ਲੌਕਡਾਊਨ: ਸਿਰਸਾ ’ਚ ਹਾਲੇ ਤੱਕ ਕੋਈ ਪਾਜ਼ੇਟਿਵ ਕੇਸ ਨਹੀਂ

ਸਿਰਸਾ ਵਿੱਚ ਲੌਕਡਾਊਨ ਦੀ ਉਲੰਘਣਾ ਕਰਦੇ ਲੋਕਾਂ ਤੋਂ ਪੁੱਛ-ਗਿਛ ਕਰਦੀ ਹੋਈ ਪੁਲੀਸ।

ਪ੍ਰਭੂ ਦਿਆਲ
ਸਿਰਸਾ, 25 ਮਾਰਚ
ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਉਦੇਸ਼ ਨਾਲ ਦੇਸ਼ ਵਿੱਚ ਕੀਤੇ ਗਏ ਲੌਕਡਾਊਨ ਦਾ ਅਸਰ ਸਿਰਸਾ ਵਿੱਚ ਵਿਆਪਕ ਵੇਖਣ ਨੂੰ ਮਿਲਿਆ ਹੈ। ਸਿਰਫ ਦੁੱਧ ਤੇ ਹੋਰ ਜ਼ਰੂਰੀ ਲੋੜਾਂ ਵਾਲੀਆਂ ਚੀਜ਼ਾਂ ਦੀ ਸਪਲਾਈ ਲੋਕਾਂ ਨੂੰ ਪੂਰੀ ਮੁਹੱਈਆ ਕਰਵਾਏ ਜਾਣ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਕਰਿਆਨੇ ਤੇ ਫੱਲਾਂ ਦੀਆਂ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ ਮੁਕੱਰਰ ਕੀਤਾ ਗਿਆ ਹੈ। ਮੈਡੀਕਲ ਤੇ ਪੈਟਰੋਲ ਪੰਪ ਖੁਲ੍ਹੇ ਰਹੇ ਹਨ। ਲੌਕਡਾਊਨ ਦੇ ਦੂਜੇ ਦਿਨ ਅੱਜ ਸਿਰਸਾ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਹੈ। ਜਿਥੇ ਸ਼ਹਿਰ ਦੇ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਉਥੇ ਪਿੰਡਾਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ ਤੇ ਲੋਕ ਘਰਾਂ ਤੋਂ ਬਾਹਰ ਨਹੀਂ ਆਏ। ਕਿਸਾਨ ਵੀ ਸਿਰਫ ਆਪਣੇ ਪਸ਼ੂਆਂ ਦੇ ਚਾਰੇ ਲਈ ਹੀ ਘਰੋਂ ਬਾਹਰ ਨਿਕਲੇ ਹਨ।
ਸਿਰਸਾ ਦੇ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਨੇ ਦੱਸਿਆ ਕਿ ਸਿਰਸਾ ਜ਼ਿਲ੍ਹੇ ਵਿੱਚ ਹਾਲੇ ਕਰੋਨਾ ਦਾ ਕੋਈ ਪਾਜ਼ੇਟਿਵ ਕੇਸ ਨਹੀਂ ਮਿਲਿਆ ਹੈ। ਜ਼ਰੂਰੀ ਲੋੜਾਂ ਵਾਲੀਆਂ ਚੀਜ਼ਾਂ ਤੋਂ ਇਲਾਵਾ ਪੂਰੀ ਤਰ੍ਹਾਂ ਬਾਜ਼ਾਰ ਬੰਦ ਹਨ। ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਚੋਂ ਬਾਹਰ ਨਾ ਨਿਕਲਣ। ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਿਤ ਅਧਿਕਾਰੀ ਨਾਲ ਸੰਪਰਕ ਸਥਾਪਤ ਕਰ ਸਕਦਾ ਹੈ। ਉਧਰ ਪੁਲੀਸ ਨੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਰ ਸਖਤੀ ਕਰਦਿਆਂ ਅੱਜ ਵੀ ਸੈਂਕੜੇ ਵਾਹਨਾਂ ਦੇ ਚਲਾਨ ਕੀਤੇ ਹਨ। ਪੁਲੀਸ ਨੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।