ਲੜਕੀ ਨੇ ਬੱਚੇ ਦੇ ਗਰਮ ਪ੍ਰੈੱਸ ਲਗਾ ਕੇ ਤਸ਼ੱਦਦ ਢਾਹਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਫਰਵਰੀ
ਇਸ ਸ਼ਹਿਰ ’ਚ ਆਰਕੈਸਟਰਾ ਵਿੱਚ ਕੰਮ ਕਰਨ ਵਾਲੀ ਜ਼ਿਲ੍ਹਾ ਫ਼ਰੀਦਕੋਟ ਦੀ ਮੂਲ ਵਾਸੀ ਲੜਕੀ ’ਤੇ ਉਸ ਦੇ ਘਰ ਰਹਿੰਦੇ ਦਸ ਸਾਲਾ ਬੱਚੇ ’ਤੇ ਗਰਮ ਪ੍ਰੈੱਸ ਲਾਉਣ ਦਾ ਦੋਸ਼ ਹੈ। ਜਸਕਰਨ ਸਿੰਘ (10) ਹਰੀ ਕੇ ਪੱਤਣ ਦਾ ਰਹਿਣ ਵਾਲਾ ਹੈ ਤੇ ਦੋ ਭਰਾ ਹਨ ਤੇ ਪਿਤਾ ਪ੍ਰਭਜੀਤ ਡਰਾਈਵਰ ਹੈ। ਪਿਤਾ ਨੇ ਬੱਚੇ ਨੂੰ ਪਾਲਣ ਪੋਸ਼ਣ ਲਈ ਆਪਣੇ ਜਾਣਕਾਰ ਫ਼ਰੀਦਕੋਟ ਵਾਸੀ ਜੈਤੋ ਦੇ ਰਹਿਣ ਵਾਲੇ ਪਰਿਵਾਰ ਕੋਲ ਛੱਡ ਦਿੱਤਾ ਸੀ। ਕੁਝ ਦਿਨ ਮਗਰੋਂ ਜਸਕਰਨ ਸਿੰਘ ਨੂੰ ਪਟਿਆਲਾ ਦੀ ਕਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਜੈਤੋ ਵਾਸੀ ਪਰਿਵਾਰ ਦੀ ਧੀ ਮਨੀ ਸ਼ਰਮਾ ਆਪਣੇ ਕੋਲ ਲੈ ਆਈ। ਇਸੇ ਦੌਰਾਨ ‘ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ’ ਨਾਮ ਦੀ ਸੰਸਥਾ ਦੇ ਮੁਖੀ ਸਤਪਾਲ ਸਿੰਘ ਖਰੌੜ ਨੂੰ ਪਤਾ ਲੱਗਿਆ ਕਿ ਜਸਕਰਨ ਸਿੰਘ ਨੂੰ ਕੁਝ ਦਿਨ ਤੋਂ ਕਮਰੇ ’ਚ ਬੰਦ ਕਰਨ ਸਣੇ ਉਸ ’ਤੇ ਕਥਿਤ ਤਸ਼ੱਦਦ ਢਾਹਿਆ ਗਿਆ ਹੈ। ਉਹ ਜਦੋਂ ਟੀਮ ਸਣੇ ਮਨੀ ਸ਼ਰਮਾ ਦੇ ਘਰ ਪੁੱਜਿਆ ਤਾਂ ਬੱਚੇ ਦੀ ਪਿੱਠ ਤੇ ਮੂੰਹ ਸਣੇ ਕੁਝ ਹੋਰ ਥਾਵਾਂ ’ਤੇ ਪ੍ਰੈੱਸ ਨਾਲ ਸੜਨ ਦੇ ਨਿਸ਼ਾਨ ਮਿਲੇ। ਬੱਚੇ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਉਧਰ, ਮਨੀ ਸ਼ਰਮਾ ਦਾ ਕਹਿਣਾ ਹੈ ਕਿ ਰਸੋਈ ਗੈਸ ਸਿਲੰਡਰ ਦਾ ਰੈਗੂਲੇਟਰ ਖੁੱਲ੍ਹਾ ਛੱਡਣ ਕਰ ਕੇ ਉਸ ਨੇ ਜਸਕਰਨ ਨੂੰ ਸਿਰਫ਼ ਕਮਰੇ ’ਚ ਹੀ ਬੰਦ ਕੀਤਾ ਸੀ। ਸ੍ਰੀ ਖਰੌੜ ਦੀ ਸ਼ਿਕਾਇਤ ’ਤੇ ਥਾਣਾ ਅਰਬਨ ਅਸਟੇਟ ਵਿੱਚ ਕੇਸ ਦਰਜ ਕਰ ਕੇ ਮਨੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਘਟਨਾ ਸਬੰਧੀ ਵੀਡੀਓ ਵਾਇਰਲ ਹੋਣ ’ਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਨੋਟਿਸ ਲੈਂਦਿਆਂ ਅੱਜ ਹਸਪਤਾਲ ’ਚ ਜਾ ਕੇ ਬੱਚੇ ਦਾ ਹਾਲਚਾਲ ਜਾਣਿਆ। ਉਨ੍ਹਾਂ ਡੀਸੀ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਨਾਲ ਮੀਟਿੰਗ ਕਰਕੇ ਸਖਤ ਕਰਵਾਈ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਕੰਵਰਦੀਪ ਨੇ ਕਿਹਾ ਕਿ ਕਮਿਸ਼ਨ ਇਸ ਮਾਮਲੇ ਨਾਲ ਸਖ਼ਤੀ ਨਾਲ ਨਜਿੱਠੇਗਾ।