ਲੰਬੇ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਕਿਸਮਾਂ ’ਤੇ ਰੋਕ
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੀ ਸਿਫਾਰਿਸ਼ ਤੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਵਿਕਰੀ ਅਤੇ ਬਿਜਾਈ ’ਤੇ ਰੋਕ ਲਗਾਈ ਗਈ ਹੈ ਜਿਸ ਦੀ ਪਾਲਣਾ ਹਿੱਤ ਇਸ ਵਾਰ ਜ਼ਿਲ੍ਹਾ ਲੁਧਿਆਣਾ ਵਿੱਚ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਵਿਕਰੀ ਨਹੀਂ ਹੋਈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਦਿੱਤੀ।
ਡਾ. ਗੁਰਦੀਪ ਨੇ ਕਿਹਾ ਕਿ ਜੇਕਰ ਅਸੀਂ ਲੰਮੇ ਸਮੇਂ ਵਾਲੀਆਂ ਕਿਸਮਾਂ ਦੀ ਬਿਜਾਈ ਕਰਦੇ ਹਾਂ ਤਾਂ ਇਨ੍ਹਾਂ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ ਅਤੇ ਨਾਲ ਹੀ ਇਨ੍ਹਾਂ ਦੀ ਕਟਾਈ ਸਮੇਂ ਮੌਸਮ ਵਿੱਚ ਸਿੱਲ ਹੋਣ ਕਾਰਨ ਨਮੀ ਦੀ ਮਾਤਰਾ ਵੱਧ ਜਾਣ ਨਾਲ ਮੰਡੀ ਵਿੱਚ ਵੇਚਣ ਸਮੇਂ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕਿਸਮਾਂ ਦੀ ਵਾਢੀ ਦੇਰ ਨਾਲ ਹੋਣ ਕਾਰਨ ਕਣਕ ਦੀ ਬਿਜਾਈ ਲਈ ਵੀ ਢੁਕਵਾਂ ਸਮਾਂ ਨਹੀਂ ਰਹਿੰਦਾ ਜਿਸ ਕਾਰਨ ਕਿਸਾਨ ਵੀਰ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਦੇ ਹਨ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਪਨੀਰੀ ਦੀ ਬਿਜਾਈ ਕੀਤੀ ਗਈ ਹੈ ਤਾਂ ਇਨ੍ਹਾਂ ਕਿਸਮਾਂ ਦੀ ਖੇਤਾਂ ਵਿੱਚ ਲਵਾਈ ਨਾ ਕਰਨ ਸਗੋਂ ਇਸ ਦੀ ਥਾਂ ਪੀ.ਆਰ 126, ਪੀ.ਆਰ 131, ਪੀ.ਆਰ 132 ਆਦਿ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਕਿਸਮਾਂ ਪਾਬੰਦੀਸੁਦਾ ਕਿਸਮਾਂ ਨਾਲੋਂ ਘੱਟ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਤੇ ਬਿਮਾਰੀਆਂ ਅਤੇ ਕੀਟਾਂ ਦਾ ਹਮਲਾ ਵੀ ਘੱਟ ਹੁੰਦਾ ਹੈ। -ਖੇਤਰੀ ਪ੍ਰਤੀਨਿਧ