ਲੋਹਗੜ੍ਹ ਵਾਸੀ ਸ਼ਰਾਬ ਦੇ ਠੇਕੇ ਦੀ ਜਗ੍ਹਾ ਤਬਦੀਲੀ ’ਤੇ ਅੜੇ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਅਪਰੈਲ
ਪਿੰਡ ਲੋਹਗੜ੍ਹ ਵਿੱਚ ਸ਼ਰਾਬ ਦੇ ਠੇਕੇ ਨੂੰ ਵਿਵਾਦ ਵਧਦਾ ਹੀ ਜਾ ਰਿਹਾ ਹੈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਠੇਕੇ ਦੀ ਜਗ੍ਹਾ ਤਬਦੀਲੀ ਨੂੰ ਲੈ ਕੇ ਅੜ੍ਹ ਗਏ ਹਨ। ਅੱਜ ਪਿੰਡ ਦੇ ਲੋਕਾਂ ਵਲੋਂ ਮੁੜ ਠੇਕੇ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਪੰਚ ਬੇਅੰਤ ਸਿੰਘ, ਗੁਰਵਿੰਦਰ ਸਿੰਘ ਰਿੰਕੂ, ਮਨਜੀਤ ਸਿੰਘ ਧਨੇਸਰ, ਸੁਖਜਿੰਦਰ ਸਿੰਘ ਕਾਲਾ, ਹਰਦੀਪ ਸਿੰਘ ਦੀਪਾ ਅਤੇ ਗੁਰਜੀਤ ਸਿੰਘ ਗੱਗੀ ਨੇ ਕਿਹਾ ਕਿ ਠੇਕਾ ਪਿੰਡ ਦੀ ਅਤਿ ਸੰਘਣੀ ਆਬਾਦੀ ਵਿੱਚ ਸਥਿਤ ਹੈ, ਜਿੱਥੋਂ ਰੋਜ਼ਾਨਾ ਸਕੂਲੀ ਬੱਚੇ, ਔਰਤਾਂ ਅਤੇ ਬਜ਼ੁਰਗ ਲੰਘਦੇ ਹਨ। ਇਹ ਸਿਰਫ਼ ਨੈਤਿਕਤਾ ਹੀ ਨਹੀਂ, ਸੁਰੱਖਿਆ ਦਾ ਮਾਮਲਾ ਵੀ ਹੈ। ਇਸ ਮਾਮਲੇ ’ਤੇ ਪ੍ਰਸ਼ਾਸਨ ਪੰਚਾਇਤ ਅਤੇ ਸਮੁੱਚੇ ਪਿੰਡ ਵਾਸੀਆਂ ਦੀ ਅਹਿਮ ਮੰਗ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਉਹਨਾਂ ਸਪੱਸ਼ਟ ਕਿਹਾ ਕਿ ਜਦੋਂ ਲੋਕਾਂ ਦੀ ਸੁਣਵਾਈ ਨਾ ਹੋਵੇ ਤਾਂ ਧਰਨਾ ਹੀ ਆਖ਼ਰੀ ਹਥਿਆਰ ਬਣ ਜਾਂਦਾ ਹੈ। ਜੇ ਉਨ੍ਹਾਂ ਦੀ ਇਸ ਮਸਲੇ ਉਪਰ ਸੁਣਵਾਈ ਨਾ ਹੋਈ ਤਾਂ ਪੰਚਾਇਤ ਅਤੇ ਪਿੰਡ ਵਾਸੀ ਠੇਕੇ ਅੱਗੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸ ਲਈ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਣਗੇ। ਐਕਸਾਈਜ਼ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਵਜੋਤ ਸਿੰਘ ਅਨੁਸਾਰ ਮਹਿਕਮਾ ਪਿੰਡ ਵਾਸੀਆਂ ਅਤੇ ਪੰਚਾਇਤ ਨਾਲ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇ ਦੀ ਨਵੀਂ ਥਾਂ ਲੱਭਣ ਲਈ ਸਾਂਝੇ ਤੌਰ ’ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਹੀ ਢੁਕਵੀਂ ਜਗ੍ਹਾ ਮਿਲਦੀ ਹੈ, ਠੇਕਾ ਤੁਰੰਤ ਤਬਦੀਲ ਕਰ ਦਿੱਤਾ ਜਾਵੇਗਾ।
ੰ