ਲੋਕ ਰੰਗਮੰਚ ਦਾ ਸੰਭਾਵਨਾਵਾਂ ਭਰਪੂਰ ‘ਹੀਰਾ’ ਜੁਝਾਰ ਨਮੋਲ
ਬਲਬੀਰ ਲੌਂਗੋਵਾਲ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਵੱਲੋਂ ਤਰਾਸ਼ਿਆ ‘ਹੀਰਾ’ ਜੁਝਾਰ ਨਮੋਲ ਲੋਕ ਰੰਗਮੰਚ ਵਿੱਚ ਨਵੀਆਂ ਪੈੜਾਂ ਪਾ ਰਿਹਾ ਹੈ। ਉਹ ਜਦੋਂ ਵੱਖ-ਵੱਖ ਲੋਕ ਪੱਖੀ ਨਾਟਕਾਂ ਅਤੇ ਕੋਰਿਓਗ੍ਰਾਫੀਆਂ ਵਿੱਚ ਸਟੇਜ ’ਤੇ ਅਦਾਕਾਰੀ ਕਰਦਾ ਹੈ ਤਾਂ ਉਹ ਦਰਸ਼ਕਾਂ ਨੂੰ ਭਾਵੁਕ ਕਰਕੇ ਆਪਣੀ ਅਦਾਕਾਰੀ ਦੀ ਅਮਿਟ ਛਾਪ ਹੀ ਨਹੀਂ ਛੱਡਦਾ, ਬਲਕਿ ਉਨ੍ਹਾਂ ਨੂੰ ਆਪਣੇ ਵਿਚਾਰਾਂ ਨਾਲ ਵੀ ਜੋੜ ਲੈਂਦਾ ਹੈ। ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਇਸ ਕਲਾਕਾਰ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਗੁਰਸ਼ਰਨ ਭਾਅ ਜੀ ਦੇ ਲੋਕ ਰੰਗਮੰਚ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਣ ਵਾਲੇ ਕਾਫਲੇ ਦਾ ਅਹਿਮ ਹਿੱਸਾ ਬਣੇਗਾ।
ਜੁਝਾਰ ਨੇ 5 ਅਗਸਤ 2004 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਵਿਖੇ ਬੱਗਾ ਸਿੰਘ ਅਤੇ ਮਨਜੀਤ ਕੌਰ ਦੇ ਘਰ ਜਨਮ ਲਿਆ। ਦਸਵੀਂ ਤੱਕ ਦੀ ਸਿੱਖਿਆ ਉਸ ਨੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਲੌਂਗੋਵਾਲ ਤੋਂ ਅਤੇ 12ਵੀਂ ਸ਼ਹੀਦ ਭਾਈ ਮਤੀ ਦਾਸ ਸ.ਸ.ਸ. ਸਕੂਲ, ਲੌਂਗੋਵਾਲ (ਸੰਗਰੂਰ) ਤੋਂ ਕੀਤੀ। ਇਸ ਵੇਲੇ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਥੀਏਟਰ ਦੀ ਗ੍ਰੈਜੂਏਸ਼ਨ ਕਰ ਰਿਹਾ ਹੈ।
ਬਚਪਨ ’ਚ ਸ਼ਰਮਾਕਲ ਜਿਹੇ ਇਸ ਮੁੰਡੇ ਨੂੰ ਸਟੇਜ ’ਤੇ ਆਉਣ ਦਾ ਪਹਿਲਾ ਮੌਕਾ 6ਵੀਂ ਕਲਾਸ ਵਿੱਚ ਪੜ੍ਹਦਿਆਂ ਉਸ ਦੀ ਅਧਿਆਪਕਾ ਬਲਵਿੰਦਰ ਕੌਰ ਨੇ ਦਿੱਤਾ, ਜਦੋਂ ਉਸ ਨੇ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਜੁਝਾਰ ਤੋਂ ‘ਭੰਡ’, ‘ਜੱਬਲ ਪੁੱਤ’ ਅਤੇ ਕਈ ਹੋਰ ਸਕਿੱਟਾਂ ਵਿੱਚ ਅਦਾਕਾਰੀ ਕਰਵਾਈ। ਦੇਸ਼ ਭਗਤ ਯਾਦਗਾਰ, ਲੌਂਗੋਵਾਲ (ਸੰਗਰੂਰ) ਵੱਲੋਂ ਹਰ ਸਾਲ 16 ਨਵੰਬਰ ਨੂੰ ਕਰਵਾਏ ਜਾਣ ਵਾਲੇ ‘ਮੇਲਾ ਦੇਸ਼ ਭਗਤਾਂ ਦਾ’ ’ਚ ਪੰਜਾਬ ਦੀਆਂ ਸਿਰਮੌਰ ਨਾਟਕ ਟੀਮਾਂ ਵੱਲੋਂ ਖੇਡੇ ਜਾਂਦੇ ਨਾਟਕਾਂ ਨੂੰ ਵੇਖਦਿਆਂ ਉਸ ਦੇ ਮਨ ਅੰਦਰ ਅਦਾਕਾਰੀ ਦੀ ਅਜਿਹੀ ਚਿਣਗ ਲੱਗੀ ਕਿ ਘਰ ਵਿੱਚ ਮਾਂ ਦੀ ਪੇਟੀ ’ਤੇ ਚੜ੍ਹ ਕੇ ਉਸ ਨੂੰ ਰੰਗਮੰਚ ਦੇ ਤੌਰ ’ਤੇ ਵਰਤਦਿਆਂ, ਖੁੰਡੀ ਦੇ ਇੱਕ ਸਿਰੇ ਨੂੰ ਮਾਈਕ ਬਣਾ ਕੇ ਉਸ ਨੇ ਘਰੇ ਟੱਪਣਾ-ਨੱਚਣਾ ਸ਼ੁਰੂ ਕੀਤਾ। ਕਈ ਵਾਰ ਗਾਲ੍ਹਾਂ ਵੀ ਖਾਧੀਆਂ ਹੋਣਗੀਆਂ, ਪਰ ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਅਦਾਕਾਰੀ ਦੇ ਇਹ ਮੁੱਢਲੇ ਬੀਜ ਪੁੰਗਰ ਰਹੇ ਹਨ। ਇਸੇ ਯਾਦਗਾਰ ਵਿਖੇ ਉਸ ਨੇ 12ਵੀਂ ਵਿੱਚ ਪੜ੍ਹਦਿਆਂ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੋਰਿਓਗ੍ਰਾਫੀ ਮੁਕਾਬਲਿਆਂ ਵਿੱਚ ਵੀ ਭਾਗ ਲਿਆ। ਸਕੂਲ ਵੱਲੋਂ ਹੋਰ ਵੀ ਵਿਭਾਗੀ ਮੁਕਾਬਲਿਆਂ ਵਿੱਚ ਭਾਗ ਲੈ ਕੇ ਟੀਮਾਂ ਨੂੰ ਬਲਾਕ/ਜ਼ਿਲ੍ਹਾ ਪੱਧਰ ’ਤੇ ਜੇਤੂ ਬਣਾਇਆ। 2021 ਵਿੱਚ 12ਵੀਂ ਵਿੱਚ ਪੜ੍ਹਦਿਆਂ ਹੀ ਉਹ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਆ ਗਿਆ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵਿੱਚ ਲਗਭਗ 50 ਤੋਂ ਵੱਧ ਪੇਸ਼ਕਾਰੀਆਂ ਵਿੱਚ ਜੁਝਾਰ ਕਈ ਵੱਡੇ ਨਾਟਕਾਂ ਵਿੱਚ ਇੱਕ ਜਾਂ ਇੱਕ ਹੀ ਨਾਟਕ ਵਿੱਚ ਇੱਕ ਤੋਂ ਵੱਧ ਰੋਲ ਕਰ ਚੁੱਕਾ ਹੈ। ਉਹ ਨਾਟਕ ‘ਪਰਿੰਦੇ ਭਟਕ ਗਏ’ ਵਿੱਚ ਨਸ਼ਈ ਨੌਜਵਾਨ, ‘ਵਿਦਰੋਹੀ’ ਵਿੱਚ ਅਖੌਤੀ ਭਟਕਿਆ ਨੌਜਵਾਨ, ‘ਜੋ ਹਾਰਦੇ ਨਹੀਂ’ ਵਿੱਚ ਏਕਲਵਯ ਅਤੇ ਮਾਸਟਰ ਸਵਰਨ ਸਿੰਘ, ‘ਛਿਪਣ ਤੋਂ ਪਹਿਲਾਂ’ ਵਿੱਚ ਸ਼ਹੀਦ ਭਗਤ ਸਿੰਘ, ‘ਗਾਥਾ ਕਾਲੇ ਪਾਣੀਆਂ ਦੀ’ ਵਿੱਚ ਮਾਸਟਰ ਚਤਰ ਸਿੰਘ, ਇੰਦੂ ਭੂਸ਼ਣ ਅਤੇ ਵਾਸੂਦੇਵ ਬਸੰਤ ਫੜਕੇ, ‘ਇਹ ਲਹੂ ਕਿਸਦਾ ਹੈ’ ਵਿੱਚ ਡੂਮ, ‘ਅੱਲੜ੍ਹ ਉਮਰਾਂ ਘੁੱਪ ਹਨੇਰੇ’ ਵਿੱਚ ਨਸ਼ੇੜੀ ਅਤੇ ‘ਸ਼ਹਿਰ ਤੇਰੇ ਵਿੱਚ’ ਵਿੱਚ ਅਮਨ ਨਾਮ ਦੇ ਪਰਵਾਸੀ ਨੌਜਵਾਨ ਆਦਿ ਦਾ ਰੋਲ ਕਰ ਚੁੱਕਾ ਹੈ ਅਤੇ ਲਗਾਤਾਰ ਕਰ ਰਿਹਾ ਹੈ। ਇਸ ਤੋਂ ਬਿਨਾਂ ਇੱਕ ਪਾਤਰੀ ਨਾਟਕਾਂ ‘ਨਮੋਲੀਆਂ’, ‘ਬਾਗੀ ਸਰਾਭਾ’, ‘ਖ਼ੁਦਕੁਸ਼ੀ ਬਨਾਮ ਸ਼ਹੀਦੀ’, ‘ਸੁਲਗਦੀ ਧਰਤੀ’ ਆਦਿ ਦੀਆਂ ਉਹ ਵੱਖ-ਵੱਖ ਵਿਦਿਅਕ ਸੰਸਥਾਵਾਂ/ਸਟੇਜਾਂ ’ਤੇ 150 ਤੋਂ ਵੱਧ ਪੇਸ਼ਕਾਰੀਆਂ ਕਰ ਚੁੱਕਾ ਹੈ। ਨਾਟ-ਉਪੇਰਾ ‘ਦੇਸ਼ ਨੂੰ ਚੱਲੋ’ (ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ’ਤੇ ਆਧਾਰਿਤ) ਵਿੱਚ ਉਹ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨਿਭਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ ’ਤੇ ਉੜੀਸਾ ਵਿੱਚ ਭੁਵਨੇਸ਼ਵਰ ਵਿਖੇ ਕਰਵਾਏ ‘ਸਕੂਲਾਂ ਦੇ ਕਲਾ ਉਤਸਵ’ (1922-1923) ਵਿੱਚ ਉਹ ਸੋਲੋ ਪਲੇਅ ਵਿੱਚ ਪੰਜਾਬ ਸਟੇਟ ਜੇਤੂ ਰਿਹਾ ਹੈ। ਸ਼ਕਤੀ ਕਲਾ ਕੇਂਦਰ ਬਰਨਾਲਾ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਨੁੱਕੜ ਨਾਟਕ ‘ਕਿਰਤੀ’ ’ਚ ਅਦਾਕਾਰੀ ਲਈ ਉਸ ਨੂੰ ਬੈਸਟ ਐਕਟਰ ਦਾ ਇਨਾਮ ਮਿਲਿਆ। ਜੁਝਾਰ ਨਮੋਲ ਲਘੂ ਫਿਲਮ ‘ਪਛਤਾਵਾ’ ਦੀ ਸਕਰਿਪਟ ਵੀ ਲਿਖ ਚੁੱਕਾ ਹੈ। ਇੱਕ ਪਾਤਰੀ ਨਾਟਕ ‘ਸੁਲਗਦੀ ਧਰਤੀ’ ਦੀਆਂ ਉਹ 70 ਤੋਂ ਵੱਧ ਪੇਸ਼ਕਾਰੀਆਂ ਕਰ ਚੁੱਕਾ ਹੈ। ਉਹ ਮੰਨਦਾ ਹੈ ਕਿ ਉਸ ਦੀ ਕਲਾ ਨੂੰ ਅੱਗੇ ਵਧਾਉਣ ਵਿੱਚ ਉਸ ਦੇ ਪਿਤਾ ਬੱਗਾ ਸਿੰਘ ਦਾ ਪੂਰਾ ਸਹਿਯੋਗ ਰਿਹਾ ਹੈ। ਯੂਨੀਵਰਸਿਟੀ ਵਿੱਚ ਸਵਾਮੀ ਸਰਵਜੀਤ ਅਤੇ ਬਲਕਰਨ ਬਰਾੜ ਆਦਿ ਅਧਿਆਪਕਾਂ ਦੀ ਉਸ ਨੂੰ ਹਮੇਸ਼ਾਂ ਹੱਲਾਸ਼ੇਰੀ ਅਤੇ ਸਹਿਯੋਗ ਪ੍ਰਾਪਤ ਹੋਇਆ ਹੈ। ਹਰਕੇਸ਼ ਚੌਧਰੀ ਦੇ ਦਿਸ਼ਾ-ਨਿਰਦੇਸ਼ਨ ਨੂੰ ਉਹ ਸਭ ਤੋਂ ਉੱਪਰ ਮੰਨਦਾ ਹੈ ਜਿਸ ਨੇ ਉਸ ਦੇ ਜੀਵਨ ਦੀ ਧਾਰਾ ਹੀ ਬਦਲ ਦਿੱਤੀ।
ਸੰਪਰਕ: 98153-17028