ਲੇਖਕ ਮੰਚ ਸਮਰਾਲਾ ਦੀ ਮੀਟਿੰਗ
ਸਮਰਾਲਾ: ਇਨਕਲਾਬੀ ਸ਼ਾਇਰ ਲਾਲ ਸਿੰਘ ਦਿਲ ਦਾ ਜਨਮਦਿਨ ਮਨਾਉਂਦੇ ਹੋਏ ਲੇਖਕ ਮੰਚ ਸਮਰਾਲਾ ਦੀ ਇੱਕ ਅਹਿਮ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਧਾਨ ਦਲਜੀਤ ਸਿੰਘ ਸਾਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਲਾਕੇ ਦੇ ਵਿਦਵਾਨ ਲੇਖਕ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸੰਸਥਾ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਲਾਲ ਸਿੰਘ ਦਿਲ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਜੀਵਨ ਅਤੇ ਗ਼ਜ਼ਲਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲਾਲ ਸਿੰਘ ਦਿਲ ਸਾਡੇ ਇਲਾਕੇ ਦੇ ਨਾਲ-ਨਾਲ ਸਮੁੱਚੇ ਵਿਸ਼ਵ ਦੀ ਇਨਕਲਾਬੀ ਸ਼ਾਇਰੀ ਦਾ ਸ਼ਾਨਾਮੱਤਾ ਹਸਤਾਖ਼ਰ ਹੈ, ਜਿਸ ਨੇ ਆਪਣੀ ਜ਼ਿੰਦਗੀ ਨੂੰ ਦਲਿਤ ਚੇਤਨਾ ਲਈ ਵਾਰ ਦਿੱਤਾ।
ਉਸ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਤੇ ਆਮ ਆਦਮੀ ਨਾਲ ਜੁੜੀ ਹੋਈ ਸੀ ਜੋ ਨਾ ਬਰਾਬਰੀ ਦੇ ਖਿਲਾਫ਼ ਹਰ ਕਿਸੇ ਨੂੰ ਖੜ੍ਹੇ ਹੋਣ ਦਾ ਹੋਕਾ ਦਿੰਦੀ ਹੈ। ਨੇਤਰ ਸਿੰਘ ਮੁੱਤੋਂ ਨੇ ਟੁੱਟ ਰਹੇ ਰਿਸ਼ਤਿਆਂ ਦੀ ਗੱਲ ਕਰਦੀ ਹੋਈ ਅਪਣੀ ਕਹਾਣੀ " ਮੌਸਮ " ਪੜ੍ਹੀ। ਅਨਿਲ ਫਤਿਹਗੜ੍ਹ ਜੱਟਾਂ ਨੇ ਗੀਤ " ਰੱਤੀ ਰੰਗੀਏ " ਨਾਲ਼ ਹਾਜ਼ਰੀ ਲਵਾਈ। ਗੁਰਵਿੰਦਰ ਅਤੇ ਅਮਰਿੰਦਰ ਸੋਹਲ ਦੀਆਂ ਗ਼ਜ਼ਲਾਂ ਨੂੰ ਸਰੋਤਿਆਂ ਨੇ ਭਰਵੀਂ ਦਾਦ ਦਿੱਤੀ। ਬਲਵੰਤ ਮਾਂਗਟ ਦਾ ਖੋਜ ਭਰਪੂਰ ਲੇਖ ' ਜੱਟ ਕੌਣ ਹੁੰਦੇ ਹਨ? ਚਰਚਾ ਦਾ ਵਿਸ਼ਾ ਬਣਿਆ। ਸੁਖਵਿੰਦਰ ਸਿੰਘ ਭਾਦਲਾ ਦਾ ਗੀਤ ਵੀ ਸਰੋਤਿਆਂ ਨੇ ਕਾਫੀ ਪਸੰਦ ਕੀਤਾ। ਅਮਨ ਅਜ਼ਾਦ ਦੀ ਖਾਲਸਾ ਪੰਥ ਨੂੰ ਸਮਰਪਿਤ ਗ਼ਜ਼ਲ ਵੀ ਸਲਾਹੁਣਯੋਗ ਰਹੀ। ਸ਼ਾਨ ਬਗਲੀ ਤੇ ਅਵਤਾਰ ਉਟਾਲਾਂ ਨੇ ਅਪਣੇ - ਅਪਣੇ ਗੀਤ ਨਾਲ ਹਾਜ਼ਰੀ ਲਵਾਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਾਟਕਕਾਰ ਰਾਜਵਿੰਦਰ ਸਮਰਾਲਾ, ਜਗਦੀਸ਼ ਖੰਨਾ, ਹਰਜਿੰਦਰ ਸਿੰਘ ਤੇ ਐਡਵੋਕੇਟ ਕਰਮਚੰਦ ਖੰਨਾ ਵੀ ਸ਼ਾਮਲ ਹੋਏ। ਅਖੀਰ ਵਿੱਚ ਪ੍ਰਧਾਨ ਦਲਜੀਤ ਸਿੰਘ ਸਾਹੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਵਿਛੜੇ ਕਹਾਣੀਕਾਰ ਪ੍ਰੇਮ ਪ੍ਰਕਾਸ਼, ਹਰਜਿੰਦਰ ਸਿੰਘ ਅਟਵਾਲ, ਬਿਹਾਰੀ ਲਾਲ ਸਦੀ, ਫਿਲਮ ਅਦਾਕਾਰ ਮਨੋਜ ਕੁਮਾਰ ਅਤੇ ਰੰਗਮੰਚ ਅਦਾਕਾਰਾ ਵੀਰ ਸਮਰਾ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। -ਪੱਤਰ ਪ੍ਰੇਰਕ