ਲੈਂਡ ਪੂਲਿੰਗ ਨੀਤੀ: ਛੇ ਪਿੰਡਾਂ ਨੇ ਜ਼ਮੀਨ ਨਾ ਦੇਣ ਦੀ ਸਹੁੰ ਖਾਧੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਜੂਨ
ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਅੱਜ ਇਲਾਕੇ ਦੇ ਛੇ ਪਿੰਡਾਂ ਦਾ ਭਰਵਾਂ ਇਕੱਠ ਨਜ਼ਦੀਕੀ ਪਿੰਡ ਅਲੀਗੜ੍ਹ ਵਿੱਚ ਹੋਇਆ। ਇਸ ਵਿੱਚ ਕਿਸਾਨ ਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹਾਕਮ ਧਿਰ ‘ਆਪ’ ਨੂੰ ਛੱਡ ਕੇ ਬਾਕੀ ਸਿਆਸੀ ਧਿਰਾਂ ਦੇ ਨੁਮਾਇੰਦੇ ਨਾ ਸਿਰਫ਼ ਇਕ ਮੰਚ ’ਤੇ ਇਕੱਠੇ ਹੋਏ ਸਗੋਂ ਇਸ ਮੁੱਦੇ ’ਤੇ ਇਕਸੁਰ ਵੀ ਨਜ਼ਰ ਆਏ।
ਪਿੰਡ ਮਲਕ, ਅਲੀਗੜ੍ਹ, ਪੋਨਾ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਪੱਤੀ ਮਲਕ ਦੇ ਇਸ ਇਕੱਠ ਵਿੱਚ ਇਕ ਮਤੇ ਰਾਹੀਂ ਪੰਜਾਬ ਸਰਕਾਰ ਦੀ ਇਸ ਨੀਤੀ ਨੂੰ ਰੱਦ ਕਰ ਦਿੱਤਾ ਗਿਆ। ਨਾਲ ਹੀ ਇਸ ਦਾ ਵਿਰੋਧ ਕਰਦਿਆਂ ਨੀਤੀ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਇਕੱਠ ਨੇ ਜ਼ਮੀਨ ਨਾ ਦੇਣ ਦੀਆਂ ਸਹੁੰਾਂ ਖਾਧੀਆਂ ਅਤੇ ਜ਼ਮੀਨਾਂ ਵਚਾਉਣ ਲਈ ਕਰੋ ਜਾਂ ਮਰੋ ਦਾ ਅਹਿਦ ਲਿਆ। ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸ਼੍ਰੋਮਣੀ ਅਕਾਲੀ ਦਲ ਵਲੋਂ ਦੀਦਾਰ ਸਿੰਘ ਮਲਕ, ਪਿੰਡ ਪੋਨਾ ਦੇ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਜਵੰਦਾ ਤੇ ਮੌਜੂਦਾ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਕਿਸਾਨ ਆਗੂ ਸਤਨਾਮ ਸਿੰਘ ਮੋਰਕਰੀਮਾ, ਜਗਰੂਪ ਸਿੰਘ ਹਸਨਪੁਰਾ, ਸਾਧੂ ਸਿੰਘ ਅਚਰਵਾਲ, ਨਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਲੱਖ ਸਿਆਸੀ, ਪਿੰਡ ਪੱਧਰ ਜਾਂ ਨਿੱਜੀ ਮਤਭੇਦ ਹੋਣ ਪਰ ਇਸ ਮੁੱਦੇ ’ਤੇ ਉਹ ਇਕ ਹਨ। ਇਹ ਮਸਲਾ ਲੋਕਾਂ ਦੇ ਭਵਿੱਖ, ਫ਼ਸਲਾਂ ਤੇ ਨਸਲਾਂ ਦਾ ਹੈ। ਇਕੱਠ ਨੇ ਤਾੜਨਾ ਕੀਤੀ ਕਿ ਸਰਕਾਰ ਨੇ ਜੇਕਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਰਾਹੀਂ ਜ਼ਮੀਨਾਂ ਹਥਿਆਉਣ ਲਈ ਵੀ ਕੋਈ ਵੀ ਧੱਕਾ ਜਾਂ ਚਲਾਕੀ ਕੀਤੀ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਰਕਾਰ 'ਤੇ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ ਇਹੋ ਆਮ ਆਦਮੀ ਪਾਰਟੀ ਸੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਸਰਕਾਰ ਸੱਥਾਂ ਤੋਂ ਲੋਕਾਂ ਦੀ ਸਲਾਹ ਲੈ ਕੇ ਕੰਮ ਕਰਿਆ ਕਰੇਗੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੀ ਅਧੀਨਗੀ ਛੱਡ ਕੇ ਪੰਜਾਬ ਤੇ ਪੰਜਾਬੀਆਂ ਨਾਲ ਖੜ੍ਹਨ ਦੀ ਸਲਾਹ ਦਿੱਤੀ। ਇਸ ਮੌਕੇ ਸ਼ਿੰਦਰਪਾਲ ਸਿੰਘ ਢਿੱਲੋਂ, ਸੁਖ ਜਗਰਾਉਂ, ਪਰਵਾਰ ਸਿੰਘ ਮਲਕ, ਸਰਪੰਚ ਸੁਖਵਿੰਦਰ ਸਿੰਘ ਪੱਤੀ ਮਲਕ, ਜਗਤਾਰ ਸਿੰਘ ਮਲਕ, ਸਰਪੰਚ ਸ਼ਰਨਪ੍ਰੀਤ ਸਿੰਘ ਸਿੱਧਵਾਂ, ਮਨਿੰਦਰ ਸਿੰਘ ਨੋਨੀ, ਮਨਜੀਤ ਕੌਰ ਅਲੀਗੜ੍ਹ, ਜਤਿੰਦਰਪਾਲ ਸਿੰਘ, ਗੁਰਕ੍ਰਿਪਾਲ ਸਿੰਘ ਢਿੱਲੋਂ, ਸੰਦੀਪ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ।