ਲੋੜਵੰਦ ਨੌਜਵਾਨਾਂ ਲਈ ਵਰਦਾਨ ਬਣੀ ਭੁਟਾਲ ਕਲਾਂ ਦੀ ਲਾਇਬ੍ਰੇਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਜੂਨ
ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਗਊਸ਼ਾਲਾ ਦੇ ਵਿਚ ਸਵਾਮੀ ਨਰਾਇਣ ਗਿਰੀ ਦੀ ਯਾਦ ਵਿੱਚ ਪੰਜ ਸਾਲ ਤੋਂ ਨੌਜਵਾਨਾ ਨੂੰ ਮੁਫ਼ਤ ਕੋਚਿੰਗ ਸੈਂਟਰ ਤੇ ਲਾਇਬ੍ਰੇਰੀ ਵਰਦਾਨ ਸਾਬਤ ਹੋ ਰਹੀ ਹੈ। ਮੌਜੂਦਾ ਸਮੇਂ ਵਿੱਚ ਜਦੋਂ ਮਹਿੰਗਾਈ ਦੀ ਮਾਰ ਹਰ ਪਾਸੇ ਝੱਲਣੀ ਪੈ ਰਹੀ ਹੈ, ਉਥੇ ਇਸ ਦੌਰ ਵਿੱਚ ਮਹਿੰਗੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਮਹਿੰਗੀ ਟ੍ਰੇਨਿੰਗ ਲੈ ਕੇ ਸਰਕਾਰੀ ਨੌਕਰੀਆਂ ਹਾਸਲ ਕਰਨੀਆਂ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਰਹੀ।ਇਹ ਲਾਇਬ੍ਰੇਰੀ ਨੌਜਵਾਨਾਂ ਲਈ ਮੁਫ਼ਤ ਵਿੱਚ ਕੋਚਿੰਗ ਸੈਂਟਰ ਦੀ ਤਰ੍ਹਾਂ ਸੇਵਾਵਾਂ ਦੇ ਰਹੀ ਹੈ। ਇਸ ਲਾਇਬ੍ਰੇਰੀ ਦੇ ਵਿੱਚ ਸਰਕਾਰੀ ਨੌਕਰੀਆਂ ਸਮੇਤ ਹਰ ਤਰ੍ਹਾਂ ਦੀਆਂ ਨੌਕਰੀਆਂ ਲਈ ਲੋੜੀਂਦੀਆਂ ਕਿਤਾਬਾਂ, ਟੈਸਟ ਰਸਾਲੇ, ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਲਾਇਬ੍ਰੇਰੀ ਵਿੱਚ ਸ਼ਾਂਤਮਈ ਮਾਹੌਲ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੀ ਪੜ੍ਹਾਈ ਕਰਨ ਆ ਰਹੇ ਹਨ। ਇਸ ਲਾਇਬ੍ਰੇਰੀ ਦਾ ਨਵੀਨੀਕਰਨ 2020 ਵਿੱਚ ਕੀਤਾ ਗਿਆ ਹੈ। ਇਸ ਲਾਈਬ੍ਰੇਰੀ ਵਿੱਚ ਰੋਜ਼ਾਨਾ 100 ਤੋਂ ਵੱਧ ਨੌਜਵਾਨ ਪੜ੍ਹਾਈ ਕਰਨ ਆਉਂਦੇ ਹਨ। ਲਾਇਬ੍ਰੇਰੀ ਵਿੱਚ ਪੜ੍ਹਾਈ ਕਰਕੇ ਹੁਣ ਤੱਕ 45 ਤੋਂ ਵੱਧ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇੱਥੇ ਕੇਵਲ ਭੁਟਾਲ ਕਲਾਂ ਦੇ ਹੀ ਨਹੀਂ, ਬਲਕਿ ਪੰਜ ਕਿਲੋਮੀਟਰ ਦੇ ਪਿੰਡਾਂ ਲਹਿਲ ਕਲਾਂ, ਬੱਲਰਾਂ, ਭਾਠੂਆਂ, ਘੋੜੇਨਬ, ਖੰਡੇਵਾਦ ,ਭੁਟਾਲ ਖੁਰਦ,ਰਾਮਗੜ ਸੰਧੂਆ ਦੇ ਨੌਜਵਾਨ ਪੜ੍ਹਨ ਲਈ ਆਉਂਦੇ ਹਨ। ਇਸ ਲਾਈਬ੍ਰੇਰੀ ਵਿੱਚ ਪੜ੍ਹਨ ਵਿਦਿਆਰਥੀਆਂ ਲਈ ਗਊਸ਼ਾਲਾਂ ਸੇਵਾਦਾਰਾਂ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਕਲਿਆਣ ਗਿਰੀ ਮਹਾਰਾਜ ਮੁਖੀ ਡੇਰਾ ਬੁਰਜ ਭੁਟਾਲ ਕਲਾਂ ਨੇ ਕਿਹਾ ਕਿ ਗਊਸ਼ਾਲਾ ਦੀ ਲਾਈਬਰੇਰੀ ਸਮੁੱਚੇ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਕਰਮ ਤੇ ਧਰਮ ਦਾ ਚਾਨਣ ਵੰਡ ਰਹੀ ਹੈ। ਸਮੂਹ ਲਾਇਬ੍ਰੇਰੀ ਸੰਸਥਾ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਲਾਲ ਸ਼ਰਮਾ ਵੱਲੋਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ।