ਲੋਕਾਂ ਨਾਲ ਮੀਟਿੰਗ ਦੌਰਾਨ ਸਮੱਸਿਆਵਾਂ ਸੁਣ ਰਹੇ ਨੇ ਘੁੰਮਣ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਵੱਖ ਵੱਖ ਮੀਟਿੰਗਾਂ ਅਤੇ ਘਰ ਘਰ ਚੋਣ ਪ੍ਰਚਾਰ ਦੌਰਾਨ ਲੋਕ ਮੁੱਦਿਆਂ ਦੀ ਗੱਲ ਕਰਕੇ ਆਪਣੀ ਹਿਮਾਇਤ ਜੁਟਾ ਰਹੇ ਹਨ। ਐਡਵੋਕੇਟ ਘੁੰਮਣ ਨੇ ਵੋਟਰ ਮੇਰੀ ਤਾਕਤ ਹਨ ਦਾ ਨਾਅਰਾ ਲਗਾਉਂਦੇ ਹੋਏ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵੱਖ ਵੱਖ ਹਲਕਿਆਂ ਵਿੱਚ ਕੀਤੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲਾ ਕਾਰਜਕਾਲ ’ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਦੱਸਦਿਆਂ ਕਿਹਾ ਕਿ ਸਰਕਾਰ ਨੇ ਨਵੀਂ ਰੋਜ਼ਗਾਰ ਨੀਤੀ, ਨਸ਼ਾ ਮੁਕਤੀ ਅਤੇ ਸਿਹਤ ਸਹੂਲਤਾਂ ਵਰਗੇ ਮੁੱਦਿਆਂ 'ਤੇ ਝੂਠ ਬੋਲਕੇ ਲੋਕਾਂ ਨੂੰ ਧੋਖਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਸੁਪਨੇ ਪੰਜਾਬ ਵਾਸੀਆਂ ਨੂੰ ਵਿਖਾਏ ਗਏ ਸਨ, ਉਹ ਅੱਜ ਵੀ ਲੋਕਾਂ ਦੀਆਂ ਅੱਖਾਂ 'ਚ ਤਰਸ ਰਹੇ ਹਨ। ਲੋਕ ਹਕੀਕਤ ਸਮਝ ਚੁੱਕੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਨੂੰ ਜਾਣਦੇ ਹੋਏ ਝੂਠੇ ਵਾਅਦਿਆਂ ਅਤੇ ਫੌਕੇ ਦਾਅਵਿਆਂ ਵਾਲੀ ਪਾਰਟੀ ਤੋਂ ਸੁਚੇਤ ਰਹਿਣ।
ਇਸੇ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਦੀ ਸੰਸਥਾ ਸੋਈ (ਐਸਓਆਈ) ਵੱਲੋਂ ਐਡਵੋਕੇਟ ਘੁੰਮਣ ਦੇ ਹੱਕ ਵਿੱਚ ਇੱਕ ਵੱਡੀ ਮੋਟਰਸਾਈਕਲ ਤੇ ਕਾਰ ਰੈਲੀ ਕੱਢੀ ਜਿਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਨੇ ਸਪਸ਼ਟ ਕਰ ਦਿੱਤਾ ਕਿ ਘੁੰਮਣ ਨੂੰ ਨੌਜਵਾਨ ਵੋਟਰਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਰੈਲੀ ਦੌਰਾਨ ਘੁੰਮਣ ਨੇ ਨੌਜਵਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਹਲਕੇ ਦੀ ਤਰੱਕੀ, ਰੋਜ਼ਗਾਰ ਅਤੇ ਨਸ਼ਾ ਮੁਕਤੀ ਲਈ ਸੰਕਲਪਬੱਧ ਹਨ।