ਲੋਕਾਂ ਨੂੰ ਮਾਂ ਦੇ ਸਨਮਾਨ ’ਚ ਪੌਦੇ ਲਗਾਉਣ ਦੀ ਅਪੀਲ
ਨਵੀਂ ਦਿੱਲੀ, 3 ਜੁਲਾਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਲੋਕਾਂ ਨੂੰ ਸਰਕਾਰ ਦੀ ‘ਏਕ ਪੇੜ ਮਾਂ ਕੇ ਨਾਮ 2.0’ ਮੁਹਿੰਮ ਤਹਿਤ ਆਪਣੀ ਮਾਂ ਦੇ ਸਨਮਾਨ ਵਿੱਚ ਪੌਦੇ ਲਗਾਉਣ ਦੀ ਅਪੀਲ ਕੀਤੀ। ਪੂਰੇ ਦੇਸ਼ ਵਿੱਚ ਇੱਕ ਮਹੀਨਾ ਚੱਲਣ ਵਾਲੇ ਵਣ ਮਹਾਉਤਸਵ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਹਰਿਤ ਦਿੱਲੀ ਦੇ ਪ੍ਰਤੀਬੰਧ ਹੈ ਅਤੇ ਇਸ 2.0 ਸੰਸਕਰਨ ਵਿੱਚ ਅਸੀਂ ਆਸ ਕਰਦੇ ਹਾਂ ਇਸ ਮੁਹਿੰਮ ਵਿੱਚ ਹਰ ਕੋਈ ਆਪਣਾ ਯੋਗਦਾਨ ਪਾਵੇਗਾ। ਉਨ੍ਹਾਂ ਪੌਦਾ ਲਗਾਉਣ ਮਗਰੋਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਵਾਤਾਵਰਨ ਨੂੰ ਸਾਫ ਅਤੇ ਸੁੰਦਰ ਬਣਾਉਣ ਲਈ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਇੱਥੋਂ ਦੀ ਸਾਬਕਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਇਸ ਮੌਕੇ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਆਪਣੀ ਪੌਦੇ ਲਗਾਉਣ ਦੀ ਇਸ ਮੁਹਿੰਮ ਤਹਿਤ ਸ਼ਹਿਰ ਵਿੱਚ 70 ਲੱਖ ਤੋਂ ਵੱਧ ਪੌਦੇ ਲਗਾਉਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਮੁਹਿੰਮ ਵਿੱਚ ਸਕੂਲਾਂ, ਕਾਲਜਾਂ, ਸਮਾਜਸੇਵੀ ਜਥੇਬੰਦੀਆਂ ਅਤੇ ਰਿਹਾਇਸ਼ੀ ਸੁਸਾਇਟੀਆਂ ਨੂੰ ਨਾਲ ਲੈ ਕੇ ਚੱਲਾਂਗੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵਣ ਮਹਾਉਤਸਵ ਪ੍ਰਦਰਸ਼ਨੀ ਦੇਖਣ ਲਈ ਵੀ ਸੱਦਾ ਦਿੱਤਾ। ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਅਤੇ ਦੇਸੀ ਦਰੱਖਤ ਸ਼ਾਮਲ ਹਨ। -ਪੀਟੀਆਈ