ਲੋਕ ਗੀਤਾਂ ਵਰਗੇ ਗੀਤਾਂ ਦਾ ਸਿਰਜਕ ਨੰਦ ਲਾਲ ਨੂਰਪੁਰੀ
ਡਾ. ਇਕਬਾਲ ਸਿੰਘ ਸਕਰੌਦੀ
ਨੰਦ ਲਾਲ ਨੂਰਪੁਰੀ ਪੰਜਾਬੀ ਗੀਤਕਾਰੀ ਦਾ ਉਹ ਧਰੂ ਤਾਰਾ ਹੈ, ਜਿਸ ਦੇ ਰਚੇ ਗੀਤਾਂ ਦੀ ਚਮਕ ਹਮੇਸ਼ਾਂ ਪੰਜਾਬੀਆਂ ਦੇ ਮਨਾਂ ਨੂੰ ਰੁਸ਼ਨਾਉਂਦੀ ਰਹੇਗੀ। ਉਸ ਦਾ ਜਨਮ ਮਾਤਾ ਹੁਕਮ ਦੇਵੀ ਅਤੇ ਪਿਤਾ ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ 1906 ਨੂੰ ਹੋਇਆ। ਉਨ੍ਹਾਂ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਦਸਵੀਂ ਕੀਤੀ। ਉਚੇਰੀ ਪੜ੍ਹਾਈ ਲਈ ਉਸ ਨੇ ਖ਼ਾਲਸਾ ਕਾਲਜ, ਲਾਇਲਪੁਰ ਵਿੱਚ ਦਾਖਲਾ ਲੈ ਲਿਆ। ਘਰ ਦੀ ਆਰਥਿਕ ਮੰਦਹਾਲੀ ਕਾਰਨ ਉਹ ਕਾਲਜ ਦੀ ਪੜ੍ਹਾਈ ਸਿਰੇ ਨਾ ਲਾ ਸਕਿਆ।
ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਉਸ ਨੇ ਅਧਿਆਪਕ ਬਣ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਕੁੱਝ ਸਮੇਂ ਬਾਅਦ ਅਧਿਆਪਕ ਦੀ ਨੌਕਰੀ ਛੱਡ ਕੇ ਉਹ ਬੀਕਾਨੇਰ (ਰਾਜਸਥਾਨ) ਵਿੱਚ ਚਲਾ ਗਿਆ। ਉੱਥੇ ਉਹ ਪੁਲੀਸ ਵਿੱਚ ਭਰਤੀ ਹੋ ਗਿਆ। ਇਸੇ ਸਮੇਂ ਉਸ ਦਾ ਵਿਆਹ ਸੁਮਿੱਤਰਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਬੇਟੀਆਂ ਅਤੇ ਦੋ ਬੇਟਿਆਂ ਨੇ ਜਨਮ ਲਿਆ। ਸਾਹਿਤਕ ਅਤੇ ਸੰਗੀਤਕ ਰੁਚੀਆਂ ਹੋਣ ਕਾਰਨ ਪੁਲੀਸ ਦੀ ਨੌਕਰੀ ਵੀ ਉਸ ਨੂੰ ਰਾਸ ਨਾ ਆਈ। ਕੁੱਝ ਸਾਲ ਪੁਲੀਸ ਵਿਭਾਗ ਵਿੱਚ ਕੰਮ ਕਰਨ ਉਪਰੰਤ ਉਸ ਨੇ ਉਹ ਨੌਕਰੀ ਛੱਡ ਦਿੱਤੀ।
1940 ਵਿੱਚ ਉਸ ਨੇ ਪੰਜਾਬੀ ਫਿਲਮ ‘ਮੰਗਤੀ’ ਲਈ ਗੀਤ, ਕਹਾਣੀ ਅਤੇ ਸੰਵਾਦ ਲਿਖੇ ਜੋ ਬਹੁਤ ਮਕਬੂਲ ਹੋਏ। ‘ਮੰਗਤੀ’ ਫਿਲਮ ਦੇ ਇਨ੍ਹਾਂ ਗੀਤਾਂ ਅਤੇ ਸੰਵਾਦਾਂ ਨਾਲ ਉਸ ਦਾ ਨਾਂ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋ ਗਿਆ। ਉਹ ਕੁੱਝ ਸਮੇਂ ਲਈ ਕੋਲੰਬੀਆ ਫਿਲਮ ਕੰਪਨੀ ਲਈ ਵੀ ਗੀਤ ਲਿਖਦਾ ਰਿਹਾ, ਪਰ 1947 ਵਿੱਚ ਦੇਸ਼ ਦੀ ਵੰਡ ਨੇ ਉਸ ਨੂੰ ਬਹੁਤ ਵੱਡੀ ਢਾਹ ਲਾਈ। ਹੋਰ ਲੋਕਾਂ ਨਾਲ ਉਹ ਵੀ ਆਪਣੀ ਜਨਮ ਭੂਮੀ ਛੱਡ ਕੇ ਜਲੰਧਰ ਆ ਗਿਆ। ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਉਸ ਨੇ ਅਕਾਸ਼ਬਾਣੀ ਜਲੰਧਰ ਵਿਖੇ ਨੌਕਰੀ ਕਰ ਲਈ। ਇੱਥੇ ਹੀ ਉਸ ਨੇ ਕਵੀ ਦਰਬਾਰਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਰੇ ਹੀਲੇ ਵਸੀਲਿਆਂ ਦੇ ਬਾਵਜੂਦ ਉਸ ਦੀ ਆਰਥਿਕ ਮੰਦਹਾਲੀ ਜਿਉਂ ਦੀ ਤਿਉਂ ਬਣੀ ਰਹੀ।
ਬੇਸ਼ੱਕ ਨੂਰਪੁਰੀ ਨੇ ਔਰਤ ਅਤੇ ਮਰਦ ਦੋਵਾਂ ਲਈ ਗੀਤ ਰਚੇ ਹਨ, ਪਰ ਉਸ ਨੇ ਬਹੁਤੇ ਗੀਤ ਔਰਤਾਂ ਲਈ ਲਿਖੇ ਹਨ। ਜਿਨ੍ਹਾਂ ਵਿੱਚੋਂ ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’, ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ’, ‘ਨੀਂ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’, ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’, ‘ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ’, ‘ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ’, ‘ਓ ਦੁਨੀਆ ਦੇ ਬੰਦਿਓ ਪੂਜੋ, ਪੂਜੋ ਉਨ੍ਹਾਂ ਇਨਸਾਨਾਂ ਨੂੰ’, ‘ਏਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ’, ‘ਵੰਗਾਂ’ ਆਦਿ ਪੰਜਾਬੀਆਂ ਦੇ ਬੁੱਲ੍ਹਾਂ ’ਤੇ ਇਉਂ ਚੜ੍ਹ ਗਏ ਸਨ, ਜਿਵੇਂ ਇਹ ਲੋਕ ਗੀਤ ਹੋਣ। ਨੰਦ ਲਾਲ ਨੂਰਪੁਰੀ ਦੇ ਰਚੇ ਗੀਤਾਂ ਨੂੰ ਗਾ ਕੇ ਪੰਜਾਬੀ ਦੇ ਬਹੁਤ ਸਾਰੇ ਕਲਾਕਾਰ ਅਮਰ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ ਆਦਿ ਦੇ ਨਾਂ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ।
ਨੰਦ ਲਾਲ ਨੂਰਪੁਰੀ ਸਾਰੀ ਜ਼ਿੰਦਗੀ ਇਨਾਮਾਂ ਸਨਮਾਨਾਂ ਦੇ ਪਿੱਛੇ ਨਹੀਂ ਗਿਆ। ਨਾ ਹੀ ਉਸ ਨੇ ਆਪਣੇ ਰਚੇ ਗੀਤਾਂ ’ਤੇ ਗੋਸ਼ਟੀਆਂ ਕਰਵਾਉਣ ਲਈ ਹੱਥ ਪੈਰ ਮਾਰੇ। ਨਾ ਹੀ ਉਸ ਨੇ ਆਪਣੇ ਗੀਤਾਂ ’ਤੇ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਕਰਵਾਉਣ ਲਈ ਕਿਸੇ ਅੱਗੇ ਹੱਥ ਬੰਨ੍ਹੇ। ਉਹ ਭਾਵੇਂ ਸਾਰੀ ਉਮਰ ਤੰਗੀਆਂ ਤੁਰਸ਼ੀਆਂ, ਥੁੜ੍ਹਾਂ ਅਤੇ ਝੋਰਿਆਂ ਭਰਿਆ ਜੀਵਨ ਜਿਊਂਦਾ ਰਿਹਾ, ਪ੍ਰੰਤੂ ਉਸ ਦੇ ਰਚੇ ਗੀਤਾਂ ਵਿਚਲੇ ਨੌਜਵਾਨ ਅਤੇ ਮੁਟਿਆਰਾਂ ਸਰੀਰਕ, ਮਾਨਸਿਕ, ਬੌਧਿਕ ਅਤੇ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨਾਲ ਓਤ ਪੋਤ ਰਹੇ ਹਨ। ਉਸ ਦੇ ਰਚੇ ਗੀਤਾਂ ਦੀਆਂ ਕਈ ਪੁਸਤਕਾਂ ਪੰਜਾਬੀਆਂ ਨੇ ਬੜੀ ਰੀਝ ਨਾਲ ਪੜ੍ਹੀਆਂ ਹਨ। ਜਿਨ੍ਹਾਂ ਵਿੱਚੋਂ ‘ਵੰਗਾਂ’, ‘ਜਿਊਂਦਾ ਪੰਜਾਬ’, ‘ਮਿਲੀ ਜੁਲੀ ਕਵਿਤਾ’ ਅਤੇ ‘ਆਡੀਓ ਕਵਿਤਾ’ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਾ ਸਕਦਾ ਹੈ।
ਸਮਾਜ ਵਿਚਲੀ ਆਰਥਿਕ ਕਾਣੀ ਵੰਡ, ਸਮਾਜਿਕ ਵਿਵਸਥਾ ਵਿਚਲੇ ਭੈੜ ਅਤੇ ਵਿਗਾੜ ਉਸ ਨੂੰ ਮਾਨਸਿਕ ਤੌਰ ’ਤੇ ਸਾਰੀ ਜ਼ਿੰਦਗੀ ਪਰੇਸ਼ਾਨ ਕਰਦੇ ਰਹੇ। ਉਸ ਵੱਲੋਂ ਲਿਖੇ ਬਹੁਤ ਉੱਚ ਪਾਏ ਦੇ ਗੀਤਾਂ ਦੇ ਬਾਵਜੂਦ ਜਦੋਂ ਉਹ ਗੁਰਬਤ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਾ ਨਿਕਲ ਸਕਿਆ ਤਾਂ ਅਤਿ ਦੀ ਗ਼ਰੀਬੀ ਦੀ ਹਾਲਤ ਵਿੱਚ ਉਸ ਨੇ 13 ਮਈ, 1966 ਨੂੰ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਨੰਦ ਲਾਲ ਨੂਰਪੁਰੀ ਦੀ ਮੌਤ ਉਪਰੰਤ ਕੁੱਝ ਵਿਦਵਾਨਾਂ, ਕਵੀਆਂ ਅਤੇ ਕਵੀਸ਼ਰਾਂ ਨੇ ਮਿਲ ਕੇ ‘ਨੰਦ ਲਾਲ ਨੂਰਪੁਰੀ ਸੁਸਾਇਟੀ’ ਬਣਾਈ। ਇਸ ਦਾ ਮੁੱਖ ਉਦੇਸ਼ ਨੂਰਪੁਰੀ ਦੀ ਵਿਚਾਰਧਾਰਾ ਨੂੰ ਸਾਰੇ ਸਮਾਜ ਵਿੱਚ ਲੈ ਕੇ ਆਉਣਾ ਮਿੱਥਿਆ ਗਿਆ ਹੈ। ਇਸ ਦੇ ਨਾਲ ਹੀ ਸੁਸਾਇਟੀ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਸਨਮਾਨ ਦੇ ਕੇ ਉਸ ਦਾ ਮਾਣ ਵਧਾਉਂਦੀ ਆ ਰਹੀ ਹੈ।
ਸੰਪਰਕ: 84276-85020