ ਦੇ ਟਰੱਕ ਦਾ ਐਕਸੀਡੈਂਟ ਹੋ ਗਿਐ ਅਮਰੀਕਾ ’ਚ। ਆਪਣਾ ਪੁੱਤਰ ਉਸ ਜਹਾਨ ਚਲਾ ਗਿਆ ਜਿੱਥੇ ਕੋਈ ਨੈੱਟਵਰਕ ਕੰਮ ਨਹੀਂ ਕਰਦਾ। ਉਹਦਾ ਜਨਮ ਦਿਨ ਹੀ ਮਰਨ ਦਿਨ...।’’
ਅੱਗੋਂ ਉਸ ਤੋਂ ਬੋਲ ਨਾ ਹੋਇਆ। ਆਪਣਾ ਸਿਰ ਪਿਟਦਿਆਂ ਉਸ ਸਰਿਤਾ ਹੱਥੋਂ ਮੋਬਾਈਲ ਫੜ ਵਗਾਹ ਮਾਰਿਆ। ਮੋਬਾਈਲ ਕੰਧ ’ਚ ਜਾ ਵੱਜਿਆ ਤੇ ਪੁਰਜ਼ਾ-ਪੁਰਜ਼ਾ ਹੋ ਖਿੱਲਰ ਗਿਆ।
‘‘ਮੇਰਾ ਬੱਚਾ, ਮੇਰਾ ਬੱਚਾ।’’ ਕਰਦੀ ਸਰਿਤਾ ਨੇ ਬਾਂਗਰ ਲਾ ਦਿੱਤੀ। ਉਸ ਨੂੰ ਚੁੱਪ ਕਰਵਾਉਣ ਲਈ ਅੱਗੇ ਹੁੰਦੀਆਂ ਜ਼ਨਾਨੀਆਂ ਨੂੰ ਰੋਕਦੀ ਬੀਬੀ ਸੁਖਵੰਤ ਬੋਲੀ, ‘‘ਰੋਣ ਦਿਉ ਇਹਨੂੰ। ਜਿੰਨਾ ਰੋਵੇ ਉਨਾ ਚੰਗਾ। ਜੇ ਗ਼ਮ ਦੀ ਗੱਠ ਬੱਝ ਗਈ ਇਹ ਪਾਗਲ ਹੋ’ਜੂ। ਮਰਿਆਂ ਨਾਲ ਮਰਿਆ ਵੀ ਤਾਂ ਨਹੀਂ ਜਾਂਦਾ। ਹੁਣ ਤਾਂ ਪੁੱਤ ਦੀਆਂ ਯਾਦਾਂ ਆਸਰੇ ਈ ਜ਼ਿੰਦਗੀ ਲੰਘਣੀ। ਹਸੂੰ-ਹਸੂੰ ਕਰਦਾ ਇੱਥੇ ਗਲੀ ’ਚ ਭੱਜਿਆ ਫਿਰਦਾ! ਆਉਂਦਾ-ਜਾਂਦਾ ਬੁਲਾ ਕੇ ਨਿਕਲਦਾ।’’
ਚੁੰਨੀ ਦੇ ਪੱਲੇ ਨਾਲ ਨੱਕ, ਅੱਖਾਂ ਪੂੰਝਦਿਆਂ ਉਸ ਰਾਜਨ ਦੀਆਂ ਯਾਦਾਂ ਦੀ ਤੰਦ ਛੋਹ ਲਈ। ਹੁੰਗਾਰਾ ਭਰਦੀਆਂ ਭੂਰੇ ’ਤੇ ਬੈਠੀਆਂ ਜ਼ਨਾਨੀਆਂ ਆਪੋ-ਆਪਣੇ ਹਿੱਸੇ ਦਾ ਸਾਥ ਫਰੋਲਣ ਲੱਗੀਆਂ, ‘‘ਐਡਾ ਸਾਊ ਮੁੰਡਾ, ਕਦੇ ਉੱਚਾ ਬੋਲਦਾ ਨਾ ਸੁਣਿਆ। ਅਸੀਂ ਤਾਂ ਨਿੱਕੇ ਜਿਹੇ ਨੂੰ ਸੈਕਲੀ ਭਜਾਉਂਦੇ ਵੇਖਿਆ। ਸਾਈਕਲ ਤੋਂ ਮੋਟਰਸਾਈਕਲ ਚਲਾਉਂਦਾ ਜਹਾਜ਼ ਚੜ੍ਹ ਗਿਆ। ਗੱਲ-ਗੱਲ ’ਚ ਮੇਰਾ ਰਾਜਨ, ਮੇਰਾ ਰਾਜਨ ਕਰਦੀ ਸਰਿਤਾ ਦਾ ਮੂੰਹ ਸੁੱਕਦਾ। ਰਾਜਨ ਮੈਨੂੰ ਇਹ ਕਹਿੰਦਾ, ਰਾਜਨ ਮੈਨੂੰ ਉਹ ਕਹਿੰਦਾ।’’
ਇੱਕ ਫਫਕੀ ਤਾਂ ਦੂਜੀ ਨੇ ਹਾਉਕਾ ਭਰਿਆ, ‘‘ਤਿੰਨ ਵਰ੍ਹੇ ਹੋ’ਗੇ ਸੀ ਗਏ ਨੂੰ। ਪੱਕਾ ਹੋਣ ਵਾਲਾ ਸੀ। ਪਿਛਲੇ ਮਹੀਨੇ ਵਿਆਹ ਹੋਇਆ ਉਧਰ। ਲੁੱਟੀ ਗਈ ਲੜ ਲੱਗਣ ਵਾਲੀ ਵੀ। ਇਹ ਤਾਂ ਨੂੰਹ-ਪੁੱਤਰ ਦੇ ਆਉਣ ਦੀਆਂ ਤਿਆਰੀਆਂ ’ਚ ਉੱਡੇ-ਫਿਰਦੇ ਸੀ। ਕੌਣ ਜਾਣਦਾ ਸੀ? ਓਏ ਹੋਏ! ਐਡਾ ਕਹਿਰ ਵੇ ਰੱਬਾ!’’
ਅੱਗੋਂ ਕਿਸੇ ਤੋਂ ਬੋਲ ਨਾ ਹੋਇਆ। ਚੁੱਪ ਦੇ ਪਸਾਰ ’ਚ ਮਹੇਸ਼ ਦਾ ਰੁਦਨ ਉਭਰਿਆ, ‘‘ਹਾਏ ਮੇਰੇ ਪੁੱਤ ਦਾ ਬ’ਡੇ ਸੀ। ਅਸੀਂ ਤਾਂ ਪਾਰਟੀ ਕਰਦੇ ਸੀ ਸਾਰੇ। ਇੱਧਰ ਰਾਤ ਉੱਧਰ ਦਿਨ ਦਾ ਹਿਸਾਬ ਲਾ ਅਸੀਂ ਰਾਤੀਂ ਡੇਢ ਵਜੇ ਕੇਕ ਕੱਟਣ ਲੱਗਿਆਂ ਫੋਨ ਲਾਈਏ। ਰਿੰਗ ਜਾਵੇ ਫੋਨ ਨਾ ਚੁੱਕੇ। ਫਿਰ ਮੋਬਾਈਲ ਬੰਦ ਹੋ ਗਿਆ। ਨੈੱਟਵਰਕ ਚਲਾ ਗਿਆ ਹੋਣੈ, ਸੋਚ ਕੇ ਅਸੀਂ ਨੱਚਦੇ-ਟੱਪਦੇ ਕੇਕ ਕੱਟਿਆ। ਸਵੇਰ ਤੱਕ ਫੋਨ ਨਾ ਆਇਆ। ਅਸੀਂ ਬਹੂ ਦੇ ਪੇਕੇ ਪਹਿਲਾ ਫੇਰਾ ਪਾਉਣ ਜਾਣਾ ਸੀ। ਨਿਕਲਣ ਲੱਗੇ ਸੀ ਕਿ ਵੱਡੇ ਭਰਾ ਦਾ ਮੁੰਡਾ ਆ ਗਿਆ। ਰੰਗ ਉੱਡਿਆ ਹੋਇਆ। ਡਰਿਆ, ਘਾਬਰਿਆ ਜਿਹਾ ਬੋਲਿਆ। ਅਖੇ, ‘ਰਾਜਨ ਦੇ ਟਰੱਕ ਦਾ ਰਾਤੀਂ ਐਕਸੀਡੈਂਟ ਹੋ ਗਿਐ ਚਾਚੂ।’ ਸੁਣ ਕੇ ਮੇਰਾ ਸਰੀਰ ਸੁੰਨ ਹੋ ਗਿਆ। ਭਤੀਜਾ ਕਹਿੰਦਾ ਰਾਤੀਂ ਡੇਢ ਵਜੇ ਰਾਜਨ ਦੇ ਖੜ੍ਹੇ ਟਰੱਕ ਵਿੱਚ ਸਾਹਮਣਿਓਂ ਆਉਂਦਾ ਟਰੱਕ ਵੱਜਿਐ। ਦੂਜੇ ਟਰੱਕ ਨੂੰ ਅੱਗ ਲੱਗ ਗਈ। ਉਸ ’ਚ ਸਵਾਰ ਦੋਵੇਂ ਮੁੰਡੇ ਵਿੱਚੇ ਸੜ ਕੇ ਸੁਆਹ ਹੋ ਗਏ। ਆਪਣੇ ਰਾਜਨ ਦੇ ਨਾਲ ਵਾਲਾ ਸਹਾਇਕ ਮੁੰਡਾ ਕੋਮਾ ’ਚ ਏ ਤੇ ਰਾਜਨ। ਹਾਏ ਓ ਰੱਬਾ! ਅਸੀਂ ਪੁੱਤਰ ਦੇ ਜਨਮ ਦਿਨ ਦਾ ਨਹੀਂ ਮੌਤ ਦਾ ਕੇਕ ਕੱਟਦੇ ਨੱਚੀ ਗਏ! ਸਾਨੂੰ ਮੌਤ ਕਿਉਂ ਨਾ ਆਈ?’’
ਆਪਣਾ ਸਿਰ ਪਿੱਟਦਾ ਮਹੇਸ਼ ਗਸ਼ ਖਾ ਗਿਆ। ਉਸ ਦੀ ਹਾਲਤ ਵੇਖ ਰੋਂਦੇ-ਕੁਰਲਾਉਂਦੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੋਈ ਹੱਥਾਂ-ਪੈਰਾਂ ਦੀਆਂ ਤਲੀਆਂ ਝੱਸੇ, ਕੋਈ ਮੂੰਹ ’ਚ ਪਾਣੀ ਦਾ ਘੁੱਟ ਪਾਵੇ, ਪਰ ਉਸ ਬਾਪ ਨੂੰ ਕਿੱਥੋਂ ਹੌਸਲਾ ਆਵੇ ਜਿਸ ਦਾ ਜੱਗ ’ਚੋਂ ਸੀਰ ਮੁੱਕ ਗਿਆ ਸੀ।
‘‘ਹੌਸਲਾ ਕਰ ਮਹੇਸ਼। ਡਾਹਢੇ ਅੱਗੇ ਕਿਸ ਦਾ ਜ਼ੋਰ। ਹੋਣੀ ਵੱਸ ’ਚ ਹੁੰਦੀ, ਮੁੰਡੇ ਨੂੰ ਬਾਹਰ ਹੀ ਕਿਉਂ ਘੱਲਦੇ? ਭੋਇੰ ਮੰਡਲਾ ਖਿੱਚ ਕੇ ਲੈ ਗਿਆ। ਰੋਟੀ ਤਾਂ ਇੱਥੇ ਵੀ ਖਾ ਕੇ ਸੌਂਦੇ ਸਾਂ। ਸਬਰ ਕਰ। ਹਾਏ ਓਏ ਰੱਬਾ ਸਾਨੂੰ ਚੁੱਕ ਲੈਂਦਾ, ਹੱਸਣ-ਖੇਡਣ ਦੀ ਉਮਰੇ ਸਾਡੇ ਬੱਚੇ ਨਾਲ ਕਿਹੜੀ ਕੀਤੀ?’’ ਭਰਾ ਨੂੰ ਦਿਲਾਸਾ ਦਿੰਦਾ ਮਹੇਸ਼ ਦਾ ਵੱਡਾ ਭਰਾ ਭੁੱਬੀਂ ਰੋਂਦਾ।
ਉਧਰ ਸਰਿਤਾ ਨੂੰ ਦੰਦਲਾਂ ਪੈ-ਪੈ ਜਾਣ। ਦੰਦਲ ਖੁੱਲ੍ਹਦੇ ਵਿਰਲਾਪ ਕਰਨ ਲੱਗਦੀ, ‘‘ਕਿਸੇ ਨੂੰ ਕੀ ਆਖਾਂ, ਮੇਰਾ ਮੁੰਡਾ ਹੀ ਜਿੱਦੀ। ਕਿੰਨਾ ਸਮਝਾਇਆ, ਬਾਹਰ ਜਾ ਕੇ ਦਿਹਾੜੀਆਂ-ਮਜ਼ਦੂਰੀਆਂ ਕਰਨ ਨਾਲੋਂ ਇੱਥੇ ਕੋਈ ਕੰਮ-ਧੰਦਾ ਕਰ ਲੈ। ਅਸੀਂ ਰਾਜੇ-ਮਹਾਰਾਜੇ ਨਾ ਸਹੀ, ਭੁੱਖੇ ਵੀ ਤਾਂ ਨਹੀਂ ਸੀ ਮਰਦੇ। ਪਰ ਨਹੀਂ, ਇਸ ਪਿਉ ਦੇ ਪੁੱਤਰ ਨੇ ਇੱਕੋ ਰਟ ਫੜੀ ਸੀ। ਕੈਨੇਡਾ ਜਾਣੈ, ਕੈਨੇਡਾ ਜਾਣੈ। ਹਾਏ ਓ ਰੱਬਾ, ਖਾ ਗਿਆ ਕੈਨੇਡਾ ਸਾਨੂੰ!’’
ਉਸ ਨੂੰ ਫਿਰ ਦੰਦਲ ਪੈ ਗਈ। ਨੱਕ ਮੂੰਹ ਘੁੱਟ ਕੇ ਜ਼ਨਾਨੀਆਂ ਨੇ ਦੰਦਲ ਖੋਲ੍ਹੀ। ਸੁਰਤ ’ਚ ਆਈ। ਫਿਰ ਉਹੀ ਹਾਲ-ਦੁਹਾਈ, ‘‘ਪਤਾ ਨਹੀਂ ਕਿਹੜਾ ਜਹਾਨ ਜਿੱਤਣਾ ਸੀ? ਬੀ.ਕਾਮ ਦਾ ਰਿਜ਼ਲਟ ਆਇਆ। ਪੁੱਛਿਆ ਨਾ ਦੱਸਿਆ ਆਇਲਜ਼ ਕੀਤੀ ਤੇ ਵੀਜ਼ੇ ਲਈ ਫਾਈਲ ਲਾ ਦਿੱਤੀ। ਮੈਂ ਆਖਾਂ ਸਾਡੇ ਕੋਲ ਕੈਨੇਡਾ ਭੇਜਣ ਲਈ ਲੱਖਾਂ ਹੈਨੀ। ਅੱਗੋਂ ਕਹਿੰਦਾ, ‘ਸਟੱਡੀ ਵੀਜ਼ੇ ਦਾ ਬੈਂਕ ਤੋਂ ਲੋਨ ਪਾਸ ਕਰਵਾ ਲਿਐ। ਮੋਟਰਸਾਈਕਲ ਵੇਚ ਦੂੰ, ਕੁਝ ਇੱਧਰੋਂ-ਉਧਰੋਂ ਫੜ ਕੇ ਹੋ’ਜੂ ਪ੍ਰਬੰਧ। ਤੁਸੀਂ ਫ਼ਿਕਰ ਨਾ ਕਰੋ। ਜਾ ਕੇ ਦਿਨ-ਰਾਤ ਇੱਕ ਕਰ ਦੇਣੈ। ਡਾਲਰਾਂ ਦੇ ਟਰੱਕ ਭਰ-ਭਰ ਭੇਜੂੰ ਮਾਤਾ। ਤੂੰ ਇਹ ਸੋਚ ਸਾਂਭਣੇ ਕਿੱਥੇ ਆ ਤੇ ਖਰਚਣੇ ਕਿੱਥੇ ਆ।’ ਸਾਨੂੰ ਦੋਹਾਂ ਜੀਆਂ ਨੂੰ ਡੋਬੂ ਪੈਣ। ਰੱਬ ਅੱਗੇ ਅਰਦਾਸਾਂ ਕਰੀਏ। ਹੇ ਪਰਮਾਤਮਾ! ਮਿਹਰ ਕਰ। ਸਾਡੇ ਪੁੱਤਰ ਦਾ ਵੀਜ਼ਾ ਨਾ ਲੁਆਈਂ। ਰੱਬ ਨੇ ਸਾਡੀ ਇੱਕ ਨਾ ਸੁਣੀ। ਦਿਨਾਂ ’ਚ ਵੀਜ਼ਾ ਆ ਗਿਆ। ਅਸੀਂ ਪੁੱਤਰ ਦੀ ਜ਼ਿੱਦ ਅੱਗੇ ਹਾਰ ਗਏ। ਕਿੰਨਾ ਆਖਿਆ ਟਰੱਕ ਨਹੀਂ ਚਲਾਉਣਾ। ਤੂੰ ਕੋਈ ਹੋਰ ਕੰਮ ਕਰ ਲੈ। ਇਹ ਮਾਂ ਦਾ ਲਾਲ ਨਾ ਮੰਨਿਆ। ਅਖੇ, ‘ਤੁਹਾਨੂੰ ਦੁਨੀਆ ਦੀ ਹਰ ਉਹ ਸ਼ੈਅ ਲੈ ਕੇ ਦਊਂ ਜਿਸ ਲਈ ਤਰਸ-ਤਰਸ ਦਿਨ ਕਟੀ ਕਰਦੇ ਓ। ਆਪਣੇ ਸੁਪਨੇ ਵੱਡੇ ਆ ਮਾਤਾ। ਵੱਡੇ ਸੁਪਨੇ ਪੂਰੇ ਕਰਨ ਲਈ ਚੈਲੰਜ ਵੀ ਵੱਡੇ ਲੈਣੇ ਪੈਂਦੇ ਆ। ਤੇਰਾ ਪੁੱਤ ਕੈਨੇਡਾ ਤੋਂ ਅਮਰੀਕਾ ਰੂਟ ’ਤੇ ਟਰੱਕ ਨੂੰ ਭੁਆਟਣੀਆਂ ਦਿੰਦੈ।’ ਦੇ ਲਈਆਂ ਭੁਆਟਣੀਆਂ। ਲੈ ਲਿਆ ਰੱਬ ਨਾਲ ਪੰਗਾ! ਜਿੱਤ ਲਿਆ ਜਹਾਨ! ਹਾਏ! ਮਾਰ ਕੇ ਸੁੱਟ ਗਿਆ ਸਾਨੂੰ!’’ ਉਹ ਪੱਟ, ਛਾਤੀਆਂ, ਮੂੰਹ ਸਿਰ ਪਿੱਟਦੀ ਆਪੇ ਤੋਂ ਬਾਹਰ ਹੋਣ ਲੱਗੀ।
‘‘ਨਾ ਪੁੱਤ, ਆਪਣਾ-ਆਪ ਪਿੱਟਿਆਂ ਕੁਝ ਨਹੀਂ ਮੁੜਨਾ। ਪੁੱਤ ਗਿਆ। ਨੂੰਹ ਹੈਗੀ। ਉਸੇ ’ਚੋਂ ਪੁੱਤ ਲੱਭਣਾ ਪੈਣਾ। ਪੁੱਤ ਖੋਹ ਕੇ ਰੱਬ ਨੇ ਧੀ ਦੇ’ਤੀ। ਆਹ ਪਾਣੀ ਦਾ ਘੁੱਟ ਭਰ, ਸਬਰ ਕਰ!’’
ਸੁਖਵੰਤ ਬੀਬੀ ਨੇ ਲਾਡ ਨਾਲ ਸਿਰ ਪਲੋਸਦਿਆਂ ਪਾਣੀ ਦਾ ਗਲਾਸ ਸਰਿਤਾ ਦੇ ਮੂੰਹ ਨੂੰ ਲਾ ਦਿੱਤਾ। ਪਾਣੀ ਦਾ ਘੁੱਟ ਅੰਦਰ ਗਿਆ। ਹਉਕਾ ਭਰਦੀ ਉਹ ਨੂੰਹ-ਪੁੱਤ ਦੀਆਂ ਗੱਲਾਂ ਕਰਨ ਲੱਗੀ, ‘‘ਜਿਹੜੀ ਜ਼ਿੱਦ ਫੜਦਾ ਉਸੇ ਦੇ ਪਿੱਛੇ ਪੈ ਜਾਂਦਾ। ਛੇ ਮਹੀਨਿਆਂ ਤੋਂ ਸਾਡੀ ਜਾਨ ਲੈਣੀ ਕੀਤੀ ਸੀ। ਮੇਰਾ ਵਿਆਹ ਕਰ ਦੋ, ਮੇਰਾ ਵਿਆਹ ਕਰ ਦੋ। ਮੈਂ ਆਖਾਂ ਕੁੜੀਆਂ ਕੋਈ ਥਾਲੀ ’ਚ ਧਰੀਆਂ ਪਈਆਂ ਨੇ। ਆਖਦਾ, ਮੈਨੂੰ ਪਸੰਦ ਏ ਇੱਕ ਕੁੜੀ। ਇੱਥੇ ਕੈਨੇਡਾ ਹੀ ਏ। ਇੱਕ ਬੂਟੀਕ ’ਚ ਡਰੈੱਸ ਡਿਜ਼ਾਈਨਰ ਐ। ਪਿੱਛੋਂ ਘਰੋਂ ਤਾਂ ਆਪਣੇ ਵਾਂਗ ਠੀਕ-ਠਾਕ ਹੀ ਐ, ਪਰ ਹੈ ਇਧਰ ਪੀ.ਆਰ.। ਉਸ ਨਾਲ ਮੇਰਾ ਪੱਕਾ ਹੋਣਾ ਸੌਖਾ ਹੋ’ਜੂ। ਇਹ ਕਹਿਣ ਲੱਗੇ, ਜ਼ਿੰਦਗੀ ਉਸ ਨੇ ਗੁਜ਼ਾਰਨੀ ਏ। ਜਿੱਥੇ ਖ਼ੁਸ਼ ਏ ਉੱਥੇ ਵਿਆਹ ਦਿੰਨੇ ਆਂ। ਅਸੀਂ ਜ਼ੋਰ ਪਾਈਏ ਇਧਰ ਆ’ਜੋ। ਅਸੀਂ ਤੁਹਾਡਾ ਵਿਆਹ ਕਰਨੈ। ਅਖੇ, ਸਾਡੇ ਦੋਹਾਂ ਦੇ ਆਉਣ-ਜਾਣ ਦੀਆਂ ਟਿਕਟਾਂ ’ਤੇ ਹੀ ਲੱਖਾਂ ਰੁਪਈਆ ਲੱਗ ਜਾਣੈ। ਊਂ ਵੀ ਮੇਰੇ ਪੱਕਾ ਹੋਣ ਲਈ ਇਧਰ ਪੇਪਰ ਮੈਰਿਜ ਕਰਨੀ ਪੈਣੀ ਏ। ਮੈਂ ਬਹੂ ਅੱਗੇ ਅਰਜ਼ ਗੁਜ਼ਾਰੀ। ਉਸ ਇਧਰ ਆਉਣ ਦੀ ਹਾਮੀ ਭਰ’ਤੀ। ਕਹਿੰਦੀ, ਮੰਮਾ ਇਧਰ ਪੇਪਰ ਮੈਰਿਜ ਕਰਵਾ ਕੇ ਅਸੀਂ ਅਗਲੇ ਮਹੀਨੇ ਇੰਡੀਆ ਆ ਜਾਵਾਂਗੇ। ਪਿਛਲੇ ਮਹੀਨੇ ਉਧਰ ਪੇਪਰ ਮੈਰਿਜ ਹੋਈ। ਸਾਡਾ ਚਾਅ ਸਾਂਭਿਆ ਨਾ ਜਾਵੇ। ਸਾਰੇ ਹਿਸਾਬ-ਕਿਤਾਬ ਲਾ ਅਸੀਂ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ। ਨਾ ਮੇਰੇ ਪੁੱਤ ਨੇ ਸਿਹਰੇ ਬੰਨ੍ਹੇ, ਨਾ ਮੈਂ ਨੂੰਹ-ਪੁੱਤ ਤੋਂ ਪਾਣੀ ਵਾਰਿਆ। ਆ ਜਾ ਵੇ ਮੇਰੇ ਲਾਲ, ਤੇਰੀ ਮਾਂ ਦੀਆਂ ਆਂਦਰਾਂ ਤਰਸਦੀਆਂ। ਮੇਰੇ ਘੁੱਟ ਕੇ ਕਲੇਜੇ ਲੱਗ ਜਾ ਮੇਰੇ ਲਾਡਲੇ ਬੱਚਿਆ!’’
ਹਟਕੋਰੇ ਭਰ-ਭਰ ਪੁੱਤਰ ਦੀਆਂ ਗੱਲਾਂ ਕਰਦੀ ਉਹ ਵੈਣ ਪਾਉਣ ਲੱਗਦੀ।
* * *
ਇੱਕ-ਇੱਕ ਕਰਕੇ ਦਿਨ ਬੀਤਣ ਲੱਗੇ। ਰਾਜਨ ਦੀ ਮ੍ਰਿਤਕ ਦੇਹ ਵਾਪਸ ਲਿਆਉਣੀ ਸੌਖੀ ਨਾ। ਫੈਕਟਰੀ ’ਚ ਮੁਲਾਜ਼ਮ ਮਹੇਸ਼ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਔਖਾ-ਸੌਖਾ ਚੱਲਦਾ। ਰਿਸ਼ਤੇਦਾਰ ਵੀ ਉਨ੍ਹਾਂ ਵਾਂਗ ਸੱਜਰੀ ਕਮਾ ਕੇ ਖਾਣ ਵਾਲੇ। ਲੱਖਾਂ ਡਾਲਰ ਕਿੱਥੋਂ ਇਕੱਠੇ ਕਰਦਾ? ਉਹ ਪੁੱਤਰ ਦੀ ਇੱਕ ਆਖ਼ਰੀ ਝਲਕ ਪਾਉਣ ਲਈ ਤਰਸਣ ਲੱਗੇ। ਮਜਬੂਰ ਮਾਪਿਆਂ ਦੀ ਸਾਰੀ ਟੇਕ ਨੂੰਹ ਉੱਤੇ। ਪਲ਼ਾਂ-ਛਿਣਾਂ ’ਚ ਸੁਹਾਗਣ ਤੋਂ ਵਿਧਵਾ ਹੋਈ ਅਨਿਕਾ ਪਰਦੇਸ ਵਿੱਚ ਪਤੀ ਦੀ ਮ੍ਰਿਤਕ ਦੇਹ ਨੂੰ ਕਲਾਵਾ ਭਰਨ ਲਈ ਹਾੜੇ ਕੱਢਣ ਲੱਗੀ। ਉਸ ਟੋਰਾਂਟੋ ਦੇ ਹਰ ਉਸ ਬਾਸ਼ਿੰਦੇ ਨਾਲ ਸੰਪਰਕ ਸਾਧਿਆ ਜੋ ਰਾਜਨ ਦੀ ਮ੍ਰਿਤਕ ਦੇਹ ਅਮਰੀਕਾ ਤੋਂ ਕੈਨੇਡਾ ਤੇ ਫਿਰ ਕੈਨੇਡਾ ਤੋਂ ਭਾਰਤ ਲਿਆਉਣ ’ਚ ਸਹਾਈ ਹੋ ਸਕਦਾ ਸੀ। ਵਰਕ ਪਰਮਿਟ ’ਤੇ ਕੰਮ ਕਰ ਰਹੇ ਰਾਜਨ ਦੀ ਅੰਤਿਮ ਯਾਤਰਾ ਦਾ ਪੰਧ ਐਨਾ ਸੌਖਾ ਨਾ। ਰਾਜਨ ਦੀ ਡੈੱਡ ਬਾਡੀ ਅਮਰੀਕਾ ਤੋਂ ਕੈਨੇਡਾ ਲੈ ਕੇ ਆਉਣ ਵਿੱਚ ਉਧਰ ਦੇ ਪੁਲੀਸ ਪ੍ਰਸ਼ਾਸਨ ਨੇ ਤਨਦੇਹੀ ਨਾਲ ਫ਼ਰਜ਼ ਨਿਭਾਇਆ, ਪਰ ਕੈਨੇਡਾ ਤੋਂ ਭਾਰਤ ਬਾਡੀ ਲੈ ਕੇ ਆਉਣਾ ਡੌਂਕੀ ਲਾਉਣ ਨਾਲੋਂ ਵੀ ਔਖਾ। ਇੱਕ-ਇੱਕ ਕਰਕੇ ਦਿਨ ਲੰਘਣ ਲੱਗੇ। ਸਰਿਤਾ ਤੇ ਮਹੇਸ਼ ਦੀ ਪੁੱਤਰ ਦੀ ਆਖ਼ਰੀ ਝਲਕ ਪਾਉਣ ਦੀ ਲੰਮੀ ਹੁੰਦੀ ਉਡੀਕ ਨਿਰਾਸ਼ਾ ਦੇ ਖ਼ੂਹ ਲਹਿਣ ਲੱਗੀ, ਪਰ ਅਨਿਕਾ ਨੇ ਆਸ ਦਾ ਪੱਲਾ ਨਾ ਛੱਡਿਆ। ਪੁੱਤਰ ਦੀ ਇੱਕ ਆਖ਼ਰੀ ਝਲਕ ਲਈ ਤਰਸ ਰਹੇ ਮਾਪਿਆਂ ਨੂੰ ਹੌਸਲਾ ਦੇ ਉਸ ਪਤੀ ਦੀ ਅੰਤਿਮ ਯਾਤਰਾ ਲਈ ਸੋਸ਼ਲ ਮੀਡੀਆ ’ਤੇ ਫੰਡ ਰੇਜ਼ਿੰਗ ਲਈ ਦੁਹਾਈ ਲਾ ਦਿੱਤੀ,
‘‘ਮੇਰਾ ਨਾਂ ਅਨਿਕਾ ਹੈ। ਮੈਂ ਆਪਣੇ ਮ੍ਰਿਤਕ ਪਤੀ ਰਾਜਨ ਲਈ ਫੰਡ ਰੇਜ਼ ਕਰ ਰਹੀ ਹਾਂ। ਰਾਜਨ ਇੱਕ ਖੁਸ਼ਮਿਜ਼ਾਜ ਅਤੇ ਮਿਹਨਤੀ ਨੌਜਵਾਨ ਸੀ, ਜਿਸ ਨੂੰ ਹਰ ਕੋਈ ਪਿਆਰ ਕਰਦਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਬੱਚਾ ਸੀ। ਪਿਛਲੇ ਮਹੀਨੇ ਹੀ ਮੇਰਾ ਰਾਜਨ ਨਾਲ ਵਿਆਹ ਹੋਇਆ ਸੀ। ਆਪਣੇ ਜਨਮ ਦਿਨ ਵਾਲੇ ਦਿਨ ਮਹਿਜ਼ 25 ਸਾਲਾ ਰਾਜਨ ਇੱਕ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਗਵਾ ਬੈਠਾ। ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨਿਆ ਗਿਆ। ਉਸ ਨੂੰ ਥੰਡਰ ਬੇ ਹਾਰਬਰ ਵਿਊ ਫਿਊਨਰਲ ਸੈਂਟਰ ਰੱਖਿਆ ਗਿਆ ਹੈ। ਮੈਂ ਆਪ ਜੀ ਨੂੰ ਮਦਦ ਲਈ ਬੇਨਤੀ ਕਰਦੀ ਹਾਂ ਤਾਂ ਜੋ ਮੈਂ ਰਾਜਨ ਨੂੰ ਆਪਣੇ ਮਾਪਿਆਂ ਕੋਲ ਲੈ ਜਾ ਸਕਾਂ, ਜਿਨ੍ਹਾਂ ਨੇ ਆਪਣਾ ਇਕਲੌਤਾ ਬੱਚਾ ਗੁਆ ਦਿੱਤਾ ਹੈ। ਇਸ ਮਾੜੇ ਵਕਤ ਵਿੱਚ ਤੁਹਾਡੇ ਵੱਲੋਂ ਦਿੱਤੀ ਗਈ ਕੋਈ ਵੀ ਰਕਮ, ਛੋਟੀ ਜਾਂ ਵੱਡੀ, ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ।’’
ਉਸ ਦੀ ਹਿਰਦੇਵੇਧਕ ਅਪੀਲ ਦਾ ਲੋਕ ਮਨਾਂ ’ਤੇ ਗਹਿਰਾ ਅਸਰ ਹੋਇਆ। ਵੇਖਦੇ ਹੀ ਵੇਖਦੇ ਮਦਦ ਲਈ ਹੱਥ ਅੱਗੇ ਆਉਣ ਲੱਗੇ। ਕਿਸੇ ਨੇ ਇੱਕ ਡਾਲਰ ਤਾਂ ਕਿਸੇ ਨੇ ਇੱਕ ਹਜ਼ਾਰ ਡਾਲਰ ਤੱਕ ਦੀ ਮਦਦ ਕੀਤੀ। ਉਹ ਪਲ਼-ਪਲ਼ ਦੀ ਖ਼ਬਰ ਮਾਪਿਆਂ ਤੇ ਸੱਸ-ਸਹੁਰੇ ਨੂੰ ਦਿੰਦੀ। ਅਠਾਈਵੇਂ ਦਿਨ ਉਸ ਸੁਨੇਹਾ ਦਿੱਤਾ, ‘‘ਸਾਰੀ ਕਾਰਵਾਈ ਮੁਕੰਮਲ ਹੋ ਗਈ ਹੈ। ਰਾਜਨ ਦੀ ਬੌਡੀ ਇੰਡੀਆ ਲੈ ਕੇ ਆਉਣ ਦਾ ਰਾਹ ਪੱਧਰਾ ਹੋ ਗਿਐ।’’
* * *
ਬੱਤੀਵੇਂ ਦਿਨ ਅਨਿਕਾ ਨੇ ਰੋਂਦੀ-ਕੁਰਲਾਉਂਦੀ ਨੇ ਸਹੁਰੇ ਘਰ ਪੈਰ ਪਾਇਆ। ਨੂੰਹ ਨੂੰ ਸੀਨੇ ਲਾ ਸਰਿਤਾ ਰੋ-ਰੋ ਗਾਉਣ ਲੱਗੀ, ‘‘ਪੁੱਤਰਾਂ ਦੇ ਜੰਮਣੇ ਵੇ ਰਾਜਾ, ਨੂੰਹਾਂ ਦੇ ਆਵਣੇ/ ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਓਂ। ਇਹ ਕਿਹੜੀ ਵਰਖਾ ਦਿਖਾਈ ਤੂੰ ਰੱਬਾ!’’
ਵਿਆਹ ਦਾ ਗੀਤ ਗਾ-ਗਾ ਵੈਣ ਪਾਉਂਦੀ ਛਾਤੀ ਪਿੱਟੇ। ਉਸ ਦੀ ਹਾਲਤ ਵੇਖ ਚਾਰੇ ਪਾਸੇ ਕੁਰਲਾਹਟ ਮੱਚ ਗਿਆ। ਆਕਾਸ਼ ਚੀਰਵੇਂ ਵੈਣ ਪਾਉਂਦੀ ਨੇ ਹੋਣੀ ਨਾਲ ਉਹ ਸਾਰੇ ਗਿਲੇ ਕੀਤੇ ਜੋ ਇੱਕ ਮਾਂ ਸੱਧਰਾਂ ਮਰਨ ’ਤੇ ਕਰ ਸਕਦੀ ਸੀ।
ਤੇਤੀਵੇਂ ਦਿਨ ਦੀ ਸਵੇਰ ਵਿਹੜੇ ’ਚ ਚਿੱਟੀਆਂ ਕਨਾਤਾਂ ਲਵਾਉਂਦਾ ਮਹੇਸ਼ ਡੌਰ-ਭੌਰਾ ਹੋਇਆ ਅੰਦਰ-ਬਾਹਰ ਹੋ ਰਿਹਾ। ਸਭ ਦੀਆਂ ਅੱਖਾਂ ਰਾਹ ’ਤੇ ਲੱਗੀਆਂ ਹੋਈਆਂ। ਮਕਾਣਾਂ ਦਾ ਰੁਦਨ ਅੰਬਰ ਹਿਲਾ ਰਿਹਾ। ਉਹ ਘੜੀ ਵੀ ਆ ਪਹੁੰਚੀ ਜਦੋਂ ਐਂਬੂਲੈਂਸ ਨੇ ਘਰ ਦੇ ਗੇਟ ’ਤੇ ਆ ਬਰੇਕ ਲਾਈ। ਛੇ ਫੁੱਟ ਲੰਮਾ-ਲੰਝਾ ਪੁੱਤਰ ਤਾਬੂਤ ’ਚ ਬੰਦ ਅੱਖਾਂ ਮੀਟੀ ਪਿਆ। ਪੁੁੱਤਰ ਨੂੰ ਕਲਾਵੇ ਭਰਨ ਲਈ ਮਹੇਸ਼ ਹੌਸਲੇ ਨਾਲ ਅੱਗੋਂ ਦੀ ਹੋਇਆ, ਪਰ ਤਾਬੂਤ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਸ਼ ਖਾ ਕੇ ਜ਼ਮੀਨ ’ਤੇ ਡਿੱਗ ਪਿਆ। ਆਸੇ-ਪਾਸੇ ਖੜ੍ਹੇ ਬੰਦਿਆਂ ਨੇ ਉਸ ਨੂੰ ਚੁੱਕ ਕੇ ਖੜ੍ਹਾ ਕੀਤਾ। ਸ਼ੀਸ਼ੇ ਲੱਗੇ ਤਾਬੂਤ ’ਚ ਪਏ ਪੁੱਤਰ ਨੂੰ ਬਾਹਾਂ ’ਚ ਲੈਣ ਲਈ ਤਰਸਦੀ ਸਰਿਤਾ ਦਾ ਰੁਦਨ ਉਭਰਿਆ, ‘‘ਰਾਣੀ ਤਾਂ ਆਖੇ ਵੇ ਰਾਜਾ ਸੁਣ ਮੇਰੀ ਬਾਤ ਵੇ, ਗਾਗਰ ਦੇ ਸੁੱਚੇ ਵੇ ਮੋਤੀ ਕਿਸ ਨੂੰ ਦੇਈਏ। ਉੱਠ ਜਾ ਪੁੱਤਰ। ਅਜੇ ਤਾਂ ਮੈਂ ਲਲਾਰੀ ਤੋਂ ਤੇਰਾ ਚੀਰਾ ਵੀ ਨਹੀਂ ਸੀ ਰੰਗਵਾਇਆ। ਉੱਠ ਜਾ ਮੈਂ ਤੇਰੇ ਸ਼ਗਨ ਮਨਾਵਾਂ। ਮੈਨੂੰ ਘੁੱਟ ਕੇ ਜੱਫ਼ੀ ਪਾ ਲੈ ਮੇਰੇ ਰਾਜਿਆ ਪੁੱਤਰਾ!’’ ਤਾਬੂਤ ਨਾਲ ਲਿਪਟਦੇ ਦੋਹਾਂ ਜੀਆਂ ਨੂੰ ਸੰਭਾਲਣਾ ਕਿਸੇ ਦੇ ਵੱਸ ਨਾ। ਬਦਨਸੀਬੀ ਐਸੀ ਤਿੰਨ ਸਾਲਾਂ ਬਾਅਦ ਤਾਬੂਤ ’ਚ ਬੰਦ ਹੋ ਕੇ ਆਏ ਪੁੱਤਰ ਨੂੰ ਸੀਨੇ ਲਾਉਣਾ ਵੀ ਨਸੀਬ ਨਾ। ਤੇਤੀ ਦਿਨ ਦੀ ਉਡੀਕ ਮਗਰੋਂ ਘਰ ਆਈ ਲਾਸ਼ ਨੂੰ ਨੁਹਾਉਣਾ-ਧੁਆਉਣਾ ਦੂਰ ਉਸ ਨੂੰ ਖੋਲ੍ਹ ਕੇ ਛੂਹਣ ਦੀ ਵੀ ਮਨਾਹੀ। ਕੈਮੀਕਲ ਲੱਗੀ ਮ੍ਰਿਤਕ ਦੇਹ ਨੂੰ ਅੱਧਾ ਘੰਟਾ ਵੀ ਘਰ ਨਾ ਰੱਖਿਆ ਤੇ ਅੰਤਿਮ ਸੰਸਕਾਰ ਲਈ ਲੈ ਨਿਕਲੇ। ਮਾਪੇ ਕੁਰਲਾਉਂਦੇ ਰਹਿ ਗਏ ਤੇ ਪੰਜ ਤੱਤ ਦਾ ਪੁਤਲਾ ਪੰਜ ਤੱਤਾਂ ’ਚ ਵਿਲੀਨ ਹੋਣ ਦੇ ਰਾਹ ਪਿਆ ਰਾਖ ਹੋ ਗਿਆ। ਸ਼ਮਸ਼ਾਨਘਾਟ ਤੋਂ ਡੱਕਾ ਤੋੜ ਮਹੇਸ਼ ਤੇ ਸਰਿਤਾ, ਨੂੰਹ ਦੀ ਬਾਂਹ ਦਾ ਸਹਾਰਾ ਲੈ ਘਰ ਨੂੰ ਮੁੜ ਪਏ।
ਅਫ਼ਸੋਸ ਕਰਨ ਆਏ ਲੋਕੀਂ ਪਰਦੇਸਾਂ ’ਚ ਨਿੱਤ ਹੁੰਦੇ ਹਾਦਸਿਆਂ ’ਚ ਮੌਤ ਦੇ ਮੂੰਹ ਪੈਂਦੇ ਜਵਾਨ ਧੀਆਂ-ਪੁੱਤਰਾਂ ਦੇ ਹਵਾਲੇ ਦਿੰਦੇ ਸਰਿਤਾ ਤੇ ਮਹੇਸ਼ ਦੇ ਫੱਟਾਂ ’ਤੇ ਫੰਬੇ ਧਰਦੇ। ਕੁਝ ਚਿਰ ਪਹਿਲਾਂ ਭਣੇਵੇਂ ਦੀ ਕੈਨੇਡਾ ਸੜਕ ਹਾਦਸੇ ’ਚ ਹੋਈ ਮੌਤ ਦਾ ਜ਼ਖ਼ਮ ਕੁਰੇਦਦਾ ਅਫ਼ਸੋਸ ਕਰਨ ਆਇਆ ਮਹੇਸ਼ ਨਾਲ ਕੰਮ ਕਰਦਾ ਰਾਮ ਤੀਰਥ ਕਹਿਣ ਲੱਗਿਆ, ‘‘ਕੰਮ ਤੋਂ ਮੁੜਦਿਆਂ ਭਣੇਵੇਂ ਮੇਰੇ ’ਤੇ ਦਰੱਖਤ ਦਾ ਟਾਹਣ ਡਿੱਗ ਪਿਆ। ਥਾਂਏਂ ਮਰ ਗਿਆ ਜਵਾਨ ਪੁੱਤਰ। ਗਏ ਨੂੰ ਮਹੀਨਾ ਵੀ ਨਹੀਂ ਸੀ ਹੋਇਆ। ਕਰਜ਼ਾ ਚੁੱਕ ਕੇ ਭੇਜੇ ਪੁੱਤਰ ਦੀ ਲਾਸ਼ ਮੋੜ ਲਿਆਉਣ ਲਈ ਹੋਰ ਕਰਜ਼ਾ ਚੁੱਕ ਨਾ ਹੋਇਆ। ਮੁੰਡੇ ਦਾ ਉਧਰੇ ਸਸਕਾਰ ਕਰਕੇ ਭੋਗ ਪੈ ਗਿਆ। ਪੁੱਤਰ ਦੀ ਆਖ਼ਰੀ ਝਲਕ ਨੂੰ ਤਰਸਦੀ ਭੈਣ ਮੇਰੀ ਅੱਖਾਂ ਤੋਂ ਅੰਨ੍ਹੀ ਹੋ’ਗੀ।’’ ਉਸ ਦੇ ਹੰਝੂਆਂ ’ਤੇ ਫੰਬਾ ਧਰਦੀ ਗੁਆਂਢਣ ਗੁਰਮੀਤ ਬੋਲੀ, ‘‘ਕੱਲ੍ਹ ਮੇਰੀ ਬੇਟੀ ਉਧਰੋਂ ਫੋਨ ’ਤੇ ਗੱਲ ਕਰਦੀ ਦੱਸੇ। ਉਹਦੇ ਨਾਲ ਟੋਰਾਂਟੋ ਬੇਕਰੀ ’ਤੇ ਕੰਮ ਕਰਦੀ, ਉਸੇ ਨਾਲ ਬੇਸਮੈਂਟ ਪਾਰਟਨਰ ਮਸਾਂ ਉੱਨੀਆਂ ਕੁ ਵਰ੍ਹਿਆਂ ਦੀ ਕੁੜੀ, ਆਪਣੇ ਇਧਰ ਬਠਿੰਡੇ ਵੱਲ ਦੀ। ਉਹਦਾ ਇੱਧਰ ਯਾਰ੍ਹਵੀਂ ’ਚ ਪੜ੍ਹਦਾ ਇੱਕੋ-ਇੱਕ ਭਰਾ ਅਚਾਨਕ ਪੂਰਾ ਹੋ ਗਿਆ। ਭਰਾ ਨੂੰ ਬਾਰ੍ਹਵੀਂ ਕਰਵਾ ਕੇ ਆਪਣੇ ਕੋਲ ਬੁਲਾਉਣ ਦੀਆਂ ਤਿਆਰੀ ਕਰਦੀ ਕੁੜੀ ਰਾਤ ਭਰ ਰੋਂਦੀ ਰਹੀ। ਸਵੇਰੇ ਉੱਠੀ। ਨਹਾ-ਧੋ ਕੇ ਤਿਆਰ ਹੋਈ। ਚਾਹ ਬਣਾ ਕੇ ਪੀਤੀ ਤੇ ਮੋਢੇ ਬੈਗ ਟੰਗ ਕੰਮ ਲਈ ਤੁਰ ਪਈ। ਮੇਰੀ ਬੇਟੀ ਨੇ ਪੁੱਛਿਆ ਇੰਡੀਆ ਨਹੀਂ ਜਾਣਾ? ਅੱਗੋਂ ਕੁੜੀ ਨੇ ਜੋ ਜਵਾਬ ਦਿੱਤਾ, ਸੁਣ ਕੇ ਮੇਰਾ ਤਾਂ ਹਿਰਦਾ ਵਲੂੰਧਰ ਗਿਆ। ਅਖੇ, ਹੁਣ ਉੱਥੇ ਜਾ ਕੇ ਕੀ ਕਰਾਂਗੀ। ਜਿਸ ਨੂੰ ਇਧਰ ਲਿਆਉਣਾ ਸੀ ਉਹ ਚਲਾ ਗਿਆ ਅਗਲੇ ਜਹਾਨ। ਮੰਮੀ-ਡੈਡੀ ਨੇ ਮੈਨੂੰ ਇੱਧਰ ਘੱਲਣ ਲਈ ਜੋ ਕਰਜ਼ਾ ਲਿਆ ਸੀ ਉਹ ਅੱਧੇ ਨਾਲੋਂ ਵੱਧ ਸਿਰ ’ਤੇ ਖੜ੍ਹੈ। ਵਾਪਸੀ ਦਾ ਮਤਲਬ ਏ ਕਰਜ਼ੇ ਦੀ ਪੰਡ ਹੋਰ ਭਾਰੀ ਕਰਨਾ।’’
ਗੱਲ ਦਾ ਹੁੰਗਾਰਾ ਭਰਦੀ ਸੁਖਵੰਤ ਬੀਬੀ ਬੋਲੀ, ‘‘ਇੱਕ ਤੋਂ ਇੱਕ ਦੁਖੀ ਪਏ ਨੇ। ਕਿਸ-ਕਿਸ ਨੂੰ ਫੋਲੀਏ। ਪਤਾ ਨਹੀਂ ਕਿੰਨੀ ਦੁਨੀਆ ਪਰਦੇਸੀਂ ਗਏ ਮੋਏ ਲਾਲਾਂ ਨੂੰ ਰੋਂਦੀ ਏ। ਇਸ ਬਾਲੜੀ ਵੱਲ ਵੇਖੋ। ਮੇਰਾ ਤਾਂ ਇਹਨੂੰ ਵੇਖ-ਵੇਖ ਜੀਅ ਡੁੱਬਦੈ।’’
ਉਸ ਅਨਿਕਾ ਵੱਲ ਵੇਖ ਹਾਉਕਾ ਭਰਿਆ। ਪਤੀ ਦੇ ਵਿਛੋੜੇ ’ਚ ਮੁਰਦਾਹਾਲ ਹੋਈ ਅਨਿਕਾ ਨੇ ਸੱਸ-ਸਹੁਰੇ ਦਾ ਪਰਛਾਵਾਂ ਬਣ ਰਾਜਨ ਦੀਆਂ ਅੰਤਿਮ ਰਸਮਾਂ ਨੇਪਰੇ ਚਾੜ੍ਹੀਆਂ। ਰਾਜਨ ਦੀ ਆਤਮਿਕ ਸ਼ਾਂਤੀ ਨਮਿਤ ਪਾਠ ਦਾ ਭੋਗ ਪਿਆ। ਅਨਿਕਾ ਦਾ ਡੈਡੀ ਹੱਥ ਜੋੜਦਾ ਮਹੇਸ਼ ਤੇ ਸਰਿਤਾ ਦੇ ਅੱਗੇ ਹੋ ਖਲੋਤਾ, ‘‘ਅਸੀਂ ਅਨਿਕਾ ਨੂੰ ਲੈ ਕੇ ਜਾ ਰਹੇ ਹਾਂ।’’
ਸਾਰੇ ਦਾਅਵੇ ਗੁਆ ਚੁੱਕੇ ਮਹੇਸ਼ ਤੇ ਸਰਿਤਾ ਕੋਲ ਬੋਲਣ ਨੂੰ ਕੁਝ ਨਾ। ਧੀ ਦੀ ਬਾਂਹ ਹੱਥੀਂ ਲੈਂਦਾ ਅਨਿਕਾ ਦਾ ਪਿਤਾ ਬੋਲਿਆ, ‘‘ਚੱਲ ਪੁੱਤਰ, ਆਪਣੇ ਘਰ ਚੱਲੀਏ।’’
‘‘ਡੈਡੀ ਜੀ, ਮੇਰੇ ਪਤੀ ਦਾ ਘਰ ਹੀ ਮੇਰਾ ਘਰ ਏ। ਰਾਜਨ ਦੇ ਮੰਮੀ-ਡੈਡੀ ਨੂੰ ਮੇਰੀ ਲੋੜ ਏ। ਵੈਸੇ ਵੀ ਇਨ੍ਹਾਂ ਦੀ ਅਸਲ ਅਮਾਨਤ ਹਾਲੇ ਮੇਰੇ ਕੋਲ ਏ।’’
ਆਖਦਿਆਂ ਅਨਿਕਾ ਨੇ ਪਿਉ ਹੱਥੋਂ ਬਾਂਹ ਛੁਡਾ ਲਈ। ਮੋਹ ਨਾਲ ਆਪਣੀ ਕੁੱਖ ਨੂੰ ਸਹਿਲਾਇਆ ਤੇ ਸਰਿਤਾ ਦੀ ਬੁੱਕਲ ’ਚ ਸਿਰ ਦੇ ਲਿਆ। ਇੱਕ ਪਲ਼ ਲਈ ਮਹੇਸ਼ ਤੇ ਸਰਿਤਾ ਭੁੱਲ ਹੀ ਗਏ ਕਿ ਉਹ ਜ਼ਿੰਦਗੀ ਦੀ ਕਿਹੜੀ ਘੜੀ ’ਚੋਂ ਗੁਜ਼ਰ ਰਹੇ ਹਨ। ਖ਼ੁਸ਼ੀ ਨਾਲ ਇੱਕ-ਦੂਜੇ ਨੂੰ ਗਲਵੱਕੜੀ ’ਚ ਲੈ ਕਦੀ ਰੱਬ ਦਾ ਸ਼ੁਕਰ ਗੁਜ਼ਾਰਨ, ਕਦੀ ਅਨਿਕਾ ਦਾ ਮੱਥਾ ਚੁੰਮਦੇ ਸੀਨੇ ਲਾਉਣ। ਭਰੀ ਜੁੜੀ ਵਿੱਚ ਅਨਿਕਾ ਨੇ ਮਾਪਿਆਂ ਤੋਂ ਪੱਗ ਝੋਲੀ ਪੁਆ ਰਾਜਨ ਦੇ ਮਾਪਿਆਂ ਦੀ ਜ਼ਿੰਮੇਵਾਰੀ ਚੁੱਕ ਲਈ।
* * *
ਭੋਗ ਪੈ ਗਿਆ। ਰਿਸ਼ਤੇਦਾਰ ਆਪੋ-ਆਪਣੇ ਘਰਾਂ ਨੂੰ ਮੁੜ ਗਏ। ਰਾਜਨ ਦੀ ਮੌਤ ਦਾ ਅਫ਼ਸੋਸ ਕਰਨ ਵਾਲਿਆਂ ਦਾ ਆਉਣਾ-ਜਾਣਾ ਹੌਲੀ-ਹੌਲੀ ਘਟਣ ਲੱਗਿਆ। ਪੁੱਤਰ ਦੇ ਵਿਛੋੜੇ ’ਚ ਮੌਤ ਨਾਲੋਂ ਭਾਰੀ ਜ਼ਿੰਦਗੀ ਨੂੰ ਕੋਸਦੇ ਮਹੇਸ਼ ਤੇ ਸਰਿਤਾ ਭੁੱਬਾਂ ਮਾਰ-ਮਾਰ ਰੋਂਦੇ। ਆਪਾ ਸੰਭਾਲਦੀ ਅਨਿਕਾ ਉਨ੍ਹਾਂ ਨੂੰ ਆਪਣੀ ਕੁੱਖ ’ਚ ਵਾਧੇ ਪੈ ਰਹੀ ਰਾਜਨ ਦੀ ਨਿਸ਼ਾਨੀ ਦਾ ਵਾਸਤਾ ਦੇ ਕੇ ਜ਼ਿੰਦਗੀ ਵੱਲ ਮੋੜਨ ਦੀ ਕੋਸ਼ਿਸ਼ ਕਰਦੀ। ਇਕਲੌਤੇ ਪੁੱਤਰ ਦੇ ਮਾਪਿਆਂ ਨੂੰ ਪੁੱਤ ਦੇ ਜਾਣ ਤੋਂ ਬਾਅਦ ਅਹਿਸਾਸ ਹੋਇਆ ਕਿ ਧੀ ਦਾ ਹੋਣਾ ਜ਼ਿੰਦਗੀ ’ਚ ਕੀ ਅਰਥ ਰੱਖਦਾ ਹੈ। ਇੱਕ-ਦੂਜੇ ਨੂੰ ਦਿਲਾਸਾ ਦਿੰਦੇ ਉਹ ਨੂੰਹ ਦੀ ਕੁੱਖ ’ਚ ਪਲ਼ ਰਹੀ ਪੁੱਤਰ ਦੀ ਆਖ਼ਰੀ ਨਿਸ਼ਾਨੀ ਦੀ ਆਮਦ ਉਡੀਕਦੇ ਜ਼ਿੰਦਗੀ ਦਾ ਲੜ ਫੜਨ ਲੱਗੇ। ਨਵੇਂ ਜੀਅ ਨੂੰ ਖ਼ੁਸ਼ਆਮਦੀਦ ਕਹਿਣ ਲਈ ਮਹੇਸ਼ ਕੰਮ ’ਤੇ ਜਾਣ ਲੱਗਿਆ। ਅਨਿਕਾ ਦੀ ਕੁੱਖ ਦੀਆਂ ਬਲਾਵਾਂ ਲੈਂਦੀ ਸਰਿਤਾ ਉਸ ਦੇ ਸਾਹਾਂ ਦੀ ਸਾਰਥੀ ਬਣ ਉਸ ਦੀ ਦੇਖ-ਭਾਲ ’ਚ ਆਪਾ ਭੁਲਾਉਣ ਲੱਗੀ। ਰਾਜਨ ਦੇ ਕੁਝ ਮਹੀਨਿਆਂ ਦੇ ਨਿੱਕੇ ਪਰ ਨਿੱਘੇ ਸਾਥ ਨੂੰ ਯਾਦ ਕਰ ਅਨਿਕਾ ਕੁੱਖ ’ਚ ਪਲ ਰਹੀ ਹੁਸੀਨ ਸੁਪਨਿਆਂ ਦੀ ਜਾਗੀਰ ਲਈ ਭਵਿੱਖੀ ਸੁਪਨੇ ਉਲੀਕਦੀ ਔਨਲਾਈਨ ਕੰਮ ਕਰਨ ਲੱਗੀ। ਕੈਨੇਡਾ ਤੇ ਭਾਰਤ ’ਚ ਸਮੇਂ ਦੇ ਅੰਤਰ ਅਨੁਸਾਰ ਰਾਤ ਭਰ ਜਾਗ ਕੇ ਕੰਮ ਕਰਦੀ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਰਤਾ ਅਵੇਲਸੀ ਨਾ ਹੁੰਦੀ। ਆਪਣੀ ਸਿਹਤ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਮਹੇਸ਼ ਤੇ ਸਰਿਤਾ ਦਾ ਵੀ ਪੂਰਾ ਧਿਆਨ ਰੱਖਦੀ। ਹੋਣੀ ਦੀ ਭੰਨੀ ਸਰਿਤਾ ਆਉਂਦੇ-ਜਾਂਦੇ ਸਾਹ ਨਾਲ ਪੁੱਤਰ ਨੂੰ ਚੇਤੇ ਕਰਦਿਆਂ ਆਉਣ ਵਾਲੇ ਜੀਅ ਦੀ ਲੰਮੀ ਉਮਰ ਲਈ ਅਰਦਾਸਾਂ ਕਰਦੀ ਨਾ ਥੱਕਦੀ, ‘‘ਰੱਬਾ, ਹੋਰ ਸੱਲ ਝੱਲ ਨਹੀਂ ਹੋਣੇ। ਜਿਹੜੀ ਮੇਰੇ ਪੁੱਤ ਦੀ ਘਟਾਈ ਏ ਉਹ ਉਮਰ ਉਸ ਦੀ ਆਉਣ ਵਾਲੀ ਸੰਤਾਨ ਦੇ ਲੇਖੇ ਲਾ ਕੇ ਭੇਜੀਂ।’’
ਉਸ ਨਾਲ ਘਰ ਦੇ ਕੰਮਾਂ ’ਚ ਹੱਥ ਵਟਾਉਂਦੀ ਅਨਿਕਾ ਰਾਜਨ ਦੀਆਂ ਯਾਦਾਂ ਦੇ ਪੰਨੇ ਫੋਲਣ ਲੱਗੀ, ‘‘ਭਵਿੱਖ ’ਤੇ ਲਟਕਦੀ ਤਲਵਾਰ ਦਾ ਹੱਲ ਸੋਚਦਿਆਂ ਅਸੀਂ ਪੇਪਰ ਮੈਰਿਜ ਕਰਵਾਉਣ ਦਾ ਸੋਚਿਆ ਤੇ ਬੇਬੀ ਪਲਾਨ ਕੀਤਾ ਸੀ। ਮੇਰੀ ਪੀ.ਆਰ. ਦਾ ਪੰਜਵਾਂ ਯਾਨੀ ਕਿ ਆਖ਼ਰੀ ਸਾਲ ਸ਼ੁਰੂ ਹੋ ਗਿਆ ਸੀ। ਸਰਕਾਰ ਦੇ ਸਖ਼ਤ ਹੁੰਦੇ ਰੂਲ ਮੇਰੀ ਪੀ.ਆਰ. ਰਿਨਿਊਲ ’ਤੇ ਤਲਵਾਰ ਬਣ ਲਟਕੇ ਹੋਏ ਸਨ। ਰਾਜਨ ਦੀ ਪੀ.ਆਰ. ਹੋਵੇ ਨਾ ਹੋਵੇ ਸਰਕਾਰ ਦੇ ਰਹਿਮੋ-ਕਰਮ ’ਤੇ। ਉੱਥੋਂ ਦੇ ਸਿਟੀਜ਼ਨ ਹੋਣ ਦਾ ਸ਼ਾਰਟ ਕੱਟ ਸਾਡਾ ਆਉਣ ਵਾਲਾ ਬੱਚਾ ਹੋ ਸਕਦਾ ਸੀ। ਉੱਥੇ ਪੈਦਾ ਹੋਇਆ ਬੱਚਾ ਰੂਲ ਮੁਤਾਬਿਕ ਉੱਥੋਂ ਦਾ ਸਿਟੀਜ਼ਨ ਹੁੰਦੈ ਤੇ ਸਾਡਾ ਬੇਬੀ ਸਾਨੂੰ ਪੱਕੇ ਪੈਰੀਂ ਕਰਨ ਦਾ ਰਾਹ ਪੱਧਰਾ ਕਰ ਸਕਦਾ ਸੀ। ਕਿੰਨਾ ਐਕਸਾਈਟਡ ਸੀ ਰਾਜਨ ਬਾਪ ਬਣਨ ਲਈ। ਖ਼ਿਆਲਾਂ ਦੇ ਖੰਭੀਂ ਚੜ੍ਹਿਆ ਆਖਦਾ, ਸਰਪ੍ਰਾਈਜ਼ ਦਿਆਂਗੇ ਇੰਡੀਆ ਜਾ ਕੇ ਸਾਰਿਆਂ ਨੂੰ। ਮੈਂ ਤਾਂ ਉਸ ਨੂੰ ਇਹ ਸਰਪ੍ਰਾਈਜ਼ ਦੱਸ ਵੀ ਨਾ ਸਕੀ ਤੇ ਉਹ ਸਾਨੂੰ!’’
‘‘ਅੱਛਾ, ਤੇ ਰਾਜਨ ਨੂੰ ਨਹੀਂ ਪਤਾ ਸੀ ਤੇਰੀ ਪ੍ਰੈਗਨੈਂਸੀ ਦਾ?’’ ਸਰਿਤਾ ਨੇ ਹੈਰਾਨੀ ਪ੍ਰਗਟਾਈ। ਅਨਿਕਾ ਦੱਸਣ ਲੱਗੀ, ‘‘ਮੈਨੂੰ ਵੀ ਕਿੱਥੇ ਪਤਾ ਸੀ! ਉਹ ਤਾਂ ਰਾਜਨ ਦੇ ਐਕਸੀਡੈਂਟ ਦਾ ਸੁਣ ਕੇ ਮੈਂ ਬੇਹੋਸ਼ ਹੋ ਗਈ। ਟਰੀਟਮੈਂਟ ਦਿੰਦੇ ਡਾਕਟਰ ਨੇ ਦੱਸਿਆ ਕਿ ਮੇਰੀ ਕੁੱਖ ’ਚ ਰਾਜਨ ਦਾ ਕਣ ਫੁੱਟ ਪਿਆ ਸੀ। ਰਾਜਨ ਦੀ ਡੈੱਡ ਬਾਡੀ ਕੁਲੈਕਟ ਕਰਨ ਤੇ ਇਧਰ ਲੈ ਕੇ ਆਉਣ ਦੀ ਅਜਿਹੀ ਭੱਜ-ਦੌੜ ’ਚ ਪਈ, ਮੈਨੂੰ ਵਿਸਰ ਹੀ ਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਕੀ ਪਤਾ ਸੀ ਇਹ ਸਰਪ੍ਰਾਈਜ਼ ਇੰਝ ਖੁੱਲ੍ਹਣਾ ਸੀ।’’ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਅਨਿਕਾ ਦਾ ਕੁਰਲਾਹਟ ਛਿੜ ਗਿਆ। ਸਰਿਤਾ ਦਿਲਾਸਾ ਦੇਣ ਲੱਗੀ, ‘‘ਨਾ ਮੇਰੀ ਧੀ! ਤੂੰ ਹਿੰਮਤ ਹਾਰੇਂਗੀ ਤਾਂ ਸਾਨੂੰ ਕੌਣ ਸੰਭਾਲੂ? ਤੇਰੇ ਆਸਰੇ ਅਸੀਂ ਤੁਰੇ ਫਿਰਦੇ ਆਂ। ਸੁੱਖ ਮੰਗ ਆਪਣੀ ਕੁੱਖ ਦੀ। ਰੱਬ ਹੋਰ ਨਾ ਮਾੜੀ ਕਰੇ ਸਾਡੇ ਨਾਲ। ਅਸੀਂ ਤਾਂ ਇਸੇ ਦੇ ਆਸਰੇ ਜ਼ਿੰਦਗੀ ਕੱਟ ਲਾਂ’ਗੇ।’’
ਬਾਲ ਦੀਆਂ ਕਿਲਕਾਰੀਆਂ ਸੁਣਨ ਦੀ ਆਸ ’ਚ ਇੱਕ ਰੋਂਦਾ ਦੂਜੇ ਨੂੰ ਵਰਾ ਲੈਂਦਾ। ਹੌਲੀ-ਹੌਲੀ ਸਭ ਸਹਿਜ ਹੋਣ ਲੱਗਿਆ। ਪੁੱਤ ਨਾਲੋਂ ਵੱਧ ਕੇ ਸੱਸ-ਸਹੁਰੇ ਦੀ ਦੇਖਭਾਲ ਕਰਦੀ ਅਨਿਕਾ ਨੇ ਸਭ ਦਾ ਦਿਲ ਜਿੱਤ ਲਿਆ। ‘ਪੁੱਤਰ, ਪੁੱਤਰ’ ਕਰਦਿਆਂ ਮਹੇਸ਼ ਤੇ ਸਰਿਤਾ ਦਾ ਮੂੰਹ ਸੁੱਕਦਾ। ਪੁੱਤਰ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਸੀਨੇ ਲਾ ਸਰਿਤਾ ਯਾਦਾਂ ਦੇ ਸੰਦੂਕ ਫਰੋਲਦੀ ਜ਼ਾਰ-ਜ਼ਾਰ ਰੋਂਦੀ। ਇੱਕ ਦਿਨ ਅਚਾਨਕ ਉਸ ਰਾਜਨ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਾਂਭ ਕੇ ਰੱਖੇ ਕੱਪੜੇ ਪੋਟਲੀ ’ਚ ਬੰਨ੍ਹੇ ਤੇ ਮਹੇਸ਼ ਨੂੰ ਕਹਿਣ ਲੱਗੀ, ‘‘ਇਹ ਸਾਰੇ ਕੱਪੜੇ ਯਤੀਮਖਾਨੇ ’ਚ ਦੇ ਆਉ। ਜਦੋਂ ਪੁੱਤਰ ਹੀ ਨਹੀਂ ਰਿਹਾ ਉਸ ਦੇ ਕੱਪੜੇ ਰੱਖ ਕੀ ਕਰਾਂਗੇ?’’
ਮਹੇਸ਼ ਕੋਈ ਜਵਾਬ ਦਿੰਦਾ ਸਰਿਤਾ ਹੱਥੋਂ ਕੱਪੜਿਆਂ ਦੀ ਗੱਠ ਫੜਦੀ ਅਨਿਕਾ ਬੋਲੀ, ‘‘ਮੰਮੀ ਜੀ, ਰਾਜਨ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦੇਣੀ। ਆਹ ਦੇਖੋ, ਮੈਂ ਉਸੇ ਦੀ ਟੀ-ਸ਼ਰਟ ਰੀ-ਡਿਜ਼ਾਈਨ ਕਰਕੇ ਪਾਈ ਹੋਈ ਏ। ਇੰਝ ਲੱਗਦੈ ਜਿਵੇਂ ਰਾਜਨ ਮੈਨੂੰ ਆਪਣੀ ਬੁੱਕਲ ’ਚ ਲਈ ਫਿਰਦਾ ਹੋਵੇ। ਇਹ ਸਾਰੇ ਕੱਪੜੇ ਰੀਡਿਜ਼ਾਈਨ ਕਰਕੇ ਮੈਂ ਆਪਣੇ ਆਉਣ ਵਾਲੇ ਨਿੱਕੇ ਰਾਜਨ ਨੂੰ ਪਾਵਾਂਗੀ।’’
‘‘ਉਹ ਤਾਂ ਠੀਕ ਏ, ਪਰ ਆਹ ਲੀਰਾਂ ਦੀ ਪੰਡ ਕੀ ਕਰਨੀ ਏ? ਲਿਆ ਫੜਾ ਇਹ ਕੂੜੇਦਾਨ ’ਚ ਪਾ ਕੇ ਆਵਾਂ।’’
‘‘ਨਹੀਂ ਮੰਮੀ ਜੀ, ਇਹ ਲੀਰਾਂ ਵੀ ਨਹੀਂ ਸੁੱਟਣੀਆਂ। ਮੈਂ ਇਨ੍ਹਾਂ ਲੀਰਾਂ ਤੋਂ ਪੈਚ-ਵਰਕ ਡਿਜ਼ਾਈਨਰ ਡਰੈੱਸਾਂ ਤੇ ਖਿਡੌਣੇ ਬਣਾਉਣ ਦਾ ਸੋਚਿਐ। ਰਾਜਨ ਦੀਆਂ ਨਿਸ਼ਾਨੀਆਂ ਕੂੜੇ ਦਾ ਢੇਰ ਨਹੀਂ ਜ਼ਿੰਦਗੀ ਦੇ ਰੰਗ ਬਣਨਗੀਆਂ।’’
ਉਸ ਤੋਂ ਵਾਰੇ-ਵਾਰੇ ਜਾਂਦੀ ਸਰਿਤਾ ਨੇ ਇੱਕ ਹੋਰ ਵੱਡਾ ਬੈਗ ਖੋਲ੍ਹ ਲਿਆ। ਉਸ ’ਚ ਸਾਂਭ ਕੇ ਰੱਖੇ ਰਾਜਨ ਦੇ ਨਿੱਕੇ ਹੁੰਦੇ ਦੇ ਖਿਡੌਣੇ ਕੱਢ-ਕੱਢ ਵਿਖਾਉਂਦੀ ਕਹਿਣ ਲੱਗੀ, ‘‘ਨਿੱਕੇ ਹੁੰਦਿਆਂ ਤੋਂ ਕਿਧਰੇ ਵੀ ਜਹਾਜ਼ ਜਾਂ ਟਰੱਕ ਵਾਲਾ ਖਿਡੌਣਾ ਵੇਖਣਾ, ਇਹਨੇ ਲੈਣ ਦੀ ਜ਼ਿੱਦ ਕਰਦੇ ਲਿਟਣ ਲੱਗ ਜਾਣਾ। ਖਿਡੌਣੇ ਇਕੱਠੇ ਕਰਦਾ-ਕਰਦਾ ਅਜਿਹਾ ਜਹਾਜ਼ ’ਤੇ ਚੜ੍ਹ ਟਰੱਕ ਚਲਾਉਣ ਦੇ ਖਹਿੜੇ ਪਿਆ...।’’
ਹਾਉਕਾ ਭਰਦੀ ਨੇ ਖਿਡੌਣਿਆਂ ਦਾ ਭਰਿਆ ਵੱਡਾ ਬੈਗ ਅਨਿਕਾ ਦੇ ਸਾਹਮਣੇ ਪਲਟਾ ਦਿੱਤਾ। ਖਿਡੌਣੇ ਹੱਥ ’ਚ ਲੈਂਦੀ ਅਨਿਕਾ ਰਾਜਨ ਦੀ ਜ਼ਿੰਦਗੀ ਦੇ ਆਖ਼ਰੀ ਸਫ਼ਰ ਦੀ ਦਾਸਤਾਨ ਸਾਂਝੀ ਕਰਨ ਲੱਗੀ, ‘‘ਉਹਨੂੰ ਵੀ ਕੀ ਪਤਾ ਸੀ ਕਿ ਉਸ ਦਾ ਸ਼ੌਕ ਹੀ ਉਸ ਲਈ ਮੌਤ ਬਣ ਜਾਏਗਾ। ਰਾਜਨ ਦਾ ਕੈਨੇਡਾ ਤੋਂ ਅਮਰੀਕਾ ਟਰੱਕ ਲੈ ਕੇ ਜਾਣ ਦਾ ਇਹ ਆਖ਼ਰੀ ਗੇੜਾ ਸੀ। ਇਸ ਤੋਂ ਬਾਅਦ ਅਸੀਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਕਰਨ ਵਾਲੇ ਸੀ। ਬੰਦਾ ਸੋਚਦਾ ਕੁਝ ਤੇ ਹੁੰਦਾ ਕੁਝ ਏ! ਰੱਬ ਵੀ ਪਤਾ ਨਹੀਂ ਕਿਹੜੀਆਂ ਖੇਡਾਂ ਖੇਡਦੈ! ਇੱਕ ਪਾਸੇ ਰਾਜਨ ਨੂੰ ਸਾਡੇ ਕੋਲੋਂ ਖੋਹ ਕੇ ਜ਼ਿੰਦਗੀ ਬੇਅਰਥ ਕਰ ਦਿੱਤੀ, ਦੂਜੇ ਪਾਸੇ ਮੇਰੀ ਕੁੱਖ ’ਚ ਰਾਜਨ ਦਾ ਅੰਸ਼ ਪਾ ਕੇ ਫਿਰ ਤੋਂ ਜ਼ਿੰਦਗੀ ਦਾ ਪੱਲਾ ਫੜਾ ਦਿੱਤਾ। ਇਹ ਰੱਬ ਵੀ ਨਾ! ਨਾ ਜੀਣ ਦਿੰਦੈ, ਨਾ ਮਰਨ ਜੋਗਾ ਛੱਡਦੈ।’’
‘‘ਸ਼ੁਭ-ਸ਼ੁਭ ਬੋਲ ਪੁੱਤ। ਚੱਲ ਰੋਟੀ-ਪਾਣੀ ਦਾ ਆਹਰ ਕਰੀਏ। ਮੈਂ ਵੀ ਪਾਗਲ! ਐਵੇਂ ਖਿਲਾਰਾ ਪਾ ਬੈਠੀ।’’ ਸਰਿਤਾ ਨੇ ਖਿਡੌਣੇ ਵਾਪਸ ਬੈਗ ’ਚ ਪਾ ਜ਼ਿੱਪ ਬੰਦ ਕਰ ਦਿੱਤੀ।
ਉਹ ਅਨਿਕਾ ਦੀ ਪਸੰਦ ਦੀਆਂ ਚੀਜ਼ਾਂ ਬਣਾਉਂਦੀ। ਉਸ ਨੂੰ ਹੱਥੀਂ ਖੁਆਉਂਦੀ। ਸੁੱਤੀ ਦੇ ਸਾਹ ਗਿਣਦੀ ਬਲਾਵਾਂ ਲੈਂਦੀ, ਪਰ ਜਿਉਂ-ਜਿਉਂ ਸਮਾਂ ਲੰਘਣ ਲੱਗਿਆ ਅਨਿਕਾ ਦੇ ਮਾਪਿਆਂ ਦੀ ਚਿੰਤਾ ਵਧਣ ਲੱਗੀ। ਜਵਾਨ ਧੀ ਦਾ ਉਮਰ ਭਰ ਦਾ ਇਕਲਾਪਾ ਵੱਢ-ਵੱਢ ਖਾਂਦਾ। ਧੀ ਨੂੰ ਮਿਲਣ ਆਈ ਅਨਿਕਾ ਦੀ ਮੰਮੀ ਨੇ ਗੱਲਾਂ-ਗੱਲਾਂ ’ਚ ਸਰਿਤਾ ਨਾਲ ਅੰਦਰ ਦੀ ਗੰਢ ਖੋਲ੍ਹੀ, ‘‘ਭੈਣ ਜੀ, ਅਨਿਕਾ ਸਾਡੀ ਨਹੀਂ ਤੁਹਾਡੀ ਧੀ ਏ। ਆਪ ਹੀ ਸੋਚੋ, ਜੇ ਤੁਹਾਡੀ ਕੁੱਖੋਂ ਜੰਮੀ ਨਾਲ ਇਹ ਭਾਣਾ ਵਾਪਰਿਆ ਹੁੰਦਾ, ਤੁਸੀਂ ਦੁਬਾਰਾ ਉਸ ਦਾ ਘਰ ਵਸਾਉਣ ਬਾਰੇ ਨਾ ਸੋਚਦੇ? ਬੁਰਾ ਨਾ ਮਨਾਇਓ, ਜੇ ਰਾਜਨ ਦੀ ਥਾਂ ਅਨਿਕਾ ਨਾਲ ਹੋਣੀ ਵਾਪਰੀ ਹੁੰਦੀ, ਕੀ ਤੁਸੀਂ ਰਾਜਨ ਦਾ ਅੱਗੋਂ ਘਰ ਨਾ ਵਸਾਉਂਦੇ? ਪਾਣੀ ਵਗਦੇ ਹੀ ਸੋਂਹਦੇ ਆ। ਤੁਹਾਡੇ ਤੇ ਸਾਡੇ ਦਰਦ ’ਚ ਕੋਈ ਫ਼ਰਕ ਨਹੀਂ, ਪਰ ਆਪ ਹੀ ਸੋਚੋ ਪਹਾੜ ਜਿੱਡੀ ਜ਼ਿੰਦਗੀ ਇਹ ਫੁੱਲ ਭਰ ਬਾਲੜੀ ਕਿਵੇਂ ਕੱਟੇਗੀ?’’ ਆਖ ਉਹ ਅੱਖਾਂ ’ਚੋਂ ਕਿਰਦੇ ਹੰਝੂ ਚੁੰਨੀ ਦੇ ਪੱਲੇ ’ਚ ਸਮੇਟਣ ਲੱਗੀ।
ਸਰਿਤਾ ਨੂੰ ਗੱਲ ਅੰਦਰ ਤੱਕ ਖਾ ਗਈ। ਕਿੰਨੇ ਦਿਨ ਭਾਰ ਚੁੱਕੀ ਅੰਦਰੇ-ਅੰਦਰ ਘੁਲਦੀ ਰਹੀ। ਆਖ਼ਰ ਉਸ ਮਹੇਸ਼ ਕੋਲ ਗੰਢ ਖੋਲ੍ਹੀ। ਸੁਣ ਕੇ ਉਹ ਵੀ ਸੋਚੀਂ ਪੈ ਗਿਆ। ਆਖਣ ਲੱਗਿਆ, ‘‘ਆਪਾਂ ਨੂੰ ਇਹ ਖ਼ਿਆਲ ਕਿਉਂ ਨਾ ਆਇਆ? ਅਨਿਕਾ ਦੀ ਉਮਰ ਹੀ ਕੀ ਏ? ਆਪਾਂ ਮਾਪੇ ਬਣ ਅਨਿਕਾ ਨੂੰ ਡੋਲੀ ਤੋਰਾਂਗੇ। ਮੈਨੂੰ ਤਾਂ ਸੋਚ ਕੇ ਝੁਣਝੁਣੀਆਂ ਆਉਂਦੀਐਂ! ਆਪਾਂ ਨੂੰਹ ਨੂੰ ਧੀ ਬਣਾ ਕੇ ਤੋਰਾਂਗੇ ਤੇ ਜਵਾਈ ਵਾਲੇ ਹੋ ਜਾਵਾਂਗੇ। ਜਵਾਈ ਦੇ ਰੂਪ ’ਚ ਇੱਕ ਹੋਰ ਪੁੱਤ!’’ ਬੋਲਦਾ ਉਹ ਭਾਵੁਕ ਹੋ ਗਿਆ। ਵਹਾਅ ’ਚ ਵਹਿੰਦੀ ਸਰਿਤਾ ਬੋਲੀ, ‘‘ਹੁਣ ਨਹੀਂ ਬਾਲਾਂ ਨੂੰ ਅੱਖੋਂ ਓਹਲੇ ਹੋਣ ਦੇਣਾ। ਅਨਿਕਾ ਲਈ ਇਧਰ ਹੀ ਘਰ ਵੇਖਾਂਗੇ।’’ ਉਸ ਦੀ ਹਾਂ ’ਚ ਹਾਂ ਮਿਲਾਉਂਦਾ ਮਹੇਸ਼ ਕਹਿਣ ਲੱਗਿਆ, ‘‘ਸਹੀ ਗੱਲ ਏ। ਘੱਟੋ-ਘੱਟ ਆਖ਼ਰੀ ਸਾਹ ਤਾਂ ਬਾਲਾਂ ਦੇ ਹੱਥਾਂ ’ਚ ਲਈਏ।’’ ਬੋਲਦਾ ਉਹ ਗੰਭੀਰ ਹੋ ਗਿਆ।
‘‘ਹੋਰ ਕੀ! ਮਰਿਆਂ ਨੂੰ ਕਲੇਜੇ ਲਾਉਣੋਂ ਵੀ ਤਰਸੋ। ਪਰਦੇਸਾਂ ਦੇ ਕਾਹਦੇ ਸਾਕ?’’ ਬੋਲਦੀ ਸਰਿਤਾ ਉਦਾਸੀ ’ਚ ਲਹਿਣ ਲੱਗੀ। ਉਸ ਨੂੰ ਟੋਕਦਾ ਮਹੇਸ਼ ਦਲੇਰੀ ਨਾਲ ਬੋਲਿਆ, ‘‘ਮਰਨ-ਮੁਰਨ ਦੀਆਂ ਗੱਲਾਂ ਛੱਡ। ਦੁੱਖ-ਸੁੱਖ ਆਉਣੇ-ਜਾਣੇ। ਚੰਗੇ ਦੀ ਆਸ ਜਾਗੀ ਏ ਤਾਂ ਚੰਗਾ ਹੀ ਸੋਚੀਏ। ਆਪਾਂ ਦਾਦਾ-ਦਾਦੀ ਬਣਨ ਦੇ ਨਾਲ-ਨਾਲ ਜਵਾਈ ਵਾਲੇ ਹੋਣ ਵਾਲੇ ਆਂ। ਜ਼ਿੰਮੇਵਾਰੀਆਂ ਵਧਣ ਵਾਲੀਆਂ ਨੇ। ਕੰਮ-ਕਾਰ ਵੱਲ ਧਿਆਨ ਦੇਈਏ। ਰਾਜਨ ਨੂੰ ਕੈਨੇਡਾ ਭੇਜਣ ਲਈ ਇੱਧਰੋਂ-ਉਧਰੋਂ ਫੜਿਆ ਲਾਹ ਕੇ ਆਉਣ ਵਾਲੇ ਜੀਆਂ ਦੇ ਭਵਿੱਖ ਦਾ ਵੀ ਸੋਚਣੈ ਕਿ ਨਹੀਂ? ਬਸ ਆਪਣੀ ਅਨਿਕਾ ਲਈ ਅੱਗੋਂ ਚੰਗੇ ਨਾਲ ਮੱਥਾ ਲੱਗ’ਜੇ!’’
ਘਰ ’ਚ ਬਾਲ ਦੀਆਂ ਕਿਲਕਾਰੀਆਂ ਉਡੀਕਦੇ ਦੋਵੇਂ ਜੀਅ ਧੀ ਨੂੰ ਵਿਆਹੁਣ ਦੀਆਂ ਵਿਉਂਤਾਂ ਘੜਦੇ ਚੰਗੇ ਤੇ ਯੋਗ ਵਰ ਦੀ ਤਲਾਸ਼ ਕਰਨ ਲੱਗੇ।
* * *
ਐਤਵਾਰ ਦਾ ਦਿਨ ਸੀ। ਸਾਰੇ ਜੀਅ ਘਰ ਹੀ ਸਨ। ਸਰਿਤਾ ਤੇ ਮਹੇਸ਼ ਵਿਹੜੇ ’ਚ ਬੈਠੇ ਚਾਹ ਦੀਆਂ ਚੁਸਕੀਆਂ ਨਾਲ ਅਖ਼ਬਾਰ ਪੜ੍ਹ ਰਹੇ ਸਨ। ਹੱਥ ’ਚ ਸਾਮਾਨ ਦਾ ਭਰਿਆ ਇੱਕ ਲਿਫ਼ਾਫ਼ਾ ਤੇ ਸਰਟੀਫਿਕੇਟ ਫੋਲਡਰ ਫੜੀ ਅਨਿਕਾ ਵੀ ਉਨ੍ਹਾਂ ਕੋਲ ਆ ਪਹੁੰਚੀ। ਲਿਫ਼ਾਫੇ ਵਿੱਚੋਂ ਲੀਰਾਂ ਜੋੜ ਕੇ ਹੱਥੀਂ ਬਣਾਈ ਪੈਚ-ਵਰਕ ਕੀਤੀ ਡਰੈੱਸ ਤੇ ਹੋਰ ਸਾਮਾਨ ਸਰਿਤਾ ਵੱਲ ਵਧਾਉਂਦੀ ਅਨਿਕਾ ਬੋਲੀ, ‘‘ਲਉ ਮੰਮੀ, ਮੇਰੀ ਸੋਚ ਦੀ ਪਹਿਲੀ ਉਡਾਰੀ। ਰਿਡਿਜ਼ਾਈਨ ਕੀਤੇ ਸੈਂਪਲ ਦੀ ਡਿਟੇਲ ਕੰਪਨੀ ਨੂੰ ਮੇਲ।’’ ਅਨਿਕਾ ਬੋਲ ਰਹੀ ਸੀ ਕਿ ਅਖ਼ਬਾਰ ਦਾ ਪੰਨਾ ਖੜਕਾਉਂਦਾ ਮਹੇਸ਼ ਬੋਲਿਆ, ‘‘ਸਰਿਤਾ, ਆਹ ਵੇਖ ਕਿੰਨਾ ਸ਼ਾਨਦਾਰ ਰਿਸ਼ਤਾ ਆਇਐ। ਮੈਨੂੰ ਲੱਗਦੈ ਆਪਣੀ ਅਨਿਕਾ ਲਈ ਇਸ ਤੋਂ ਵਧੀਆ ਰਿਸ਼ਤਾ।’’ ਗੱਲ ਉਸ ਦੇ ਮੂੰਹ ’ਚ ਸੀ ਕਿ ਅਨਿਕਾ ਬੋਲੀ, ‘‘ਕੀ ਕਹਿ ਰਹੇ ਓ ਪਾਪਾ? ਪੱਕਾ ਇਹ ਦਕਿਆਨੂਸੀ ਗੱਲ ਮੇਰੀ ਮੰਮੀ ਨੇ ਹੀ ਤੁਹਾਡੇ ਦਿਮਾਗ਼ ’ਚ ਪਾਈ ਹੋਣੀ ਏ। ਹੁਣੀਂ ਕਰਦੀ ਆਂ ਮੈਂ ਆਪਣੀ ਮੰਮੀ ਨੂੰ ਫੋਨ।’’
ਗੁੱਸੇ ’ਚ ਤਿਲਮਿਲਾਉਂਦੀ ਅਨਿਕਾ ਫੋਨ ਮਿਲਾਉਣ ਲੱਗੀ। ਸਰਿਤਾ ਨੇ ਮੋਬਾਈਲ ਉਸ ਦੇ ਹੱਥੋਂ ਫੜ ਲਿਆ। ਉਸ ਨੂੰ ਕੋਲ ਬਿਠਾ ਕੇ ਸਮਝਾਉਣ ਲੱਗੀ, ‘‘ਪੁੱਤਰ, ਅਸੀਂ ਕਦੋਂ ਤੱਕ ਬੈਠੇ ਰਹਾਂਗੇ। ਇਹ ਜ਼ਿੰਦਗੀ ਇਕੱਲੇ ਜਿਊਣੀ ਸੌਖੀ ਨਹੀਂ। ਠਹਿਰੇ ਪਾਣੀ ਗੰਧਲੇ ਹੋ ਜਾਂਦੇ ਆ।’’
‘‘ਮੰਮਾ, ਮੈਂ ਦੁੱਧ ਪੀਂਦੀ ਬੱਚੀ ਨਹੀਂ। ਆਪਣਾ ਚੰਗਾ-ਬੁਰਾ ਸਭ ਸਮਝਦੀ ਹਾਂ। ਮੇਰੀ ਪੀ.ਆਰ. ਆਸਰੇ ਕੈਨੇਡਾ ਨਾਲ ਵਿਆਹ ਕਰਵਾਉਣ ਵਾਲੇ ਬਥੇਰੇ ਮਿਲ ਜਾਣਗੇ, ਪਰ ਮੈਨੂੰ ਆਪਣੇ ਨਾਲ...। ਖ਼ੈਰ, ਮੈਂ ਕੈਨੇਡਾ ਜਾਣੈ ਪਾਪਾ। ਰਾਜਨ ਦੇ ਸੁਪਨੇ ਪੂਰੇ ਕਰਨੇ ਨੇ।’’ ਬੋਲਦਿਆਂ ਅਨਿਕਾ ਦੀਆਂ ਅੱਖਾਂ ਡਲ੍ਹਕ ਗਈਆਂ।
‘‘ਪੁੱਤਰ, ਰਾਜਨ ਦੇ ਜਾਣ ਤੋਂ ਬਾਅਦ ਤੂੰ ਹੀ ਤਾਂ ਸਾਡਾ ਸਾਰਾ ਕੁਝ ਹੈਂ। ਅਸੀਂ ਤੇਰਾ ਵਿਆਹ ਇਧਰ ਹੀ ਕਰਾਂਗੇ। ਤੇਰੇ ਬਗੈਰ ਸਾਡਾ ਹੈ ਹੀ ਕੌਣ? ਸੁਪਨੇ ਇੱਥੇ ਵੀ ਤਾਂ ਪੂਰੇ ਹੋ ਸਕਦੇ ਨੇ ਪੁੱਤਰ।’’ ਭਰੜਾਈ ਆਵਾਜ਼ ਵਿੱਚ ਬੋਲਦਾ ਮਹੇਸ਼ ਭਾਵੁਕ ਹੋ ਗਿਆ।
‘‘ਸੁਪਨਿਆਂ ਲਈ ਪਲਾਨਿੰਗ ਕਰਨੀ ਪੈਂਦੀ ਏ ਪਾਪਾ। ਮੰਨਿਆ ਮੌਤ ਅਨਪਲਾਂਡ ਹੁੰਦੀ ਏ, ਪਰ ਜ਼ਿੰਦਗੀ! ਤਿਆਰੀ ਕਰ ਲਉ। ਮੈਂ ਤੁਹਾਡਾ ਵੀ ਵੀਜ਼ਾ ਅਪਲਾਈ ਕਰ ਰਹੀ ਹਾਂ।’’
‘‘ਇਹ ਕੀ ਕਹਿ ਰਹੀ ਏਂ ਬੇਟਾ? ਆਪਾਂ ਨਹੀਂ ਜਾਣਾ ਕਿਧਰੇ।’’ ਸਰਿਤਾ ਦੀ ਜ਼ੁਬਾਨ ਗੋਤੇ ਖਾਣ ਲੱਗੀ। ਉਸ ਹੱਥ ’ਚ ਫੜਿਆ ਸਾਮਾਨ ਵਾਪਸ ਅਨਿਕਾ ਦੀ ਝੋਲੀ ’ਚ ਰੱਖ ਦਿੱਤਾ। ਲੀਰਾਂ ਜੋੜ ਕੇ ਬਣਾਇਆ ਖਿਡੌਣਾ ਹੱਥ ’ਚ ਲੈਂਦੀ ਅਨਿਕਾ ਬੋਲੀ, ‘‘ਲੀਰਾਂ ਹੋਈ ਜ਼ਿੰਦਗੀ ਨੂੰ ਚਾਹੋ ਤਾਂ ਕੂੜੇ ’ਚ ਸੁੱਟ ਦਿਉ, ਚਾਹੋ ਤਾਂ ਲੀਰਾਂ ਨੂੰ ਜੋੜ ਕੇ ਖਿਡੌਣੇ ਬਣਾ ਲਵੋ।’’
ਉਸ ਲੀਰਾਂ ਦੀ ਬਣਾਈ ਰੰਗ-ਬਰੰਗੀ ਖਿੱਦੋ ਸਰਿਤਾ ਨੂੰ ਫੜਾਈ ਤੇ ਗਹਿਰਾ ਸਾਹ ਭਰਦੀ ਸਰਟੀਫਿਕੇਟ ਫੋਲਡਰ ਸੈੱਟ ਕਰਨ ਲੱਗੀ। ਖਿੱਦੋ ਵੱਲ ਤੱਕਦੇ ਮਹੇਸ਼ ਤੇ ਸਰਿਤਾ ਦੀ ਸੋਚਣ ਸ਼ਕਤੀ ਜਵਾਬ ਦੇ ਗਈ।
ਸੰਪਰਕ: 98146-70707

Advertisement
Advertisement

Advertisement
Author Image

Ravneet Kaur

View all posts

Advertisement