ਲੌਕਡਾਊਨ: ਦੁਕਾਨਦਾਰਾਂ ਨੂੰ ਮਿਲਣਗੇ ਈ-ਪਾਸ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਰੋਸਾ ਦਿੱਤਾ ਕਿ ਦੇਸ਼ ਵਿੱਚ ਲਾਗੂ 21 ਦਿਨਾਂ ਦੇ ਲੌਕਡਾਊਨ ਦੌਰਾਨ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਘਰ-ਘਰ ਵਿੱਚ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ, ਜਿਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੀਟਿੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ 21 ਦਿਨ ਦੇ ‘ਲੌਕਡਾਊਨ’ ਦੀ ਕੌਮੀ ਰਾਜਧਾਨੀ ਵਿੱਚ ਤਿਆਰੀ ਬਾਰੇ ਚਰਚਾ ਵੀ ਕੀਤੀ।
ਸ੍ਰੀ ਕੇਜਰੀਵਾਲ ਨੇ ਸ੍ਰੀ ਬੈਜਲ ਨਾਲ ਸਾਂਝੀ ਡਿਜ਼ੀਟਲ ਪ੍ਰੈੱਸ ਕਾਨਫਰੰਸ ਰਾਹੀਂ ਦਿੱਲੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੌਮੀ ਰਾਜਧਾਨੀ ਵਿੱਚ ਖਾਣ-ਪੀਣ ਤੇ ਰੋਜ਼ਾਨਾ ਲੋੜਾਂ ਦੇ ਸਾਮਾਨ ਦੀ ਤੋਟ ਨਹੀਂ ਪੈਣ ਦਿੱਤੀ ਜਾਵੇਗੀ। ਇਸ ਲਈ ਉਹ ਪ੍ਰੇਸ਼ਾਨ ਨਾ ਹੋਣ। ਉਨ੍ਹਾਂ ਕਿਹਾ ਕਿ ਸਰਕਾਰ ਜ਼ਰੂਰਤ ਦਾ ਸਾਮਾਨ ਲੋਕਾਂ ਨੂੰ ਘਰ-ਘਰ ਤੱਕ ਪੁੱਜਦਾ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ, ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਮਿਲ ਕੇ ਕੰੰਮ ਕਰ ਰਹੇ ਹਨ, ਇਸ ਲਈ ਲੋਕ ਘਰਾਂ ’ਚੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਸਰਕਾਰ ਲੋੜੀਂਦੇ ਦੇ ਸਾਮਾਨ ਵਾਲੀਆਂ ਦੁਕਾਨਾਂ ਨੂੰ ਈ-ਪਾਸ ਜਾਰੀ ਕਰੇਗੀ ਤਾਂ ਜੋ ਦੁਕਾਨਦਾਰਾਂ ਨੂੰ ਆਉਣ-ਜਾਣ ’ਚ ਮੁਸ਼ਕਲ ਨਾ ਆਵੇ। ਮੁੱਖ ਮੰਤਰੀ ਨੇ ਦਿੱਲੀ ਪੁਲੀਸ ਕਮਿਸ਼ਨਰ ਦਾ ਫੋਨ ਨੰਬਰ ਵੀ ਦਿੱਤਾ ਤਾਂ ਕਿ ਪੁਲੀਸ ਕਰਮਚਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਸਕੇ।
ਇਸੇ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਦੇ 250 ਤੋਂ ਵੱਧ ‘ਆਸਰਾ ਘਰਾਂ’ ਵਿੱਚ ਹਰੇਕ ਗ਼ਰੀਬ ਲਈ ਦੁਪਹਿਰ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖਾਣ-ਪੀਣ ਦੇ ਸਾਮਾਨ ਦੀ ਬਿਲਕੁਲ ਵੀ ਕਮੀ ਨਹੀਂ ਹੈ ਤੇ ਹੁਣ ਕਰਿਆਨੇ, ਦੁੱਧ, ਸਬਜ਼ੀ, ਫਲਾਂ ਸਮੇਤ ਹੋਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਲਾਜ਼ਮੀ ਖੁੱਲ੍ਹਵਾਉਣ ਦੀ ਜ਼ਿੰਮੇਵਾਰੀ ਸਥਾਨਕ ਜ਼ਿਲ੍ਹਾ ਮਜਿਸਟ੍ਰੇਟ ਨੂੰ ਸੌਂਪੀ ਗਈ ਹੈ।

ਕਾਸਮੈਟਿਕ ਉਤਪਾਦਕਾਂ ਨੂੰ ਸੈਨੇਟਾਈਜ਼ਰ ਤਿਆਰ ਕਰਨ ਦੀ ਮਨਜ਼ੂਰੀ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਦਵਾਈ ਤੇ ਸ਼ਿੰਗਾਰ ਉਤਪਾਦਕਾਂ ਨੂੰ ਬਿਨਾਂ ਕਿਸੇ ਵੱਖਰੇ ਲਾਇਸੈਂਸ ਦੇ ਈਥੇਨ ਆਧਾਰਤ ਹੈਂਡ ਸੈਨੇਟਾਈਜ਼ਰ ਤਿਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਵਾਈ ਤੇ ਸ਼ਿੰਗਾਰ ਉਤਪਾਦਕ 30 ਜੂਨ ਤੱਕ ਇਸ ਤਰ੍ਹਾਂ ਦੇ ਸੈਨੇਟਾਈਜ਼ਰ ਬਣਾ ਸਕਦੇ ਹਨ। ਇਸ ਦੇ ਲਈ ਕੋਈ ਵੱਖਰਾ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਦਿੱਲੀ ਡਰੱਗ ਵਿਭਾਗ ਦੇ ਇੱਕ ਆਦੇਸ਼ ਅਨੁਸਾਰ ਜਿਹੜੇ ਲੋਕ ਹੋਮਿਓਪੈਥੀ ਦਵਾਈ ਬਣਾਉਂਦੇ ਹਨ, ਉਹ ਈਥਾਨੌਲ ਆਧਾਰਤ ਹੈਂਡਕਲੀਨਰ ਵੀ ਤਿਆਰ ਕਰ ਸਕਦੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸੈਨੇਟਾਈਜ਼ਰ ਦਾ ਉਤਪਾਦਨ ਵਧਾਉਣ ਲਈ ਕਿਹਾ ਹੈ ਤਾਂ ਜੋ ਇਸਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਦਿੱਲੀ ਵਿੱਚ ਤਿਆਰ ਹੋਣ ਵਾਲੇ ਸੈਨੇਟਾਈਜ਼ਰਾਂ ’ਤੇ ‘ਸਿਰਫ਼ ਦਿੱਲੀ ’ਚ ਵਿਕਰੀ ਲਈ’ ਲਿਖਣਾ ਲਾਜ਼ਮੀ ਹੋਵੇਗਾ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਕੇਂਦਰ ਵੱਲੋਂ ਤੈਅ ਮਾਪਦੰਡਾਂ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਡਰੱਗ ਵਿਭਾਗ ਦੇ ਅਧਿਕਾਰੀ ਮੁਤਾਬਕ ਇਸ ਨਾਲ ਗੈਰ-ਕਾਨੂੰਨੀ ਅਤੇ ਜਾਅਲੀ ਸੈਨੇਟਾਈਜ਼ਰਾਂ ਦੀ ਵਿਕਰੀ ਰੋਕਣ ਵਿੱਚ ਮਦਦ ਮਿਲੇਗੀ। -ਪੱਤਰ ਪ੍ਰੇਰਕ