ਲੋੜਵੰਦ ਬੱਚਿਆਂ ਨੇ ਪੜ੍ਹਾਈ ’ਚ ਦਿਖਾਈ ਚੰਗੀ ਕਾਰਗੁਜ਼ਾਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਪਰੈਲ
ਨਰ ਨਰਾਇਣ ਸੇਵਾ ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਅੱਜ ਇਥੇ ਸਾਦੇ ਸਮਾਰੋਹ ਵਿੱਚ ਦੱਸਿਆ ਕਿ ਸਮਿਤੀ ਵੱਲੋਂ ਦਿੱਤੇ ਖਰਚੇ ’ਤੇ ਪੜ੍ਹ ਰਹੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਹਨ। ਸਮਿਤੀ ਵੱਲੋਂ 22 ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਿਤੀ ਵੱਲੋਂ ਪਿਤਾ ਵਹੂਣੇ, ਜ਼ਰੂਰਤਮੰਦ ਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਭਾਜਪਾ ਆਗੂ ਅਤੇ ਸਮਾਜ ਸੇਵੀ ਮਾਸਟਰ ਸੁਭਾਸ਼ ਕਲਸਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੁਭਾਸ਼ ਕਲਸਾਣਾ ਨੇ ਸਮਿਤੀ ਦੀ ਸ਼ਲਾਘਾ ਕਰਦਿਆਂ ਹੋਰ ਕਾਰਜ ਕਰਨ ਦੀ ਅਪੀਲ ਕੀਤੀ। ਅਧਿਆਪਕ ਰਾਜ ਕੁਮਾਰ ਕਥੂਰੀਆ, ਲਾਈਟਸਨ ਫਾਊਂਡੇਸ਼ਨ ਦੇ ਚੇਅਰਮੈਨ ਅਨਿਲ ਅਰੋੜਾ ਤੇ ਸਮਾਜ ਸੇਵੀ ਭਗਵੰਤ ਸਿੰਘ ਖਾਲਸਾ ਨੇ ਸਮਿਤੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਉਮੀਦ ਪ੍ਰਗਟਾਈ ਕਿ ਸਮਿਤੀ ਕਦੇ ਵੀ ਆਪਣੇ ਉਦੇਸ਼ ਤੋਂ ਨਾ ਭਟਕੇ ਤੇ ਇਸੇ ਤਰ੍ਹਾਂ ਲੋਕ ਭਲਾਈ ਕਾਰਜਾਂ ਵਿਚ ਅੱਗੇ ਵਧਦੀ ਰਹੇ। ਮੰਚ ਦਾ ਸੰਚਾਲਨ ਮੁਨੀਸ਼ ਭਾਟੀਆ ਨੇ ਕੀਤਾ। ਬੱਚਿਆਂ ਨੂੰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨ ਲਈ ਸਟੇਸ਼ਨਰੀ ਵੰਡੀ ਗਈ। ਸਮਿਤੀ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਤੇ ਸਕੱਤਰ ਵਿਨੋਦ ਅਰੋੜਾ ਨੇ ਕਿਹਾ ਕਿ ਮਾਸਿਕ ਡੋਨਰ ਮੈਂਬਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸਮਿਤੀ ਵੱਲੋਂ ਇਹ ਕਾਰਜ ਕਰਨੇ ਸੰਭਵ ਹੋ ਰਹੇ ਹਨ। ਇਸ ਮੌਕੇ ਯਸ਼ਪਾਲ ਭਾਟੀਆ, ਧਰਮਵੀਰ ਨਰਵਾਲ, ਦੀਪਕ ਅਨੰਦ, ਰਵਿੰਦਰ ਸਾਂਗਵਾਨ, ਵਕੀਲ ਮਨਦੀਪ ਰਾਵਾ,ਵਕੀਲ ਗੁਰਪ੍ਰੀਤ ਸਿੰਘ ਬਾਛਲ , ਵਿਨੋਦ ਸ਼ਰਮਾ, ਕਰਨੈਲ ਸਿੰਘ, ਹਰੀਸ਼ ਭਾਟੀਆ, ਪੰਡਿਤ ਕ੍ਰਿਸ਼ਨਾ ਨੰਦ ਭੱਟ, ਅਧਿਆਪਕ ਕੁਲਦੀਪ ਭਾਟੀਆ ਮੌਜੂਦ ਸਨ।