ਲੋਕ ਡਾਊਨ

ਜਲੰਧਰ ’ਚ ਬੁੱਧਵਾਰ ਨੂੰ ਪੁਲੀਸ ਕਰਮੀ ਕਰਫਿਊ ਦੌਰਾਨ ਕੋਈ ਜ਼ਰੂਰੀ ਸਾਮਾਨ ਲੈਣ ਨਿੱਕਲੇ ਦੋ ਜਣਿਆਂ ਨੂੰ ਵਾਪਸ ਮੋੜਦੇ ਹੋਏ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 25 ਮਾਰਚ
ਕਰੋਨਾਵਾਇਰਸ ਕਾਰਨ ਚਾਰ ਦਿਨਾਂ ਤੋਂ ਲੱਗੇ ਕਰਫਿਊ ’ਚ ਲੋਕਾਂ ਨੂੰ ਕੋਈ ਢਿੱਲ ਨਹੀਂ ਦਿੱਤੀ ਗਈ। ਹਸਪਤਾਲਾਂ ਅਤੇ ਘਰਾਂ ’ਚ ਮਰੀਜ਼ ਦਵਾਈਆਂ ਨੂੰ ਤੜਫ ਰਹੇ ਹਨ। ਲੋਕ ਜਦੋਂ ਦਵਾਈਆਂ ਲੈਣ ਲਈ ਜਲੰਧਰ ਦੇ ਇਕ ਸਭ ਤੋਂ ਪ੍ਰਸਿੱਧ ਮੈਡੀਕਲ ਸਟੋਰ ’ਤੇ ਪਹੁੰਚੇ ਤਾਂ ਪੁਲੀਸ ਨੇ ਜਿਥੇ ਮੈਡੀਕਲ ਸਟੋਰ ਦੇ ਮਾਲਕ ਅਤੇ ਉਸ ਦੇ ਪੁੱਤਰ ਨੂੰ ਹਿਰਾਸਤ ਵਿਚ ਲੈ ਲਿਆ ਉਥੇ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਦਵਾਈਆਂ ਲੈਣ ਆਏ ਲੋਕਾਂ ਦੇ ਵੀ ਡੰਡੇ ਮਾਰੇ। ਲੋਕਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਉਨ੍ਹਾਂ ਵਿੱਚੋਂ ਬਹੁਤੇ ਅਫਸਰ ਤਾਂ ਚੁੱਕ ਨਹੀਂ ਰਹੇ ਤੇ ਖਾਸ ਕਰ ਕੇ ਸਿਵਲ ਸਰਜਨ ਵੱਲੋਂ ਫੋਨ ਨਾ ਚੁੱਕਣਾ ਮਰੀਜ਼ਾਂ ਲਈ ਜਾਨ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਸੀ ਕਿ ਜਲੰਧਰ ਸ਼ਹਿਰ ਦੀ ਅਬਾਦੀ 14-15 ਲੱਖ ਦੇ ਕਰੀਬ ਹੈ, ਏਨੀ ਅਬਾਦੀ ਵਿਚ ਘਰੋ ਘਰੀ ਸਾਮਾਨ ਪਹੁੰਚਾਉਣਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ।
ਉਧਰ, ਮੈਡੀਕਲ ਸਟੋਰ ਦੇ ਹਿਰਾਸਤ ਵਿਚ ਲਏ ਗਏ ਮਾਲਕ ਦਾ ਕਹਿਣਾ ਸੀ ਕਿ ਪੁਲੀਸ ਵਾਲੇ ਉਨ੍ਹਾਂ ਕੋਲ ਦਵਾਈਆਂ ਲੈਣ ਲਈ ਆਏ ਸਨ ਤਾਂ ਹੀ ਉਨ੍ਹਾਂ ਮੈਡੀਕਲ ਸਟੋਰ ਖੋਲ੍ਹਿਆ ਸੀ। ਮੈਡੀਕਲ ਸਟੋਰ ਖੁੱਲ੍ਹਾ ਦੇਖ ਕੇ ਲੋਕ ਵੀ ਦਵਾਈਆਂ ਲੈਣ ਲਈ ਇਕੱਠੇ ਹੋ ਗਏ ਪਰ ਪੁਲੀਸ ਨੇ ਡੰਡੇ ਦੇ ਜ਼ੋਰ ਨਾਲ ਸਟੋਰ ਬੰਦ ਕਰਵਾ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਪੁਲੀਸ ਮੁਲਾਜ਼ਮ ਆਪਣੀ ਵਰਦੀ ਦੇ ਜ਼ੋਰ ’ਤੇ ਤਾਂ ਕੋਈ ਵੀ ਦੁਕਾਨ ਖੁੱਲ੍ਹਵਾ ਕੇ ਸਾਮਾਨ ਲੈ ਜਾਂਦੇ ਹਨ ਪਰ ਆਮ ਲੋਕਾਂ ਨੂੰ ਦਵਾਈਆਂ ਵੀ ਨਹੀਂ ਲੈਣ ਦਿੱਤੀਆਂ ਜਾ ਰਹੀਆਂ। ਲੋਕਾਂ ਨੇ ਇਹ ਦੋਸ਼ ਵੀ ਲਾਇਆ ਕਿ ਦਵਾਈਆਂ ਦੀ ਹੋਲਸੇਲ ਵਾਲੀ ਦਿਲਕੁਸ਼ਾ ਮਾਰਕਿਟ ਵਿਚੋਂ ਕਮਿਸ਼ਨਰੇਟ ਪੁਲੀਸ ਦੇ ਵੱਡੇ ਅਧਿਕਾਰੀ ਵੀ ਕੈਮਿਸਟਾਂ ਕੋਲੋਂ ਚੋਰੀ-ਛੁਪੇ ਦਵਾਈਆਂ ਲੈਂਦੇ ਰਹੇ ਪਰ ਆਮ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ।
ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਨੇ ਦੱਸਿਆ ਕਿ ਮੈਡੀਕਲ ਸਟੋਰ ਦੇ ਮਾਲਕ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ, ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਦੁਕਾਨ ਵਿਚ ਉਨ੍ਹਾਂ ਦਾ ਆਪਣਾ ਹੀ ਸਟਾਫ ਸੀ, ਨਾ ਕਿ ਆਮ ਲੋਕ। ਪੁੱਛਗਿੱਛ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਨੂੰ ਛੱਡ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਦਵਾਈਆਂ ਹੋਮ ਡਿਲਿਵਰੀ ਰਾਹੀਂ ਪਹੁੰਚਾਈਆਂ ਜਾਣਗੀਆਂ।
ਸ਼ਹਿਰ ਦੇ 80 ਵਾਰਡ ਹਨ। ਏਡੇ ਸ਼ਹਿਰ ਵਿਚ ਲੋਕ ਵੱਡੀ ਗਿਣਤੀ ’ਚ ਘਰਾਂ ’ਚ ਅਤੇ ਹਸਪਤਾਲਾਂ ’ਚ ਬਿਮਾਰ ਪਏ ਹਨ। ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਨੇ ਮੰਗ ਕੀਤੀ ਕਿ ਮੁਹੱਲਿਆਂ ਵਿਚਲੇ ਮੈਡੀਕਲ ਸਟੋਰ ਅਤੇ ਕਲੀਨਿਕਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕਾਂ ਨੂੰ ਦਵਾਈਆਂ ਮਿਲ ਸਕਣ। ਕਈ ਲੋਕ ਰੋਜ਼ਾਨਾ ਚੈੱਕਅੱਪ ਕਰਵਾਉਂਦੇ ਹਨ। ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਬੁਖਾਰ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਆ ਰਹੀ ਹੈ ਜੋ ਘਰਾਂ ਵਿਚ ਬਿਮਾਰ ਪਏ ਹਨ।

ਪਠਾਨਕੋਟ-ਕੁੱਲੂ ਮਾਰਗ ’ਤੇ ਲਾਇਆ ਨਾਕਾ

ਪਠਾਨਕੋਟ (ਪੱਤਰ ਪ੍ਰੇਰਕ) ਕਰੋਨਾਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਲਾਏ ਕਰਫਿਊ ਦੌਰਾਨ ਪੰਜਾਬ ਪੁਲੀਸ ਨੇ ਮਾਮੂਨ ਕੋਲ ਪੈਂਦੇ ਬਘਾਰ ਚੌਕ ਵਿੱਚ ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇਅ ਉਪਰ ਨਾਕਾ ਲਾ ਕੇ ਅੰਤਰਰਾਜੀ ਆਵਾਜਾਈ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਹੈ ਤਾਂ ਜੋ ਹਿਮਾਚਲ ਦੀ ਤਰਫੋਂ ਪਠਾਨਕੋਟ ਵਿੱਚ ਦਾਖਲ ਹੋਣ ਵਾਲੇ ਲੋਕਾਂ, ਵਾਹਨਾਂ ਦੀ ਆਮਦ ਰੋਕੀ ਜਾ ਸਕੇ। ਸਿਰਫ ਅਪਾਤਕਾਲੀਨ ਸਥਿਤੀ ਵਾਲੇ ਵਾਹਨਾਂ ਨੂੰ ਹੀ ਸੂਬੇ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ।

ਕਰਫ਼ਿਊ ਦੌਰਾਨ ਲੋਕਾਂ ਨੂੰ ਰੋਜ਼ਮੱਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਈਆਂ ਔਖੀਆਂ

ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਮਾਰਚ
ਕਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਲੋਕ ਘਰਾਂ ’ਚ ਤਾਂ ਬੰਦ ਹੋ ਗਏ ਹਨ ਪਰ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵੱਡਾ ਸਵਾਲ ਬਣ ਗਿਆ ਹੈ। ਪ੍ਰਸ਼ਾਸਨ ਵਲੋਂ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਸੋਮਵਾਰ ਨੂੰ ਸਵੇਰੇ ਦੋ ਘੰਟਿਆਂ ਲਈ ਕੇਵਲ ਦੋਧੀਆਂ ਨੂੰ ਘਰ-ਘਰ ਜਾ ਕੇ ਦੁੱਧ ਦੇਣ ਦੀ ਛੋਟ ਦਿੱਤੀ ਗਈ ਸੀ ਪਰ ਸ਼ਹਿਰ ਵਾਸੀਆਂ ਨੂੰ ਸਪਲਾਈ ਨਹੀਂ ਹੋਈ। ਲੋਕ ਆਪ ਹੀ ਡੇਅਰੀਆਂ ਤੋਂ ਜਾ ਦੁੱਧ ਲੈ ਆਏ। ਬੁੱਧਵਾਰ ਨੂੰ ਪ੍ਰਸ਼ਾਸਨ ਨੇ ਲੋਕ ਸੂਚਨਾ ਵਿਭਾਗ ਰਾਹੀਂ ਖਾਣ ਪੀਣ ਦੀਆਂ ਵਸਤਾਂ ਦੀ ਹੋਮ ਡਿਲਿਵਰੀ ਕੁੱਝ ਟੈਲੀਫ਼ੋਨ ਨੰਬਰ ਜਾਰੀ ਕੀਤੇ ਪਰ ਇਹ ਵੀ ਕਿਸੇ ਕੰਮ ਨਹੀਂ ਆਏ। ਇਸ ਬਾਰੇ ਕੋਈ ਮੁਨਿਆਦੀ ਨਹੀਂ ਕਰਵਾਈ ਗਈ ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਦੀ ਜਾਣਕਾਰੀ ਹੀ ਨਹੀਂ ਮਿਲੀ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਟੈਲੀਫ਼ੋਨ ਨੰਬਰ ਦਾ ਲਾਭ ਲੈਣਾ ਚਾਹਿਆ ਅੱਗਿਉਂ ਕੋਈ ਹੁੰਗਾਰਾ ਨਹੀਂ ਮਿਲਿਆ। ਇਹ ਪ੍ਰਕਿਰਿਆ ਫ਼ੇਲ ਹੋ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਨਵੇਂ ਸਿਰਿਉਂ ਦੋ ਟੈਲੀਫ਼ੋਨ ਨੰਬਰ ਦੇ ਕੇ ਹੋਮ ਡਲਿਵਰੀ ਕਰਨ ਦੇ ਚਾਹਵਾਨ ਦੁਕਾਨਦਾਰਾਂ ਤੋਂ ਰਜਿਸਟ੍ਰੇਸ਼ਨ ਲਈਆਂ ਅਰਜ਼ੀਆਂ ਮੰਗੀਆਂ ਹਨ।

ਪਿੰਡ ਦੇ ਸਾਰੇ ਰਾਹਾਂ ’ਤੇ ਪੰਚਾਇਤ ਨੇ ਨਾਕੇ ਲਾਏ

ਜਲੰਧਰ ’ਚ ਬੁੱਧਵਾਰ ਨੂੰ ਪੁਲੀਸ ਕਰਮੀ ਕਰਫਿਊ ਦੌਰਾਨ ਕੋਈ ਜ਼ਰੂਰੀ ਸਾਮਾਨ ਲੈਣ ਨਿੱਕਲੇ ਦੋ ਜਣਿਆਂ ਨੂੰ ਵਾਪਸ ਮੋੜਦੇ ਹੋਏ। -ਫੋਟੋ: ਮਲਕੀਅਤ ਸਿੰਘ

ਫਿਲੌਰ (ਪੱਤਰ ਪ੍ਰੇਰਕ) ਪਿੰਡ ਮੁਠੱਡਾ ਕਲਾਂ ਦੇ ਚਾਰੇ ਪਾਸੇ ਗਰਾਮ ਪੰਚਾਇਤ ਦੀ ਅਗਵਾਈ ਹੇਠ ਪੁਲੀਸ ਦੇ ਸਹਿਯੋਗ ਨਾਲ ਨਾਕੇਬੰਦੀ ਕਰ ਦਿੱਤੀ ਹੈ ਜਿਸ ਤਹਿਤ ਬਾਹਰੋਂ ਕਿਸੇ ਵੀ ਵਿਅਕਤੀ ਦੇ ਆਉਣ ਦੀ ਮਨਾਹੀ ਕਰ ਦਿੱਤੀ ਹੈ। ਪਿੰਡ ਦੇ ਸਾਰੇ ਰਾਹਾਂ ’ਤੇ ਨਾਕੇਬੰਦੀ ਕਰ ਕੇ ਬਕਾਇਦਾ ਰਜਿਸਟਰ ਲਗਾ ਦਿੱਤੇ ਹਨ, ਜਿਥੇ ਆਉਣ ਜਾਣ ਵਾਲਿਆਂ ਦੇ ਨਾਮ ਪਤੇ ਲਿਖੇ ਜਾ ਰਹੇ ਹਨ। ਪਿੰਡ ਦੇ ਸਰਪੰਚ ਕਾਂਤੀ ਮੋਹਣ ਨੇ ਦੱਸਿਆ ਕਿ ਪਿੰਡ ’ਚੋਂ ਅੱਗੇ ਲੰਘਣ ਵਾਲਿਆਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਅਤੇ ਬਾਹਰਲੇ ਕਿਸੇ ਵਿਅਕਤੀ ਨੂੰ ਪਿੰਡ ’ਚ ਆਉਣ ਦੀ ਮਨਾਹੀ ਕੀਤੀ ਗਈ ਹੈ। ਪਿੰਡ ਦੇ ਪੰਚ ਬਲਦੀਪ ਸਿੰਘ ਨੇ ਦੱਸਿਆ ਕਿ ਸਾਰਾ ਪਿੰਡ ਰਲ ਕੇ ਆਪਣੀ ਰੱਖਿਆ ਆਪ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਪਿੰਡ ਦੇ ਸਾਰਿਆਂ ਨਾਕਿਆਂ ’ਤੇ ਬਦਲ ਬਦਲ ਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡ ਵਾਸੀਆਂ ਲਈ ਖ਼ਤਰਾ ਘੱਟ ਸਕੇ।