ਲੌਕਡਾਊਨ: ਭੁੱਖਣ-ਭਾਣਿਆਂ ਦੀ ਰੱਜ ਕੇ ਮਦਦ

ਲੌਂਗੋਵਾਲ ਪ੍ਰਸ਼ਾਸਨ ਨੂੰ ਰਾਸ਼ਨ ਕਿੱਟਾਂ ਦੀ ਭਰੀ ਟਰਾਲੀ ਸੌਂਪਦੇ ਹੋਏ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਤੇ ਹੋਰ। -ਫੋਟੋ: ਜਗਤਾਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਅਪਰੈਲ
ਇੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਦੇ ਲੋਕਾਂ ਨੇ ਲੋੜਵੰਦਾਂ ਪਰਿਵਾਰਾਂ ਨੂੰ ਖੁਦ ਹੀ ਰਾਸ਼ਨ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਲਈ ਹੈ ਉਥੇ ਸਮੁੱਚੇ ਪਿੰਡ ਨੂੰ ਸੀਲ ਕਰਕੇ ਸਾਰੇ ਰਸਤਿਆਂ ਉਪਰ ਨਾਕੇਬੰਦੀ ਕਰ ਦਿੱਤੀ ਹੈ। ਇਸਤੋਂ ਇਲਾਵਾ ਪਿੰਡ ਦੇ 11 ਵਾਰਡਾਂ ਵਿਚ ਤਿੰਨ-ਤਿੰਨ ਮੈਂਬਰੀ ਕਮੇਟੀਆਂ ਵੀ ਬਣਾ ਦਿੱਤੀਆਂ ਹਨ
ਧੂਰੀ (ਖੇਤਰੀ ਪ੍ਰਤੀਨਿਧ): ਲੌਕਡਾਊਨ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਤੋਂ ਇੰਚਾਰਜ ਹਰੀ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਅੱਜ ਨੇੜਲੇ ਪਿੰਡ ਬੇਨੜਾ ਦੇ ਕਰੀਬ 400 ਪਰਿਵਾਰਾਂ ਨੂੰ ਰਾਸ਼ਨ ਪਹੁੰਚਾਇਆ ਗਿਆ।
ਲੌਂਗੋਵਾਲ (ਪੱਤਰ ਪ੍ਰੇਰਕ): ਇੱਥੇ ਸੁਨਾਮ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਾਮਨ ਥਿੰਦ ਬਾਜਵਾ ਲਗਾਤਾਰ ਪਿਛਲੇ ਦਿਨਾਂ ਤੋਂ ਨਿੱਜੀ ਪੱਧਰ ਉੱਤੇ ਰਾਸ਼ਨ ਦੀਆਂ ਕਿੱਟਾਂ ਸੁਨਾਮ ਹਲਕੇ ਵਿੱਚ ਪ੍ਰਸ਼ਾਸਨ ਰਾਹੀਂ ਵੰਡ ਰਹੇ ਹਨ ਉਸੇ ਲੜੀ ਤਹਿਤ ਉਨ੍ਹਾਂ ਨੇ ਲੌਂਗੋਵਾਲ ਵਿੱਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦੀਆਂ ਕਿੱਟਾਂ ਦੀ ਭਰੀ ਟਰਾਲੀ ਪ੍ਰਸ਼ਾਸਨ ਨੂੰ ਭੇਟ ਕੀਤੀ।
ਰਾਜਪੁਰਾ (ਪੱਤਰ ਪ੍ਰੇਰਕ): ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਲੋਕਲ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਗੋਲੂ ਦੀ ਅਗਵਾਈ ਵਿੱਚ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰੰਬਧਕ ਕਮੇਟੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਖੇਤਰ ਦੇ ਪਿੰਡ ਸੈਦਖੇੜੀ, ਨੀਲਪੁਰ, ਅਨਾਜ ਮੰਡੀ, ਦਸਮੇਸ਼ ਨਗਰ ਸਮੇਤ ਹੋਰਨਾਂ ਥਾਵਾਂ ’ਤੇ ਸੈਂਕੜੇ ਮਜ਼ਦੂਰਾਂ ਲਈ ਲੰਗਰ ਲਗਾਏ ਗਏ ਤੇ ਆਗੂਆਂ ਨੇ ਹਰ ਮਦਦ ਕਰਨ ਦਾ ਭਰੋਸਾ ਦਿੱਤਾ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਇੱੱਥੇ ਪਿੰਡ ਧੰਦੀਵਾਲ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਵਿੱਚ ਜਗਦੇਵ ਸਿੰਘ ਜੈਨਪੁਰ, ਗੁਰਸੰਤ ਸਿੰਘ ਜੈਨਪੁਰ ਸਮਾਜ ਸੇਵੀਆਂ ਨੇ ਪਿੰਡ ਧੰਦੀਵਾਲ ਦੇ 30 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
ਭਾਦਸੋਂ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਹਰਮੀਤ ਸਿੰਘ ਹੈਪੀ ਨੇ ਆਪਣੀ ਬੇਟੀ ਜਪਪ੍ਰੀਤ ਕੌਰ ਦੇ 10ਵੇਂ ਜਨਮ ਦਿਨ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸਮਾਜ ਸੇਵਾ ਲਈ ਮਿਸਾਲ ਪੈਦਾ ਕੀਤੀ।

ਸਰਕਾਰੀ ਦਾਅਵਿਆਂ ਦੀ ਫੂਕ ਨਿਕਲੀ

ਸ਼ੇਰਪੁਰ (ਪੱਤਰ ਪ੍ਰੇਰਕ):ਇੱਥੇ ਮਜ਼ਦੂਰਾਂ ਪਰਿਵਾਰਾਂ ਦੀ ਮਾੜੀ ਹਾਲਤ ਸਰਕਾਰ ਦੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਏ ਜਾਣ ਦੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ ਕਿਉਂਕਿ ਹਾਲੇ ਤੱਕ ਸਰਕਾਰੀ ਜਾਂ ਗੈਰ-ਸਰਕਾਰੀ ਮਦਦਗਾਰ ਹੱਥ ਇਨ੍ਹਾਂ ਪਰਿਵਾਰਾਂ ਤੱਕ ਨਹੀਂ ਪੁੱਜ ਸਕੇ। ਪਿੰਡ ਮੂਲੋਵਾਲ ਦਾ ਬਜ਼ੁਰਗ ਨਸੀਬ (75) ਜੋ ਖੁਦ ਦਿਹਾੜੀ ਕਰਦਾ ਤੇ ਉਸ ਦੀ ਪਤਨੀ ਲੋਕਾਂ ਦਾ ਗੋਹਾ ਕੂੜਾ ਕਰਦੀ ਹੈ ਪਰ ਕਰਫਿਊ ਕਾਰਨ ਘਰ ਬੈਠ ਗਏ ਹਨ ਤੇ ਹੁਣ ਰੋਟੀ ਦੇ ਲਾਲੇ ਪਏ ਹੋਏ ਹਨ ਤੇ ਉਨ੍ਹਾਂ ਨੂੰ ਕਿਸੇ ਪਾਸਿਓਂ ਰਾਸ਼ਨ ਨਹੀਂ ਮਿਲਿਆ। ਇਸੇ ਤਰ੍ਹਾਂ ਮਜ਼ਦੂਰ ਵਿੰਦਰ ਸਿੰਘ ਜੋ ਤਿੰਨ ਧੀਆਂ ਦਾ ਪਿਉ ਹੈ ਨੂੰ ਵੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ।

ਡੀਸੀ ਨੂੰ ਰਾਸ਼ਨ ਦੇ ਪੈਕੇਟ ਸੌਂਪੇ

ਪਟਿਆਲਾ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਨੂੰ ਵੀ ਭੁੱਖੇ ਢਿੱਡ ਨਹੀਂ ਸੌਣ ਦਿੱਤਾ ਜਾਵੇਗਾ ਪਰ ਲੋਕ ਕਰਫਿਊ ਦਾ ਉਲੰਘਣ ਕਰਕੇ ਘਰਾਂ ਵਿਚੋਂ ਬਾਹਰ ਨਾ ਆਉਣ, ਕਿਉਂਕਿ ਘਰਾਂ ਦੇ ਅੰਦਰ ਰਹਿਣਾ ਹੀ ਸਭ ਤੋਂ ਜ਼ਰੂਰੀ ਹੈ, ਜਿਸ ਤਹਿਤ ਹੀ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਜਿਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਉਥੇ ਹੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮੇਤ ਹੋਰ ਸਮਾਜ ਸੇਵੀ ਸ਼ਖਸੀਅਤਾਂ ਵੀ ਮਨੁੱਖਤਾ ਦੀ ਸੇਵਾ ਕਰ ਰਹੀਆਂ ਹਨ। ਇਸ ਦੌਰਾਨ ਹੀ ਲੰਗਰ ਸੇਵਾ ਸੁਸਾਇਟੀ ਰਾਜਿੰਦਰਾ ਹਸਪਤਾਲ ਨੇ ਰਾਸ਼ਨ ਦੇ ਪੈਕਟ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਸੌਂਪੇ।

ਰਾਸ਼ਨ ਵੰਡਣ ਲਈ 11 ਮੈਂਬਰੀ ਕਮੇਟੀ ਬਣਾਈ

ਧੂਰੀ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਹਰੀ ਸਿੰਘ ਨੇ ਹਲਕਾ ਧੂਰੀ ਦੇ ਕਰੀਬ ਪੰਜ ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡਣ ਦਾ ਐਲਾਨ ਕੀਤਾ ਹੈ। ਅੱਜ ਆਪਣੇ ਦਫਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਨ ਲਈ ਵੱਖ-ਵੱਖ ਪਿੰਡਾਂ ਲਈ 11 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਅਤੇ ਧੂਰੀ ਸ਼ਹਿਰ ਵਿੱਚ ਇਹ ਰਾਸ਼ਨ ਕਿੱਟਾਂ ਵੱਖ-ਵੱਖ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਆਉਣ ਵਾਲੇ ਹਫਤੇ ਦੌਰਾਨ ਵੰਡੀਆਂ ਜਾਣਗੀਆਂ।

Tags :