ਲੰਗਰ ਪ੍ਰਥਾ ਬਾਰੇ ਵਿਸ਼ੇਸ਼ ਸਟਾਲ ਲਗਾਉਣ ਦਾ ਫ਼ੈਸਲਾ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਵੱਲੋਂ 20 ਰੁਪਏ ਨਾਲ ਭੁੱਖੇ ਸਾਧਾਂ ਨੂੰ ਲੰਗਰ ਛਕਾਉਣ ਅਤੇ ਸਿੱਖ ਧਰਮ ਵਿਚ ਲੰਗਰ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਸਟਾਲ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਨਾਲ ਜੋ ਲੰਗਰ ਸਾਧੂਆਂ ਨੂੰ ਛਕਾਇਆ ਸੀ, ਉਸ ਸਦਕਾ ਹੀ ਅੱਜ ਸਮੁੱਚੇ ਵਿਸ਼ਵ ਵਿਚ ਸਿੱਖਾਂ ਵੱਲੋਂ ਲੋਕਾਂ ਲਈ ਲੰਗਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਇਸ ਲੰਗਰ ਪ੍ਰਥਾ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਸ਼ੇਸ਼ ਮੁਹਿੰਮ ਆਰੰਭਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਇਤਿਹਾਸਕ ਗੁਰਧਾਮਾਂ ਦੇ ਬਾਹਰ ਸਟਾਲ ਲਗਾ ਕੇ ਲੰਗਰ ਪ੍ਰਥਾ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਟਾਲਾਂ ‘ਤੇ ਲੰਗਰ ਪ੍ਰਥਾ ਬਾਰੇ ਉਚੇਚੇ ਤੌਰ ‘ਤੇ ਤਿਆਰ ਕਰਵਾਇਆ ਗਿਆ ਯਾਦਗਾਰੀ ਪੱਤਰ ਵੀ ਸੰਗਤ ਨੂੰ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਲੰਗਰ ਦੀ ਪ੍ਰਥਾ ਦੇ ਇਤਿਹਾਸ ਤੇ ਇਸ ਦੀ ਸਿੱਖ ਧਰਮ ਵਿਚ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਗੁਰੂ ਸਾਹਿਬ ਵੱਲੋ ਕੀਤੇ ਕਲਿਆਣਕਾਰੀ ਕਾਰਜਾਂ ਦੀ ਜਾਣਕਾਰੀ ਦੇਣਾ ਤੇ ਸੰਗਤ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਕਰਨਾ ਫ਼ਰਜ਼ ਹੈ ਅਤੇ ਨੌਜਵਾਨ ਵਰਗ ਵਿਸ਼ੇਸ਼ ਤੌਰ ‘ਤੇ ਗੈਰ ਸਿੱਖ ਨੌਜਵਾਨਾਂ ਨੂੰ ਲੰਗਰ ਪ੍ਰਥਾ ਅਤੇ ਇਸ ਪ੍ਰਥਾ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਬਾਹਰ ਸਟਾਲ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।