For the best experience, open
https://m.punjabitribuneonline.com
on your mobile browser.
Advertisement

ਲੂ ਤੇ ਤਪਸ਼ ਦਾ ਮਹੀਨਾ ਜੇਠ

04:36 AM May 17, 2025 IST
ਲੂ ਤੇ ਤਪਸ਼ ਦਾ ਮਹੀਨਾ ਜੇਠ
Advertisement

ਹਰਮਨਪ੍ਰੀਤ ਸਿੰਘ
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਜੇਠ ਦੇ ਮਹੀਨੇ ਦੀ ਤਪਸ਼ ਵਿੱਚ ਜੋ ਵੀ ਮਨੁੱਖ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਕੇ ਉਸ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਉਸ ਨੂੰ ਹਿਰਦੇ ਵਿੱਚ ਅਨੁਭਵ ਕਰ ਲੈਂਦਾ ਹੈ, ਉਹ ਉਸ ਅਕਾਲ ਪੁਰਖ ਦਾ ਹੀ ਸਰੂਪ ਹੋ ਜਾਂਦਾ ਹੈ, ਫਿਰ ਉਸ ਨੂੰ ਕੋਈ ਤਪਸ਼ ਨਹੀਂ ਪੋਂਹਦੀ। ਅਜਿਹੇ ਜੀਵ ਨੂੰ ਉਸ ਅਕਾਲ ਪੁਰਖ ਦੀ ਸਿਰਜੀ ਹਰ ਰੁੱਤ, ਹਰ ਮੌਸਮ ਚੰਗਾ ਲੱਗਦਾ ਹੈ। ਨਾਨਕਸ਼ਾਹੀ ਜੰਤਰੀ ਦੇ ਹਿਸਾਬ ਨਾਲ ਜੇਠ ਦਾ ਮਹੀਨਾ ਸਾਲ ਦੇ ਦੇਸੀ ਮਹੀਨਿਆਂ ਦਾ ਤੀਜਾ ਮਹੀਨਾ ਹੈ। ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਤੇ ਨਵੀਂ ਮੌਸਮੀ ਤਬਦੀਲੀ ਲੈ ਕੇ ਆਉਂਦਾ ਹੈ। ਹਰ ਮਹੀਨਾ, ਹਰ ਰੁੱਤ, ਆਪਣੇ ਆਪ ਵਿੱਚ ਖ਼ਾਸ ਹੁੰਦੀ ਹੈ।
ਜੇਠ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਮਈ ਤੋਂ ਸ਼ੁਰੂ ਹੋ ਕੇ ਅੱਧ ਜੂਨ ਤੱਕ ਦਾ ਹੁੰਦਾ ਹੈ। ਇਹ ਮਹੀਨਾ ਆਪਣੇ ਆਪ ’ਚ ਗਰਮ ਮਹੀਨਾ ਹੁੰਦਾ ਹੈ। ਇਸ ਮਹੀਨੇ ਧਰਤ ਦੀ ਹਿੱਕ ’ਤੇ ਬੇਪਰਵਾਹ ਜਿਹੇ ਖੜ੍ਹੇ ਅੰਬਾਂ ਦੇ ਰੁੱਖਾਂ ’ਤੇ ਲੱਗੀਆਂ ਅੰਬੀਆਂ ਸੂਰਜ ਦੀ ਪਹਿਲੀ ਕਿਰਨ ਨਾਲ ਹੀ ‘ਪਹੁ ਫੁੱਟਦਿਆਂ ਸਾਰ’ ਚਾਰੇ ਪਾਸੇ ਮਹਿਕਾਂ ਫੈਲਾਅ ਰਹੀਆਂ ਹੁੰਦੀਆਂ ਹਨ। ਕੁਦਰਤ ਦੀ ਕਾਇਨਾਤ ’ਚ ਮਿੰਨੀ-ਮਿੰਨੀ ਵਗਦੀ ਲੂ ’ਚ ਝੂਲਦੇ ਲੀਚੀਆਂ, ਆੜੂਆਂ ਤੇ ਅਨਾਰਾਂ ਦੇ ਰੁੱਖ ਧਰਤ ਦਾ ਰੂਪ ਸ਼ਿੰਗਾਰਦੇ ਨਜ਼ਰ ਆਉਂਦੇ ਹਨ। ਜੇਠ ਦੇ ਮਹੀਨੇ ਨੂੰ ਲੂਆਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ।
ਜੇਠ ਮਹੀਨੇ ਸੂਰਜ ਦੀ ਤੇਜ਼ ਤਪਸ਼ ਆਪਣਾ ਅਸਰ ਹਰ ਪਸ਼ੂ, ਪੰਛੀ, ਰੁੱਖ ਅਤੇ ਮਨੁੱਖ ’ਤੇ ਦਿਖਾਉਂਦੀ ਹੈ। ਇਸ ਮੌਸਮ ’ਚ ਵਗਦੀ ਲੂ ਫੁੱਲ, ਪੱਤੀਆਂ ਅਤੇ ਮਨੁੱਖੀ ਸਰੀਰਾਂ ਨੂੰ ਜਦੋਂ ਛੂਹ ਕੇ ਲੰਘਦੀ ਹੈ ਤਾਂ ਇੱਕ ਵਾਰ ਤਾਂ ਜੇਠ ਮਹੀਨਾ ਆਪਣੇ ਗਰਮ ਸੁਭਾਅ ਦਾ ਅਹਿਸਾਸ ਕਰਵਾ ਜਾਂਦਾ ਹੈ। ਇਉਂ ਜਾਪਦਾ ਕਿ ਜੇਠ ਮਹੀਨੇ ਸੂਰਜ ਦੀ ਤੇਜ਼ ਤਪਸ਼ ’ਚ ਤਪਦੀ ਧਰਤੀ ਦੀ ਰੂਹ ਵੀ ਪਾਣੀ-ਪਾਣੀ ਕੁਰਲਾਉਂਦੀ ਹੋਵੇ। ਸੱਥਾਂ ਵਿੱਚ ਲੱਗੇ ਪਿੱਪਲ ਅਤੇ ਬੋਹੜ ਦੀਆਂ ਛਾਵਾਂ ’ਚ ਬੈਠੇ ਲੋਕ ਭੱਠ ਵਾਂਗ ਤਪਦੀ ਧਰਤੀ ਨੂੰ ਵੇਖ ਪਰਮਾਤਮਾ ਨੂੰ ਛਿੱਟ ਮੀਂਹ ਦੀ ਪਾਉਣ ਦੀ ਅਰਜੋਈ ਕਰਦੇ ਨਜ਼ਰ ਆਉਂਦੇ ਹਨ। ਜੇਠ ਦੇ ਮਹੀਨੇ ਚਾਰੇ ਪਾਸੀ ਵਗਦੀ ਲੂ ਕਾਰਨ ਟੋਭੇ, ਖੂਹ ਸੁੱਕਣ ਕੰਢੇ ਜਾ ਪੁੱਜਦੇ ਹਨ। ਜੇ ਕਿਤੇ ਜੇਠ ਮਹੀਨੇ ਕਿਤੇ ਇੱਕ-ਦੋ ਮੀਂਹ ਪੈ ਜਾਣ ਤਾਂ ਪਸ਼ੂ, ਪੰਛੀ ਤੇ ਮਨੁੱਖ ਜੇਠ ਮਹੀਨੇ ਦੀ ਗਰਮੀ ਨੂੰ ਭੁੱਲ ਕੁੱਝ ਸਮੇਂ ਲਈ ਠੰਢੇ ਬੁੱਲਿਆਂ ਦਾ ਆਨੰਦ ਮਾਣਦੇ ਨਜ਼ਰ ਆਉਂਦੇ ਹਨ।
ਜੇਠ ਦਾ ਮਹੀਨਾ ਸਦਾ ਤੋਂ ਅਜਿਹਾ ਨਹੀਂ ਸੀ। ਜੇ ਕਹਿ ਲਈਏ ਕਿ ‘ਜਿਹੇ ਲੋਕ ਤਹੀਆਂ ਰੁੱਤਾਂ’ ਤਾਂ ਗ਼ਲਤ ਨਹੀਂ ਹੋਵੇਗਾ ਕਿਉਂਕਿ ਮਨੁੱਖ ਨੇ ਆਪਣੇ ਸੁਆਰਥ ਲਈ ਕੁਦਰਤ ਨਾਲ ਜਦੋਂ ਤੋਂ ਛੇੜ-ਛਾੜ ਕਰਨੀ ਸ਼ੁਰੂ ਕੀਤੀ, ਬਸ ਉਦੋਂ ਤੋਂ ਹੀ ਮੌਸਮੀ ਚੱਕਰ ’ਚ ਆਈ ਤਬਦੀਲੀ ਨੇ ਰੁੱਤਾਂ ਦਾ ਸੁਭਾਅ ਵੀ ਬਦਲ ਕੇ ਰੱਖ ਦਿੱਤਾ ਹੈ।
ਇਸ ਮਹੀਨੇ ਜਿੱਥੇ ਚਾਰੇ ਪਾਸੇ ਵਗਦੀ ਲੂ ਨੇ ਮਨੁੱਖੀ ਚਿਹਰਿਆਂ ਤੋਂ ਰੌਣਕ ਉਡਾਈ ਹੁੰਦੀ ਹੈ, ਉੱਥੇ ਹੀ ਅਮਲਤਾਸ ਤੇ ਗੁਲਮੋਹਰ ਜਿਹੇ ਰੁੱਖਾਂ ’ਤੇ ਇਉਂ ਜਾਪਦਾ ਜਿਵੇਂ ਜੇਠ ਮਹੀਨੇ ਬਾਹਰ ਰੁੱਤ ਮੁਹੱਬਤ ਦੀ ਬਾਤ ਪਾਉਣ ਆਈ ਹੋਵੇ, ਇਸੇ ਨੂੰ ਹੀ ਤਾਂ ਕੁਦਰਤ ਕਹਿੰਦੇ ਨੇ ਤੇ ਇਸੇ ਨੂੰ ਕੁਦਰਤ ਦੇ ਰੰਗ। ਜੇਠ ਦੇ ਮਹੀਨੇ ਅਮਲਤਾਸ ਦੇ ਰੁੱਖਾਂ ’ਤੇ ਖਿੜੇ ਪੀਲੇ, ਕੇਸਰੀ ਰੰਗਾਂ ਦੇ ਫੁੱਲ ਇਸ ਮਹੀਨੇ ਦੇ ਤਪਸ਼ ਭਰੇ ਮਾਹੌਲ ’ਚ ਵੀ ਮਨੁੱਖੀ ਮਨਾਂ ਨੂੰ ਮੋਹ ਲੈਂਦੇ ਹਨ। ਜੇਠ ਮਹੀਨਾ ਚੜ੍ਹਦੇ ਹੀ ਇਹ ਖ਼ੂਬਸੂਰਤ ਰੁੱਖ ਫੁੱਲਾਂ ਨਾਲ ਲੱਦਿਆ ਜਾਂਦਾ ਹੈ। ਜੇਠ ਦੇ ਤਪਦੇ ਮਹੀਨੇ ’ਚ ਬਹਾਰ ਰੁੱਤ ਦੇ ਰੁੱਖਾਂ ਵਾਂਗ ਖਿੜਨ ਤੇ ਗਰਮ ਵਗਦੀਆਂ ਹਵਾਵਾਂ ਨਾਲ ਮੁਹੱਬਤ ਦੀਆਂ ਬਾਤਾਂ ਪਾਉਣੀਆਂ ਕੋਈ ਅਮਲਤਾਸ ਦੇ ਰੁੱਖਾਂ ਤੋਂ ਸਿੱਖੇ। ਭੱਠ ਵਾਂਗ ਤਪਦੇ ਇਸ ਮਹੀਨੇ ’ਚ ਅਮਲਤਾਸ ਦੇ ਰੁੱਖ ਇਉਂ ਜਾਪਦੇ ਨੇ ਕਿ ਇਹ ਸੰਸਾਰ ਨੂੰ ਸੰਦੇਸ਼ ਦਿੰਦੇ ਹੋਣ ਕਿ ਮੌਸਮ, ਬਹਾਰਾਂ ਤੇ ਜ਼ਿੰਦਗੀ ’ਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਚੱਲਦੇ ਰਹੋ, ਖ਼ੁਸ਼ ਰਹੋ ਅਤੇ ਖਿੜੇ ਰਹੋ।
ਇਸੇ ਤਰ੍ਹਾਂ ਗੁਲਮੋਹਰ ਰੁੱਖ ਦੇ ਫੁੱਲ ਵੀ ਜੇਠ ਮਹੀਨੇ ਪੂਰੇ ਜੋਬਨ ’ਤੇ ਆ ਕੇ ਲਾਲ-ਸੂਹੇ ਹੋ ਕੇ ਕੁਦਰਤ ’ਚ ਆਪਣਾ ਰੰਗ ਭਰਦੇ ਨਜ਼ਰ ਆਉਂਦੇ ਹਨ। ਗੁਲਮੋਹਰ ਦੇ ਫੁੱਲ ਵੇਖਣ ਵਾਲਿਆਂ ਦੇ ਮਨ ਮੋਹ ਲੈਂਦੇ ਹਨ। ਜੇਠ ਦੇ ਤਪਦੇ ਮਹੀਨੇ ’ਚ ਅਮਲਤਾਸ ਤੇ ਗੁਲਮੋਹਰ ਦੇ ਰੁੱਖਾਂ ’ਚ ਘਿਰਿਆ ਮਨੁੱਖ ਜੇਠ ਮਹੀਨੇ ਦੀ ਤਪਸ਼ ਭੁੱਲ ਕੇ ਬਹਾਰ ਰੁੱਤ ਦਾ ਆਨੰਦ ਮਾਣਦਾ ਨਜ਼ਰ ਆਉਂਦਾ ਹੈ।
ਜੇਠ ਦੇ ਮਹੀਨੇ ’ਚ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਕਰਨ ਦੀ ਵਿਉਂਤਬੰਦੀ ਕਰਦੇ ਹਨ। ਇਸ ਮਹੀਨੇ ਖੇਤ ਦੂਰ-ਦੂਰ ਤੱਕ ਜ਼ਿਆਦਾਤਰ ਖਾਲੀ ਹੀ ਨਜ਼ਰ ਆਉਂਦੇ ਹਨ, ਦੂਰ-ਦੂਰ ਤੱਕ ਖਾਲੀ ਪਏ ਖੇਤਾਂ ਦਾ ਕਾਰਨ ਇਹ ਵੀ ਹੈ ਕਿ ਮੌਜੂਦਾ ਸਮੇਂ ਕਿਸਾਨ ਦੋ ਹੀ ਮੁੱਖ ਫ਼ਸਲਾਂ ਦੀ ਬਿਜਾਈ ਕਰਦੇ ਹਨ, ਇੱਕ ਕਣਕ ਤੇ ਦੂਜੀ ਝੋਨਾ, ਜੇ ਕਿਤੇ ਨਾਲ ਹੋਰ ਫ਼ਸਲਾਂ ਦੀ ਬਿਜਾਈ ਵੀ ਕੀਤੀ ਜਾਵੇ ਤਾਂ ਜੇਠ ਦੇ ਮਹੀਨੇ ’ਚ ਦੂਰ-ਦੂਰ ਤੱਕ ਖੇਤ ਇਉਂ ਖਾਲੀ ਨਜ਼ਰ ਨਾ ਆਉਣ, ਨਾਲ ਹੀ ਧਰਤੀ ਦੀ ਤਪਸ਼ ਘਟਾਉਣ ਲਈ ਸਾਨੂੰ ਇਸ ਕਣਕ, ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲ ਕੇ ਹੋਰ ਮੌਸਮੀ ਫ਼ਸਲਾਂ ਦੀ ਪੈਦਾਵਾਰ ਵਧਾਉਣੀ ਪਵੇਗੀ। ਨਤੀਜੇ ਵਜੋਂ ਧਰਤੀ ਦੀ ਤਪਸ਼ ਘਟੇਗੀ, ਪਾਣੀ ਦੀ ਵਰਤੋਂ ਘਟੇਗੀ ਅਤੇ ਤੇਜ਼ੀ ਨਾਲ ਮੌਸਮੀ ਬਦਲਾਅ ’ਚ ਆਉਂਦੀ ਖ਼ਤਰਨਾਕ ਤਬਦੀਲੀ ਘਟੇਗੀ, ਸੋ ਖ਼ਤਰਨਾਕ ਮੌਸਮੀ ਬਦਲਾਅ ਨੂੰ ਰੋਕਣ ਲਈ ਸਾਨੂੰ ਖ਼ੁਦ ਨੂੰ ਬਦਲਣਾ ਪਵੇਗਾ। ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਨੀ ਹੋਵੇਗੀ, ਕੁਦਰਤੀ ਸਰੋਤਾਂ ਦਾ ਦੁਰਉਪਯੋਗ ਬੰਦ ਕਰਨਾ ਹੋਵੇਗਾ ਤਾਂ ਜੋ ਕੋਈ ਵੀ ਮਹੀਨਾ ਮੌਸਮੀ ਤਬਦੀਲੀ ਕਾਰਨ ਆਪਣਾ ਪੁਰਾਤਨ ਰੂਪ ਨਾ ਗੁਆ ਬੈਠੇ।
ਇਹ ਵੀ ਦੇਖਣ, ਸੁਣਨ ਵਿੱਚ ਆਇਆ ਹੈ ਕਿ ਪੁਰਾਤਨ ਸਮਿਆਂ ’ਚ ਜਿਸ ਮਹੀਨੇ ਬੱਚੇ ਨੇ ਜਨਮ ਲੈਣਾ ਤਾਂ ਘਰ ਦੇ ਬਜ਼ੁਰਗਾਂ ਨੇ ਉਸ ਮਹੀਨੇ ’ਤੇ ਹੀ ਝੱਟ-ਪੱਟ ਬੱਚੇ ਦਾ ਨਾਂ ਰੱਖ ਦੇਣਾ ਜਿਵੇਂ ਜੇਠ ਮਹੀਨਾ ਚੱਲ ਰਿਹਾ ਹੈ ਤਾਂ ਜੇਠੁ ਮੱਲ, ਜੇਠਾ ਸਿਉਂ, ਜੇਠੇ ਖਾਂ ਆਦਿ। ਜੇਠ ਮਹੀਨੇ ਦਾ ਪੰਜਾਬੀ ਸੱਭਿਆਚਾਰ ਨਾਲ ਵੀ ਗੂੜ੍ਹਾ ਸਬੰਧ ਹੈ, ਜਿੱਥੇ ‘ਜੇਠ’ ਸ਼ਬਦ ਜੇਠ ਮਹੀਨੇ ਨਾਲ ਸਬੰਧਤ ਹੈ, ਉੱਥੇ ਹੀ ‘ਜੇਠ’ ਸ਼ਬਦ ਸਮਾਜਿਕ ਰਿਸ਼ਤਿਆਂ ’ਚ ਵੀ ਕਈ ਥਾਈਂ ਵਰਤਿਆ ਜਾਂਦਾ ਹੈ। ਸਮਾਜਿਕ ਰਿਸ਼ਤਿਆਂ ’ਚ ‘ਜੇਠ’ ਸ਼ਬਦ ਦਾ ਸ਼ਾਬਦਿਕ ਅਰਥ ਵੱਡਾ ਹੁੰਦਾ ਹੈ, ਘਰ ’ਚ ਪਹਿਲੇ ਜਨਮ ਲੈਣ ਵਾਲੇ ਬੱਚੇ ਨੂੰ ਜੇਠਾ ਕਿਹਾ ਜਾਂਦਾ ਜੋ ਅੱਜ ਵੀ ਪ੍ਰਚੱਲਿਤ ਹੈ। ਇਉਂ ਹੀ ਪੁਰਾਤਨ ਸਮਿਆਂ ’ਚ ਘਰ ਦੇ ਮੋਢੀ ਪੁਰਸ਼ ਨੂੰ ਵੀ ‘ਜੇਠ’ ਆਖ ਬੁਲਾਇਆ ਜਾਂਦਾ ਸੀ ਅਤੇ ਵਿਆਹੁਤਾ ਜੀਵਨ ਹੰਢਾ ਰਹੀਆਂ ਇਸਤਰੀਆਂ ਦਾ ਆਪਣੇ ਪਤੀ ਦੇ ਵੱਡੇ ਭਰਾ ਨਾਲ ਰਿਸ਼ਤਾ ਵੀ ‘ਜੇਠ’ ਵਾਲਾ ਹੁੰਦਾ ਹੈ।
ਜਿੱਥੇ ਜੇਠ ਮਹੀਨਾ ਆਪਣੇ ਕੁਦਰਤੀ ਸੁਭਾਅ ਕਾਰਨ ਗਰਮ ਮਹੀਨਾ ਤਾਂ ਹੁੰਦਾ ਹੀ ਹੈ, ਉੱਥੇ ਹੀ ਇਸ ਮਹੀਨੇ ਦੀ ਤਪਸ਼ ਵਧਾਉਣ ’ਚ ਮਨੁੱਖ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੀ ਦੁਰਵਰਤੋਂ, ਇਸੇ ਮਹੀਨੇ ਕਣਕ ਦੀ ਕਟਾਈ ਮਗਰੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਗੰਧਲਾ ਕਰਨ ਦੇ ਨਾਲ-ਨਾਲ ਤਪਸ਼ ਵੀ ਵਧਾ ਰਹੇ ਹਾਂ। ਦੂਜੇ ਪਾਸੇ ਜੇਠ ਮਹੀਨਾ ਚੜ੍ਹਦੇ ਹੀ ਮੋਟਰ ਗੱਡੀਆਂ, ਦਫ਼ਤਰਾਂ, ਘਰੇਲੂ ਤੇ ਵਪਾਰਕ ਥਾਵਾਂ ’ਤੇ ਚੱਲਦੇ ਏਅਰਕੰਡੀਸ਼ਨਰ ਬਾਹਰੀ ਤਪਸ਼ ਵਧਾਉਣ ’ਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ। ਏਅਰਕੰਡੀਸ਼ਨਰ ਵੱਲੋਂ ਬਾਹਰ ਵੱਲ ਛੱਡੀ ਗਰਮ ਹਵਾ ਵਾਤਾਵਰਨ ’ਚ ਗਰਮੀ ਵਧਾਉਣ ਦਾ ਕੰਮ ਕਰਦੀ ਹੈ ਤੇ ਅਸੀਂ ਦੋਸ਼ ਇਕੱਲਾ ਜੇਠ ਮਹੀਨੇ ਨੂੰ ਹੀ ਦਈ ਜਾਂਦੇ ਹਾਂ। ਅਸੀਂ ਇਸ ਮਹੀਨੇ ਦੀ ਤਪਸ਼ ਘਟਾ ਸਕਦੇ ਹਾਂ, ਆਪਣੇ ਆਲੇ ਦੁਆਲੇ ਰੁੱਖ ਲਗਾ ਕੇ, ਜੰਗਲਾਂ ਹੇਠਲਾ ਰਕਬਾ ਵਧਾ ਕੇ ਜਿੱਥੇ ਖ਼ੂਬਸੂਰਤ ਵਾਤਾਵਰਨ ਸਿਰਜ ਸਕਦੇ ਹਾਂ, ਉੱਥੇ ਹੀ ਤਪਦੇ ਜੇਠ ਮਹੀਨੇ ਨੂੰ ਕੁੱਝ ਹੱਦ ਤੱਕ ਠੰਢਾ ਰੱਖਣ ਦਾ ਯਤਨ ਵੀ ਕਰ ਸਕਦੇ ਹਾਂ।
ਸੰਪਰਕ: 98550-10005

Advertisement

Advertisement
Advertisement
Advertisement
Author Image

Balwinder Kaur

View all posts

Advertisement