ਲੁੱਟ ਦੀ ਕਹਾਣੀ ਰਚਣ ਵਾਲੇ ਦਾ ਪਰਦਾਫਾਸ਼
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 30 ਜਨਵਰੀ
ਕਪੂਰਥਲਾ ਦੇ ਢਿੱਲਵਾਂ ਖੇਤਰ ਵਿੱਚ ਕਾਰ ਸਵਾਰ ਵਿਅਕਤੀ ਕੋਲੋਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ 4 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕਪੂਰਥਲਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੱਸਪੀਡੀ ਸਰਬਜੀਤ ਰਾਏ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੀਤ ਸਿੰਘ ਨੇ ਹੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ 4 ਲੱਖ ਰੁਪਏ ਖੁਰਦ ਬੁਰਦ ਕਰਨ ਦੀ ਯੋਜਨਾ ਬਣਾਈ ਅਤੇ ਲੁੱਟ ਦਾ ਡਰਾਮਾ ਕਰ ਦਿੱਤਾ। ਪੁਲੀਸ ਨੇ ਉਸ ਦੇ ਸਾਥੀ ਦੋਸਤਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਲੱਖ 85 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਦੱਸਣਯੋਗ ਹੈ ਕਿ ਢਿੱਲਵਾਂ ਖੇਤਰ ਵਿੱਚ 25 ਜਨਵਰੀ ਨੂੰ ਰਈਆ ਵਾਸੀ ਗੁਰਮੀਤ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰ ਕੇ 4 ਲੱਖ ਰੁਪਏ ਦੀ ਲੁੱਟ ਕੀਤੀ ਹੈ। ਜਿਸ ਤੇ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਸ਼ਿਕਾਇਤਕਰਤਾ ਦੇ ਦੋਸਤ ਸੰਤੋਖ ਸਿੰਘ ਉਰਫ ਕੁੱਕੂ ਵਾਸੀ ਰਈਆ ਨੂੰ ਰਾਊਂਡ ਅਪ ਕੀਤਾ ਤਾਂ ਸਾਰੀ ਘਟਨਾ ਦਾ ਖੁਲਾਸਾ ਹੋ ਗਿਆ। ਮਾਮਲੇ ਦੇ ਮਾਸਟਰ ਮਾਈਂਡ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹਾ ਹਨ।