ਲੋਕ ਗੀਤਾਂ ਵਿੱਚ ਸ੍ਰੀ ਕ੍ਰਿ਼ਸ਼ਨ ਭਗਵਾਨ
ਜੋਗਿੰਦਰ ਕੌਰ ਅਗਨੀਹੋਤਰੀ
ਕੋਈ ਵਿਅਕਤੀ ਆਪਣੇ ਜੀਵਨ ਵਿੱਚ ਜਿੰਨਾ ਮਰਜ਼ੀ ਕੱਟੜ ਹੋਵੇ, ਪਰ ਜਦੋਂ ਉਸ ਨੂੰ ਕੋਈ ਦੁੱਖ ਹੁੰਦਾ ਹੈ ਤਾਂ ਉਸ ਦੇ ਹੱਥ ਪਰਮਾਤਮਾ ਅੱਗੇ ਮੱਲੋ ਮੱਲੀ ਜੁੜ ਜਾਂਦੇ ਹਨ। ਇਹ ਦੁੱਖ ਧੀ, ਪੁੱਤ ਅਤੇ ਆਪਣੇ ਹੋਰ ਨੇੜਲਿਆਂ ਦੇ ਹੁੰਦੇ ਹਨ। ਮਾਤਾ-ਪਿਤਾ ਭਾਵੇਂ ਕਿੰਨੇ ਵੀ ਸਖ਼ਤ ਅਸੂਲਾਂ ਦੇ ਧਾਰਨੀ ਹੋਣ, ਪਰ ਉਹ ਆਪਣੇ ਧੀਆਂ-ਪੁੱਤਰਾਂ ਦੇ ਮਾਮਲੇ ਵਿੱਚ ਕਿਤੇ ਨਾ ਕਿਤੇ ਨਰਮੀ ਵਰਤ ਜਾਂਦੇ ਹਨ। ਸਾਡੇ ਜੀਵਨ ਵਿੱਚ ਜ਼ਿਆਦਾਤਰ ਲੋਕ ਆਪਣੇ ਆਪਣੇ ਧਰਮ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਵਿੱਚ ਪੂਰਨ ਸ਼ਰਧਾ ਰੱਖਦੇ ਹੋਏ ਨੇਕ ਕੰਮ ਤਾਂ ਕਰਦੇ ਹੀ ਹਨ, ਬਲਕਿ ਉਹ ਆਪਣੇ ਇਸ਼ਟਦੇਵ, ਗੁਰੂਆਂ ਅਤੇ ਪੀਰਾਂ ਨੂੰ ਧਿਆਉਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਉਨ੍ਹਾਂ ਵੱਲੋਂ ਅਪਣਾਏ ਧਰਮ ਦੇ ਰਸਤੇ ’ਤੇ ਚੱਲਣ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਦੇ ਚਰਿੱਤਰ ਨੂੰ ਚੰਗਾ ਬਣਾਉਣਾ ਚਾਹੁੰਦੇ ਹਨ।
ਵੱਖ-ਵੱਖ ਯੁੱਗਾਂ ਵਿੱਚ ਅਵਤਾਰ ਲੈਣ ਵਾਲੇ ਸਾਡੇ ਲਈ ਪੂਜਾ ਯੋਗ ਬਣੇ ਇਨ੍ਹਾਂ ਅਵਤਾਰਾਂ ਨੇ ਧਰਮ ਦੀ ਰੱਖਿਆ ਤੇ ਅਧਰਮ ਨੂੰ ਨਸ਼ਟ ਕਰਨ ਲਈ ਮਨੁੱਖੀ ਜੀਵਨ ਧਾਰਨ ਕਰਕੇ ਚੰਗੇ ਕੰਮ ਕਰਨ ਦੇ ਉਪਦੇਸ਼ ਦਿੱਤੇ। ਇਨ੍ਹਾਂ ਅਵਤਾਰਾਂ ਨੇ ਮਨੁੱਖ ਨੂੰ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦਾ ਰਾਹ ਵੀ ਦਿਖਾਇਆ ਕਿਉਂਕਿ ਇਨ੍ਹਾਂ ਦੇ ਜੀਵਨ ਵਿੱਚ ਵੀ ਅਨੇਕਾਂ ਉਤਰਾਅ ਚੜ੍ਹਾ ਆਏ। ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਛਮਣ ਜੀ ਨੇ ਆਪਣੇ ਕੁਲ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਬਨਵਾਸ ਕੱਟਿਆ ਅਤੇ ਅਨੇਕਾਂ ਰਾਕਸ਼ਾਂ ਨਾਲ ਯੁੱਧ ਕੀਤੇ, ਇਸ ਤਰ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਵੀ ਅਜਿਹੇ ਅਵਤਾਰ ਹੋਏ ਹਨ, ਜਿਨ੍ਹਾਂ ਦਾ ਸਾਰਾ ਜੀਵਨ ਹੀ ਸੰਘਰਸ਼ ਵਿੱਚ ਬੀਤਿਆ, ਕੰਸ ਵਰਗੇ ਅਧਰਮੀਆਂ ਨਾਲ ਮੁਕਾਬਲਾ ਕੀਤਾ। ਮਹਾਭਾਰਤ ਦਾ ਯੁੱਧ ਵੀ ਧਰਮ ਦੀ ਰੱਖਿਆ ਲਈ ਹੋਇਆ, ਜਿਸ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਅਧਰਮੀ ਕੌਰਵਾਂ ਦੀ ਹਉਮੈ ਦਾ ਨਾਸ਼ ਕੀਤਾ ਅਤੇ ਯੁਧਿੱਸਟਰ ਵਰਗੇ ਸੱਤਵਾਦੀ ਯੋਧਿਆਂ ਦਾ ਸਾਥ ਦਿੱਤਾ।
ਯੁੱਗਾਂ ਯੁੱਗਾਂ ਤੋਂ ਸਮਾਜ ਵਿੱਚ ਇਹ ਪਰੰਪਰਾ ਚੱਲੀ ਆ ਰਹੀ ਹੈ ਕਿ ਸ਼ਾਸਤਰ ਗਿਆਨ ਨੂੰ ਪੀੜ੍ਹੀ ਦਰ ਪੀੜ੍ਹੀ ਵੰਡਿਆ ਜਾ ਰਿਹਾ ਹੈ ਨਹੀਂ ਤਾਂ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜਿਹੇ ਗਿਆਨ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੋਣਾ ਸੀ। ਇਹ ਗਿਆਨ ਕਥਾ-ਕਹਾਣੀਆਂ ਦੇ ਰੂਪ ਵਿੱਚੋਂ ਦੀ ਹੁੰਦਾ ਹੋਇਆ ਲੋਕਧਾਰਾ ਦਾ ਅੰਗ ਬਣ ਗਿਆ। ਇਨ੍ਹਾਂ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ। ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਜਨਮ ਲਿਆ ਤਾਂ ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਕੰਸ ਦੀ ਕੈਦ ਵਿੱਚ ਸਨ ਕਿਉਂਕਿ ਕੰਸ ਨੂੰ ਕੀਤੀ ਗਈ ਭਵਿੱਖਬਾਣੀ ਕਰਕੇ, ਆਪਣੀ ਮੌਤ ਦਾ ਡਰ ਸੀ। ਭਗਵਾਨ ਸ੍ਰੀ ਕ੍ਰਿਸ਼ਨ ਦੇ ਅਵਤਾਰ ਧਾਰਨ ’ਤੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਕੰਸ ਦਾ ਅੰਤ ਜ਼ਰੂਰ ਹੋਵੇਗਾ। ਕੰਸ ਦੇ ਜ਼ੁਲਮ ਦੀ ਹੱਦ ਲੰਘਣ ’ਤੇ ਲੋਕ ਉਸ ਦਾ ਅੰਤ ਦੇਖਣਾ ਚਾਹੁੰਦੇ ਸਨ ਅਤੇ ਲੋਕਾਂ ਵਿੱਚ ਇਸ ਗੱਲ ਦੀ ਖ਼ੁਸ਼ੀ ਪਾਈ ਜਾ ਰਹੀ ਸੀ। ਉਨ੍ਹਾਂ ਦੀ ਆਸ ਸੀ ਕਿ ਕ੍ਰਿਸ਼ਨ ਜੀ ਸਭ ਦਾ ਕਲਿਆਣ ਕਰਨਗੇ। ਸ੍ਰੀ ਕ੍ਰਿਸ਼ਨ ਭਗਵਾਨ ਦਾ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ;
ਸੋਹਣਾ ਲਾਲ ਜੰਮਿਆ ਨੀਂ, ਸੋਹਣਾ ਲਾਲ ਜੰਮਿਆ
ਦੇਵਕੀ ਦੀ ਕੁੱਖੋਂ ਨੀਂ ਗੋਪਾਲ ਜੰਮਿਆ।
ਭਗਵਾਨ ਸ੍ਰੀ ਕ੍ਰਿਸ਼ਨ ਜੀ ਨਟਖਟ ਸਨ ਕਿਉਂਕਿ ਉਹ ਕਦੇ ਇੱਧਰ ਭੱਜਦੇ ਸਨ, ਕਦੇ ਉੱਧਰ। ਇਸ ਤਰ੍ਹਾਂ ਭੱਜਦੇ ਭੱਜਦੇ ਉਹ ਲੁਕ ਛੁਪ ਜਾਂਦੇ ਸਨ। ਸ਼ਰਾਰਤੀ ਸੁਭਾਅ ਦੇ ਬੱਚੇ ਲਈ ਨਾਨਾ-ਨਾਨੀ ਜਾਂ ਦਾਦਾ-ਦਾਦੀ ਉਸ ਨੂੰ ਕਾਨ੍ਹ ਮੰਨ ਕੇ ਲੋਰੀ ਦਿੰਦੇ ਸਨ;
ਕਾਨ੍ਹ ਕਿਹੜੀ ਗਲੀ ਲੰਘ ਗਿਆ
ਨੀਂ ਕਾਨ੍ਹ ਕਿਹੜੀ ਗਲੀ ਲੰਘ ਗਿਆ।
ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਬਚਪਨ ਵਿੱਚ ਬ੍ਰਜ ਦੇ ਗਵਾਲਿਆਂ ਨਾਲ ਗਊਆਂ ਚਾਰੀਆਂ। ਉਨ੍ਹਾਂ ਨਾਲ ਆਪਣਾ ਬਚਪਨ ਬਿਤਾਇਆ। ਗਊਆਂ ਚਾਰਨ ਵਾਲਾ ਕਾਰਜ ਕਰਕੇ ਉਨ੍ਹਾਂ ਨੇ ਪਰਜਾ ਨੂੰ ਇਹ ਸੰਕੇਤ ਦਿੱਤਾ ਕਿ ਕਿਰਤ ਬਹੁਤ ਵੱਡੀ ਚੀਜ਼ ਹੈ। ਉਂਜ ਵੀ ਕਿਰਤ ਦੇ ਨਾਲ ਨਾਲ ਗਊ ਪਾਲਣ ਨਾਲ ਘਰ ਦੀਆਂ ਅਨੇਕਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਦੁੱਧ, ਦਹੀਂ, ਲੱਸੀ, ਮੱਖਣ, ਖੋਆ, ਰਬੜੀ ਅਤੇ ਪਨੀਰ ਆਦਿ ਗਊ ਤੋਂ ਹੀ ਪ੍ਰਾਪਤ ਕੀਤੇ ਜਾਂਦੇ ਹਨ। ਬੇਸ਼ੱਕ ਮੱਝਾਂ ਤੋਂ ਵੀ ਅਜਿਹੇ ਪਦਾਰਥ ਪ੍ਰਾਪਤ ਹੁੰਦੇ ਹਨ, ਪ੍ਰੰਤੂ ਗਊ ਦਾ ਦੁੱਧ, ਮੱਝ ਦੇ ਦੁੱਧ ਨਾਲੋਂ ਵੱਧ ਗੁਣਾਕਾਰੀ ਮੰਨਿਆ ਜਾਂਦਾ ਹੈ। ਇਹ ਜਲਦੀ ਹਜ਼ਮ ਹੋਣ ਵਾਲਾ ਹੈ। ਇਸ ਲਈ ਰੋਗੀ ਨੂੰ ਗਊ ਦਾ ਦੁੱਧ ਪੀਣ ਲਈ ਦਿੱਤਾ ਜਾਂਦਾ ਹੈ। ਗਊ ਤੋਂ ਹੀ ਪੈਦਾ ਹੋਏ ਵੱਛੇ ਜਾਂ ਵੱਛੜੇ ਖੇਤੀ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਉਂਦੇ ਸਨ।
ਗਊ ਦੇ ਗੋਹੇ ਤੋਂ ਜਿੱਥੇ ਪਾਥੀਆਂ ਪੱਥ ਕੇ ਬਾਲਣ ਦਾ ਕੰਮ ਲਿਆ ਜਾਂਦਾ ਹੈ, ਉੱਥੇ ਇਸ ਗੋਹੇ ਤੋਂ ਖਾਦ ਵੀ ਬਹੁਤ ਵਧੀਆ ਬਣਦੀ ਹੈ ਜੋ ਖੇਤਾਂ ਵਿੱਚ ਪਾ ਕੇ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ ਅਤੇ ਨਾਲ ਹੀ ਫ਼ਸਲ ਦੀ ਪੈਦਾਵਾਰ ਵਧਾਉਂਦੀ ਹੈ। ਸੋ ਗਊਆਂ ਚਾਰਨਾ ਇੱਕ ਮਿਹਨਤ ਵਾਲਾ, ਸਸਤਾ ਅਤੇ ਸ਼ਾਨਦਾਰ ਕੰਮ ਸੀ। ਇਸ ਤਰ੍ਹਾਂ ਅਜਿਹੇ ਕੰਮ ਕਰਨ ਵਾਲੇ ਨੂੰ ਲੋਕ ਵਧੀਆ ਸਮਝਦੇ ਸਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗਊਆਂ ਚਾਰਨ ਬਾਰੇ ਲੋਕ-ਗੀਤਾਂ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ;
ਮੋਰ ਮੁਕਟ ਰੰਗ ਕਾਲਾ
ਮੇਰਾ ਕ੍ਰਿਸ਼ਨ ਬੰਸਰੀ ਵਾਲਾ
ਜਮਨਾ ’ਤੇ ਗਊਆਂ ਚਾਰਦਾ।
ਚਿਹਰੇ ਦੀ ਸੁੰਦਰਤਾ ਹੀ ਮਨ ਨੂੰ ਨਹੀਂ ਮੋਹਦੀ ਬਲਕਿ ਹੱਸ ਮੁੱਖ ਚਿਹਰਾ ਅਤੇ ਸੁੰਦਰ ਸ਼ਬਦ ਵੀ ਲੋਕਾਂ ਦੇ ਮਨਾਂ ’ਤੇ ਬਹੁਤ ਅਸਰ ਕਰਦੇ ਹਨ। ਸੋ ਭਗਵਾਨ ਸ੍ਰੀ ਕ੍ਰਿਸ਼ਨ ਦਾ ਰੰਗ ਸਾਂਵਲਾ ਹੋਣ ’ਤੇ ਵੀ ਉਹ ਬਹੁਤ ਨਟਖਟ ਸਨ ਅਤੇ ਸਭ ਦੇ ਮਨਾਂ ਨੂੰ ਮੋਹਣ ਵਾਲੇ ਸਨ। ਜਦੋਂ ਉਹ ਬੰਸਰੀ ਵਜਾਉਂਦੇ ਤਾਂ ਉਨ੍ਹਾਂ ਦੀ ਬੰਸਰੀ ਦੀ ਧੁੰਨ ਮਨੁੱਖਾਂ ਨੂੰ ਹੀ ਨਹੀਂ ਬਲਕਿ ਪਸ਼ੂ ਪੰਛੀਆਂ ਨੂੰ ਵੀ ਕੀਲ ਲੈਂਦੀ। ਗਊਆਂ ਮਸਤ ਹੋ ਜਾਂਦੀਆਂ। ਮੋਰ ਅਤੇ ਹੋਰ ਪੰਛੀ ਵੀ ਮਸਤ ਹੋ ਜਾਂਦੇ। ਉਨ੍ਹਾਂ ਦੇ ਹਾਣ ਦੇ ਗਵਾਲੇ ਅਤੇ ਪਾਣੀ ਭਰਦੀਆਂ ਬ੍ਰਜ ਦੀਆਂ ਸੁੰਦਰੀਆਂ ਮਦਹੋਸ਼ ਹੋ ਜਾਂਦੀਆਂ ਅਤੇ ਆਪਾਂ ਖੋ ਲੈਂਦੀਆਂ। ਭਗਵਾਨ ਸ੍ਰੀ ਕ੍ਰਿਸ਼ਨ ਜੀ ਗੋਪੀਆਂ ਨਾਲ ਰਾਸਲੀਲਾ ਰਚਾਉਂਦੇ, ਪਰ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਸੀ। ਬ੍ਰਜ ਦੇ ਘਰਾਂ ਵਿੱਚੋਂ ਹੀ ਉਹ ਚੋਰੀ ਛੁਪੇ ਦਹੀਂ, ਮੱਖਣ ਖਾਂਦੇ, ਪਰ ਉਨ੍ਹਾਂ ਦੇ ਇਹ ਚੋਰੀ ਛੁਪੇ ਕੰਮ ਕਰਨ ਨੂੰ ਵੀ ਲੋਕ ਆਪਣਾ ਸੁਭਾਗ ਸਮਝਦੇ ਸਨ। ਅਜਿਹੇ ਪ੍ਰੇਮ ਵਿੱਚ ਰੰਗੀਆਂ ਗੋਪੀਆਂ ਆਨੇ ਬਹਾਨੇ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਦੀਆਂ ਸਨ, ਸੋ ਅਜਿਹੀਆਂ ਮਿਲਣੀਆਂ ਕਰਕੇ ਹੀ ਸ੍ਰੀ ਕ੍ਰਿਸ਼ਨ ਜੀ ਦਾ ਲੋਕ ਗੀਤਾਂ ਵਿੱਚ ਜ਼ਿਕਰ ਇੰਜ ਕੀਤਾ ਜਾਂਦਾ ਹੈ;
ਸਿਰ ਸਿਉਨੇ ਦੀ ਮਟਕੀ ਵੇ,
ਵੇ ਵੇਚਾਂ ਦੁੱਧ ਦਹੀਂ।
ਖੜ੍ਹੀ ਹਾਕਾਂ ਮਾਰਾਂ ਵੇ
ਭੁੱਲ ਗਈ ਮੈਂ ਬ੍ਰਜ ਗਲੀ।
ਜਦੋਂ ਪ੍ਰੇਮਿਕਾ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਤਾਂ ਉਸ ਨੂੰ ਆਪਣਾ ਪ੍ਰੇਮੀ ਵੀ ਭਗਵਾਨ ਸ੍ਰੀ ਕ੍ਰਿਸ਼ਨ ਲੱਗਦਾ ਹੈ ਅਤੇ ਉਹ ਆਪਣੇ ਆਪ ਨੂੰ ਗੋਪੀ ਸਮਝਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਰਾਜ ਕੁਮਾਰ ਸਨ ਜਦੋਂਕਿ ਗਵਾਲਣਾਂ ਇੱਕ ਸਧਾਰਨ ਗਵਾਲਣ। ਉਹ ਸ੍ਰੀ ਕ੍ਰਿਸ਼ਨ ਜੀ ਦੀ ਤੁਲਨਾ ਇੱਕ ਰਾਜਕੁਮਾਰ ਨਾਲ ਕਰਦੀਆਂ ਹੋਈਆਂ ਆਪਣੇ ਆਪ ਨੂੰ ਸਧਾਰਨ ਜਾਂ ਗਰੀਬ ਸਮਝ ਕੇ ਗੱਲ ਕਰਦੀਆਂ। ਸ੍ਰੀ ਕ੍ਰਿਸ਼ਨ ਜੀ ਦੇ ਠਾਠ ਬਾਠ ਅਤੇ ਪਹਿਰਾਵੇ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਇੰਜ ਦਰਸਾਇਆ ਗਿਆ ਹੈ;
ਤੁਹਾਡਾ ਲੱਖਾਂ ਦਾ ਚੀਰਾ ਜੀ
ਚੀਰੇ ਦੀ ਮੜਕ ਬੁਰੀ।
ਭਾਵ ਸਿਰ ’ਤੇ ਲਪੇਟਿਆ ਸੁੰਦਰ ਮਾਵੇ ਵਾਲਾ ਚੀਰਾ ਗੋਪੀ ਜਾਂ ਗਵਾਲਣ ਨੂੰ ਬਹੁਤ ਅਦਭੁੱਤ ਤੇ ਦਿਲ ਖਿੱਚਵਾਂ ਪ੍ਰਤੀਤ ਹੁੰਦਾ ਹੈ। ਇਸ ਤੋਂ ਬਿਨਾਂ ਲੋਕ ਗੀਤਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਕੱਪੜਿਆਂ ਅਤੇ ਕੰਨਾਂ ਵਿੱਚ ਪਾਏ ਕੁੰਡਲ ਦੀ ਪ੍ਰਸ਼ੰਸਾ ਦੇ ਨਾਲ ਨਾਲ ਜੁੱਤਿਆਂ ਨੂੰ ਵੀ ਸਰਾਹਿਆ ਜਾਂਦਾ ਹੈ। ਹਰ ਕੁਆਰੀ ਲੜਕੀ ਦੇ ਮਨ ਵਿੱਚ ਇਹ ਰੀਝ ਹੁੰਦੀ ਹੈ ਕਿ ਉਸ ਦਾ ਹੋਣ ਵਾਲਾ ਪਤੀ ਬਹੁਤ ਸੁੰਦਰ ਅਤੇ 16 ਕਲਾ ਸੰਪੂਰਨ ਹੋਵੇ। ਸੋ ਲੜਕੀ ਚਾਹੁੰਦੀ ਹੈ ਕਿ ਉਸ ਦਾ ਪਿਤਾ ਉਸ ਲਈ ਅਜਿਹਾ ਵਰ ਲੱਭੇ ਜੋ ਭਗਵਾਨ ਸ੍ਰੀ ਕ੍ਰਿਸ਼ਨ ਜੀ ਵਰਗਾ ਹੋਵੇ। ਸਾਡੇ ਸੱਭਿਆਚਾਰ ਦੀ ਤਸਵੀਰ ਨੂੰ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਵਿਅਕਤ ਕੀਤਾ ਗਿਆ ਹੈ;
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਕੇਹਾ ਵਰ ਲੋੜੀਏ?
ਤਾਂ ਇਸ ਦਾ ਉੱਤਰ ਬੇਟੀ ਇਸ ਤਰ੍ਹਾਂ ਦਿੰਦੀ ਹੈ;
ਬਾਬਲ ਮੇਰੇ ਐਸਾ ਵਰ ਲੋੜੀਏ
ਜਿਉਂ ਤਾਰਿਆਂ ’ਚੋਂ ਚੰਨ
ਚੰਨਾਂ ਵਿੱਚੋਂ ਕਾਨ੍ਹ
ਐਸਾ ਵਰ ਲੋੜੀਏ।
1863 ਈਸਵੀ ਵਿੱਚ ਅਨੰਦ ਕਾਰਜ ਦੀ ਰੀਤ ਸ਼ੁਰੂ ਹੋਣ ਤੋਂ ਪਹਿਲਾਂ ਵਿਆਹ ਦੀ ਰਸਮ ਫੇਰਿਆਂ ਨਾਲ ਹੀ ਨਿਭਾਈ ਜਾਂਦੀ ਸੀ। ਉਸ ਸਮੇਂ ਕੇਲਿਆਂ ਦੇ ਰੁੱਖਾਂ ਨੂੰ ਵੱਢ ਕੇ ਚਾਰੇ ਪਾਸੇ ਗੱਡ ਕੇ ਬੇਦੀ ਬਣਾਈ ਜਾਂਦੀ ਸੀ ਅਤੇ ਉਸ ਬੇਦੀ ਦੇ ਅੰਦਰ ਅਗਨੀ ਦੇ ਸਾਕਸ਼ੀ ਫੇਰੇ ਹੁੰਦੇ ਸਨ। ਫੇਰਿਆਂ ਵੇਲੇ ਲੜਕੀ ਨੂੰ ਉਸ ਦਾ ਭਰਾ ਲੈ ਕੇ ਆਉਂਦਾ ਸੀ। ਇਹ ਰਸਮ ਨਿਭਾਉਣ ਵਾਲੇ ਲੜਕੀ ਨੂੰ ਬੇਦੀ ਅੰਦਰ ਲਿਆਉਣ ਵੇਲੇ ਇਹ ਗੀਤ ਗਾਇਆ ਜਾਂਦਾ ਸੀ ਅਤੇ ਹੁਣ ਵੀ ਹਿੰਦੂ ਵਿਆਹਾਂ ਵਿੱਚ ਇਹ ਗੀਤ ਗਾਇਆ ਜਾਂਦਾ ਹੈ ਕਿਉਂਕਿ ਵਿਆਹ ਸਮੇਂ ਵੀ ਲਾੜੇ ਨੂੰ 16 ਕਲਾ ਸੰਪੂਰਨ ਸ੍ਰੀ ਕ੍ਰਿਸ਼ਨ ਜੀ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਉਸ ਨੂੰ ਕਾਨ੍ਹ ਕਹਿ ਕੇ ਪੁਕਾਰਿਆ ਜਾਂਦਾ ਹੈ ਅਤੇ ਲੜਕੀ ਨੂੰ ਰਾਧਾ। ਇਹ ਗੀਤ ਇਸ ਤਰ੍ਹਾਂ ਹੈ;
ਬੇਦੀ ਦੇ ਅੰਦਰ ਤੈਨੂੰ ਕਾਨ੍ਹ ਬੁਲਾਵੇ
ਸੱਦੇ ਦੇ ਬਾਝੋਂ ਕਿਉਂ ਨਾ ਆਉਂਦੀ
ਨੀਂ ਰੰਗ ਰਤੜੀਏ ਰਾਧਾ।
ਸਮਾਜ ਵਿੱਚ ਉਸੇ ਲੜਕੀ ਨੂੰ ਸਾਊ ਸਮਝਿਆ ਜਾਂਦਾ ਹੈ ਜੋ ਲੋਕ ਲਾਜ ਨੂੰ ਜਾਣਦੀ ਅਤੇ ਰੱਖਦੀ ਹੋਵੇ। ਉਸ ਸਮੇਂ ਸੁੰਦਰ ਸੁਸ਼ੀਲ ਕੰਨਿਆ ਵੱਲੋਂ ਦਿੱਤਾ ਜਾ ਰਿਹਾ ਜਵਾਬ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਵਿਅਕਤ ਕੀਤਾ ਗਿਆ ਹੈ;
ਬੇਦੀ ਦੇ ਕੋਲੇ ਮੇਰੇ ਚਾਚੇ ਤੇ ਤਾਏ
ਉਨ੍ਹਾਂ ਤੋਂ ਆਵੇ ਮੈਨੂੰ ਲਾਜ
ਵੇ ਰੰਗ ਰਤੜਿਆ ਕਾਨ੍ਹਾ।
ਇਸ ਤਰ੍ਹਾਂ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ, ਇਹ ਲੋਕ ਗੀਤ ਭਗਤੀ ਪ੍ਰੇਮ ਸ਼ਿੰਗਾਰ ਤੋਂ ਬਿਨਾਂ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਭਾਵਨਾ ਨੂੰ ਨਿਰਸੰਕੋਚ ਪ੍ਰਗਟ ਕਰਦੇ ਹਨ।
ਸੰਪਰਕ: 94178-40323