ਲੋਕ ਨਾਚ ਮੁਕਾਬਲਿਆਂ ’ਚ ਭੰਗੜਾ ਟੀਮ ਦੀ ਝੰਡੀ

ਜੇਤੂ ਟੀਮ ਦੇ ਵਿਦਿਆਰਥੀਆਂ ਨਾਲ ਰਾਜਿੰਦਰ ਟਾਂਕ ਅਤੇ ਜੱਜ।

ਕੁਲਦੀਪ ਸਿੰਘ
ਨਵੀਂ ਦਿੱਲੀ, 10 ਸਤੰਬਰ
ਸਿੱਖਿਆ ਵਿਭਾਗ, ਦਿੱਲੀ ਸਰਕਾਰ ਵੱਲੋਂ ਜ਼ੋਨ 18 ਅਧੀਨ ਆਉਂਦੇ ਸਕੂਲਾਂ ਵਿਚਕਾਰ ਲੋਕ-ਨਾਚ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਕਮਲ ਮਾਡਲ ਸਕੂਲ, ਮੋਹਨ ਗਾਰਡਨ, ਦਿੱਲੀ ਵਿੱਚ ਹੋਏ, ਜਿਸ ’ਚ ਜੱਜਾਂ ਦੀ ਭੂਮਿਕਾ ਮੈਡਮ ਅਨੀਤਾ ਅਤੇ ਸ੍ਰੀ ਗੰਗਾਨੀ ਨੇ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਲਗਪਗ 167 ਟੀਮਾਂ ਨੇ ਵੱਖ- ਵੱਖ ਲੋਕ ਨਾਚ ਵਿਧਾਵਾਂ ਰਾਹੀਂ ਵਧ ਚੜ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਰੰਤੂ ਲਾਰੰਸ ਪਬਲਿਕ ਸਕੂਲ ਦੀ ਭੰਗੜਾ ਟੀਮ ਨੇ ਆਪਣੀ ਪ੍ਰਸਤੁਤੀ ਨਾਲ ਜੱਜਾਂ ਸਮੇਤ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿੱਚ ਲਾਰੰਸ ਪਬਲਿਕ ਸਕੂਲ ਨੇ ਪਹਿਲਾ, ਸਰਵੋਦਿਆ ਬਾਲ ਵਿਦਿਆਲਾ ਵਿਕਾਸ ਪੁਰੀ ਨੇ ਦੂਜਾ ਅਤੇ ਡੀਪੀਐਸ ਸਕੂਲ ਵਿਕਾਸ ਪੁਰੀ ਨੇ ਤੀਜਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਲਾਰੰਸ ਪਬਲਿਕ ਸਕੂਲ ਦੀ ਭੰਗੜਾ ਟੀਮ ਦੀ ਟਰੇਨਿੰਗ ਅੰਤਰਰਾਸ਼ਟਰੀ ਲੋਕ ਨਾਚਾਂ ਦੇ ਕੋਚ ਰਾਜਿੰਦਰ ਟਾਂਕ ਵਲੋਂ ਆਪਣੇ ਸਹਿਯੋਗੀ ਢੋਲੀ ਅਮਿਤ ਵੈਦ ਨਾਲ ਮਿਲ ਕੇ ਦਿੱਤੀ ਗਈ ਸੀ। ਇਹ ਵੀ ਦੱਸਣਯੋਗ ਹੈ ਕਿ ਜੇਤੂ ਭੰਗੜਾ ਟੀਮ ‘ਅੰਤਰ ਜ਼ੋਨ ਮੁਕਾਬਲਿਆਂ’ ਲਈ ਜ਼ਿਲ੍ਹਾ ਪੱਧਰ ’ਤੇ ਹਿੱਸਾ ਲਵੇਗੀ। ਅੰਤ ’ਚ ਸਕੂਲ ਮੈਨੇਜਰ ਜਗਦੀਸ਼ ਝਾਂਭ ਨੇ ਜੇਤੂ ਟੀਮ ਅਤੇ ਉਸ ਦੇ ਕੋਚ ਰਾਜਿੰਦਰ ਟਾਂਕ ਨੂੰ ਪਹਿਲਾ ਸਥਾਨ ਹਾਸਿਲ ਕਰਨ ਲਈ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।