For the best experience, open
https://m.punjabitribuneonline.com
on your mobile browser.
Advertisement

ਲੋਕ ਵੇਦਨਾ ਦੀ ਬਾਤ ਪਾਉਣ ਵਾਲਾ ਪ੍ਰੋ. ਹਰਜਿੰਦਰ ਸਿੰਘ ਅਟਵਾਲ

04:59 AM Apr 09, 2025 IST
ਲੋਕ ਵੇਦਨਾ ਦੀ ਬਾਤ ਪਾਉਣ ਵਾਲਾ ਪ੍ਰੋ  ਹਰਜਿੰਦਰ ਸਿੰਘ ਅਟਵਾਲ
Advertisement
ਡਾ. ਲਾਭ ਸਿੰਘ ਖੀਵਾ
Advertisement

ਪੰਜ ਦਹਾਕਿਆਂ ਤੋਂ ਪ੍ਰੋ. ਹਰਜਿੰਦਰ ਸਿੰਘ ਅਟਵਾਲ ਮੇਰੇ ਨਾਲ ਦੋਸਤੀ ਨਿਭਾਉਂਦਾ ਆਇਆ ਸੀ। ਜਦੋਂ ਵੀਹਵੀਂ ਸਦੀ ਦੇ 70ਵਿਆਂ ਸਮੇਂ ਪਟਿਆਲਾ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਲੈਣ ਲਈ ਅਸੀਂ ਇੱਕੋ ਵਿਭਾਗ ਦੇ ਵਿਦਿਆਰਥੀ ਅਤੇ ਇੱਕੋ ਹੋਸਟਲ ਦੇ ਵਾਸੀ ਬਣੇ, ਉਦੋਂ ਤੋਂ ਜਾਣ-ਪਛਾਣ ਦਾ ਬੂਟਾ ਰਫ਼ਤਾ-ਰਫ਼ਤਾ ਦੋਸਤੀ ਦਾ ਬਿਰਖ ਬਣ ਗਿਆ। ਤੂਫਾਨ-ਭੁਚਾਲ ਆਏ, ਨਹੀਂ ਡੋਲਿਆ। ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਮੇਰੇ ਨਾਲੋਂ ਪਹਿਲਾਂ ਉੱਖੜ ਜਾਵੇਗਾ। ਸਾਡੀ ਨਾ ਇਲਾਕੇ ਦੀ ਸਾਂਝ ਸੀ ਤੇ ਨਾ ਹੀ ਵਿਚਾਰਧਾਰਾ ਦੀ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜੇ, ਇੱਕ ਦੂਜੇ ਵਿਰੁੱਧ ਉਮੀਦਵਾਰ ਬਣ ਕੇ। ਕਾਲਜ ਅਧਿਆਪਕਾਂ ਦੇ ਸੰਗਠਨ ਵਿੱਚ ਵਿਰੋਧੀ ਹੋ ਕੇ ਚੋਣਾਂ ਲੜਦੇ ਰਹੇ। ਲੇਖਕ ਸਭਾਵਾਂ ਵਿੱਚ ਵੀ ਆਪੋ-ਆਪਣੇ ਗਰੁੱਪਾਂ ਵਿੱਚ ਵਿਚਰਦੇ ਰਹੇ ਪਰ ਦੋਸਤੀ ਦੀ ਤਾਰ ਕਿਸੇ ਹੋਰ ਧਾਤ ਦੀ ਬਣੀ ਹੋਈ ਸੀ ਜਿਸ ਕਰ ਕੇ ਇਸ ਧਾਤ ਨੂੰ ਕੋਈ ਆਂਚ ਨਾ ਆਈ। ਪਰਿਵਾਰਕ ਸਬੰਧ ਸਾਵੇਂ ਪੱਧਰੇ ਰਹੇ।

Advertisement
Advertisement

ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਸਾਡੀ ਸੋਚ ਦਾ ਧੁਰਾ ਇੱਕੋ ਸੀ। ਸਮਾਜਿਕ ਤੌਰ ’ਤੇ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦੀ ਕਦਰ ਕਰਨੀ। ਮਾਨਵਵਾਦੀ ਜੀਵਨ ਸ਼ੈਲੀ ਨੂੰ ਅਪਣਾਉਣਾ ਤੇ ਨਿਭਾਉਣਾ। ਕਿਰਦਾਰ ਦੀ ਭਰੋਸੇਯੋਗਤਾ ਬਣਾਈ ਰੱਖੇ ਜਾਣ ਨੂੰ ਤਰਜੀਹ ਦੇਣੀ ਤਾਂ ਕਿ ਮੰਡੀ ਦੀ ਵਸਤੂ ਨਾ ਬਣਿਆ ਜਾਵੇ। ਪ੍ਰੋ. ਅਟਵਾਲ ਦੀ ਸ਼ਖ਼ਸੀਅਤ ਵਿੱਚ ਇਨ੍ਹਾਂ ਗੁਣਾਂ ਦੀ ਵੱਧ ਮਾਤਰਾ ਸੀ। ਇਹੀ ਕਾਰਨ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਭੂਤਕਾਲੀ ਚੋਣ ਪ੍ਰਕਿਰਿਆ ਵਿੱਚ ਆਈ ਖੜੋਤ ਨੂੰ ਤੋੜਨ ਲਈ ਦੋਵਾਂ ਧੜਿਆਂ ਨੇ ਪ੍ਰੋ. ਅਟਵਾਲ ਨੂੰ ਸਾਲਸ ਮੰਨਿਆ ਤੇ ਉਸ ਦੇ ਫੈਸਲੇ ਮੁਤਾਬਕ ਚੋਣਾਂ ਹੋਈਆਂ।

ਦਰਅਸਲ, ਡਾ. ਅਟਵਾਲ ਨੂੰ ਯੂਨੀਅਨਾਂ/ਸਭਾਵਾਂ ਵਿੱਚ ਮੇਰੇ ਵਾਂਗ ਤੋਰੇ-ਫੇਰੇ ਦਾ ਡਾਢਾ ਭੁਸ ਪੈ ਗਿਆ ਸੀ। ਇਸ ਸਬੰਧੀ ਉਹ ਮੇਰੇ ਨਾਲ ਸਲਾਹ-ਮਸ਼ਵਰਾ ਵੀ ਕਰਦਾ। ਹੁਣ ਉਸ ਨੂੰ ਚੋਣਾਂ ਲੜਨ ਲੜਾਉਣ ਦਾ ਚੋਖਾ ਤਜਰਬਾ ਹੋ ਚੁੱਕਾ ਸੀ। ਉਹ ਅਧਿਆਪਕ ਯੂਨੀਅਨ ’ਚ ਜੋਨਲ ਸਕੱਤਰ ਜਿੱਤ ਕੇ ਅੰਮ੍ਰਿਤਸਰ ਯੂਨੀਵਰਸਿਟੀ ਤੱਕ ਝੰਡੇ ਗੱਡ ਆਉਂਦਾ। ਅੱਜ ਕੱਲ੍ਹ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਸੀ। ਕਾਫੀ ਸਮਾਂ ਉਹ ‘ਰੋਜ਼ਾਨਾ ਨਵਾਂ ਜ਼ਮਾਨਾ’ ਦਾ ਸਾਹਿਤ ਸੰਪਾਦਕ ਰਿਹਾ।

ਪ੍ਰੋ. ਅਟਵਾਲ ਨੇ ਸ਼ਾਹ ਹੁਸੈਨ ਦੀਆਂ ਕਾਫੀਆਂ, ਸੁਜਾਨ ਸਿੰਘ ਤੇ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ, ਪਰਵਾਸੀ ਸਾਹਿਤ ਤੇ ਹੋਰ ਮਜ਼ਮੂਨਾਂ ਸਮੇਤ ਸੱਤ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਚਿੰਤਨ ਨੂੰ ਅਮੀਰ ਕੀਤਾ। ਉਸ ਦੀ ਆਖ਼ਿਰੀ ਕਿਤਾਬ ‘ਲੋਕ ਵੇਦਨਾ’ ਸੀ। ਏਕਤਾ ਵਿਹੂਣੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਜ਼ੋਰ-ਜਬਰ ਕਰਦੀਆਂ ਸਰਕਾਰਾਂ ਵਿਚਕਾਰ ਪਿਸੀ ਲੋਕ ਵੇਦਨਾ ਦੀ ਬਾਤ ਪਾਉਂਦਾ ਉਹ ਅਚਾਨਕ ਸਦਾ ਦੀ ਨੀਂਦ ਸੌਂ ਗਿਆ। ਇਸ ਲੋਕ ਵੇਦਨਾ ਦੀ ਬਾਤ ਪਾਉਂਦੇ ਰਹਿਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੈ।

ਸੰਪਰਕ: 94171-78487

Advertisement
Author Image

Jasvir Samar

View all posts

Advertisement