ਲੋਹੇ-ਲਾਖੇ ਹੋਏ ਮੁਲਾਜ਼ਮ ਭਲਕੇ ਘੇਰਨਗੇ ਮੋਤੀ ਮਹਿਲ

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਗਸਤ

ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ।

ਪੰਜਾਬ ਯੂਟੀ ਐਂਪਲਾਈਜ਼ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੀ ਇਕੱਤਰਤਾ ਯੂਨੀਅਨ ਦਫ਼ਤਰ ਰਾਜਪੁਰਾ ਕਲੋਨੀ ਵਿੱਚ ਹੋਈ। ਇਸ ਦੌਰਾਨ ਦੇਸ਼ ਦੀ 72ਵੀਂ ਆਜ਼ਾਦੀ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ, 14 ਅਗਸਤ ਨੂੰ ਪਟਿਆਲਾ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਚੰਡੀਗੜ੍ਹ ਯੂਟੀ ਤੋਂ ਸੱਜਣ ਸਿੰਘ, ਪੀਆਰਟੀਸੀ ਤੋਂ ਨਿਰਮਲ ਸਿੰਘ ਧਾਲੀਵਾਲ, ਉਤਮ ਸਿੰਘ ਬਾਗੜੀ, ਪੰਜਾਬ ਰੋਡਵੇਜ ਤੋਂ ਪੋਹਲਾ ਸਿੰਘ ਬਰਾੜ, ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਤੋਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਸਮੇਤ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਮਗਰੋਂ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅੱਖੋਂ ਓਹਲੇ ਕਰਨ ਕਰਕੇ ਮੁਲਾਜ਼ਮ ਵਰਗ ਵਿੱਚ ਦੋਨਾਂ ਹਕੂਮਤਾਂ ਖ਼ਿਲਾਫ਼ ਰੋਸ ਪਾਇਆ ਜ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੇਡ ਯੂਨੀਅਨ ਐਕਟ ਦੀਆਂ 44 ਧਾਰਾਵਾਂ ਨੂੰ ਛਾਂਗ ਕੇ ਕੇਵਲ 4 ਧਾਰਾਵਾਂ ਤੱਕ ਸੀਮਤ ਰੱਖਣਾ, ਮਹਿੰਗਾਈ ਭੱਤਾ, ਵੇਤਨ ਕਮਿਸ਼ਨ, 2004 ਤੋਂ ਬੰਦ ਕੀਤੀ ਪੈਨਸ਼ਨ, ਐਡਹਾਕ, ਟੈਂਪਰੇਰੀ, ਵਰਕਚਾਰਜ, ਡੇਲੀਵੇਜ਼ਿਜ਼, ਕੰਟਰੈਕਟ ਤੇ ਆਊਟ ਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਲਈ 2016 ਦਾ ਐਕਟ ਲਾਗੂ ਨਾ ਕਰਨ, ਮਹਿੰਗਾਈ, ਬੇਰੁਜ਼ਗਾਰੀ, ਘਰ-ਘਰ ਨੌਕਰੀਆਂ ਦੇਣ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨ, ਰੈਗੂਲਰ ਰੁਜ਼ਗਾਰ ਦੇ ਮੌਕੇ ਪੈਦਾ ਕਰਵਾਉਣ ਵਰਗੇ ਮੁੱਦਿਆਂ ’ਤੇ ਇਨ੍ਹਾਂ ਹਕੂਮਤਾਂ ਦੇ ਖ਼ਿਲਾਫ਼ ਲੜਾਈ ਲਈ ਮੁਲਾਜ਼ਮਾਂ ਦੇ ਸਾਰੇ ਵਰਗ ਨੂੰ ਸੱਦਾ ਦਿੱਤਾ ਕਿ ਉਹ 14 ਦੇ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ।
ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਉਸ ਦਿਨ ਪੰਜਾਬ ਵਿਚੋਂ ਹਜ਼ਾਰਾਂ ਮੁਲਾਜ਼ਮਾ ਤੇ ਪੈਨਸ਼ਨਾਂ ਸਮੇਤ ਠੇਕਾ ਮੁਲਾਜ਼ਮ ਬੱਸ ਸਟੈਂਡ ਵਿੱਚ ਇਕੱਤਰ ਹੋ ਕੇ ਆਜ਼ਾਦੀ ਰੈਲੀ ਨੂੰ ਸਲੂਟ ਕਰਨ ਮਗਰੋਂ ਸ਼ਹਿਰ ਵਿੱਚ ਮਾਰਚ ਕਰਕੇ ਮੋਤੀ ਮਹਿਲ ਨੂੰ ਘੇਰਨ ਲਈ ਕੂਚ ਕਰਨਗੇ।