ਲੁੱਟ-ਖੋਹ ਦੇ ਦਰਜਨ ਤੋਂ ਵੱਧ ਮਾਮਲਿਆਂ ’ਚ ਨੌਂ ਕਾਬੂ
ਰਵਿੰਦਰ ਰਵੀ
ਬਰਨਾਲਾ 2 ਫਰਵਰੀ
ਪੁਲੀਸ ਨੇ ਤਿੰਨ ਮਾਮਲਿਆਂ ’ਚ ਇੱਕ ਦਰਜਨ ਤੋਂ ਵੱਧ ਲੁੱਟ-ਖੋਹ ਦੀਆਂ ਘਟਨਾਵਾਂ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਗਰੋਹ ਦੇ ਨੌਂ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਮਾਰੂ ਹਥਿਆਰਾਂ ਤੇ 50 ਲੱਖ ਰੁਪਏ ਦੇ ਕਰੀਬ ਸਾਮਾਨ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲੀਸ ਵੱਲੋਂ ਲੁੱਟ-ਖੋਹ ਗਰੋਹਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਇਸ ਤਹਿਤ ਵੱਖ-ਵੱਖ ਥਾਣਿਆਂ ’ਚ ਦਰਜ ਕੇਸਾਂ ਵਿੱਚ ਪੁਲੀਸ ਨੇ ਦੋ ਪਿਸਤੌਲ, ਦੋ ਕਾਰਤੂਸ, ਖੰਡਾ, ਦੋ ਕਿਰਪਾਨਾਂ, ਕਿਰਚ, ਚਾਕੂ, ਇੱਕ ਟਰਾਲਾ 18 ਟਾਈਰਾ ਵਾਲਾ, 320 ਕੁਇੰਟਲ ਲੋਹੇ ਦੀਆਂ ਪਲੇਟਾਂ, ਗੈਸ ਕਟਰ, ਦੋ ਗੈਸ ਸਿਲੰਡਰ, ਦੋ ਆਕਸੀਜਨ ਸਿਲੰਡਰ, ਛੇ ਮੋਟਰਸਾਈਕਲ, ਇੱਕ ਕਾਰ, 17 ਮੋਬਾਈਲ ਫੋਨ, ਦੋ ਟੈਬ, ਦੋ ਚਾਂਦੀ ਦੇ ਕੜੇ ਅਤੇ ਤਿੰਨ ਚਾਂਦੀ ਦੀਆਂ ਚੈਨਾਂ ਬਰਾਮਦ ਕੀਤਾ। ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਚੌਂਕੀ ਇੰਚਾਰਜ ਚਰਨਜੀਤ ਸਿੰਘ ਥਾਣਾ ਸਦਰ ਇੰਚਾਰਜ ਸ਼ੇਰਬਿੰਦਰ ਸਿੰਘ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੇ ਆਪਣੀਆਂ ਟੀਮਾਂ ਰਾਹੀਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਦੱਧਾਹੂਰ, ਸਰਬਜੀਤ ਸਿੰਘ ਕਾਲਾ ਵਾਸੀ ਸੰਗਰੂਰ, ਗੁਰਮੁੱਖ ਸਿੰਘ ਵਾਸੀ ਜਗਰਾਉ, ਰਣਜੀਤ ਸਿੰਘ ਉਰਫ਼ ਗਗਨ ਵਾਸੀ ਭਦੌੜ, ਖੁਸ਼ਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਭਦੌੜ, ਬਲਜਿੰਦਰ ਸਿੰਘ ਉਰਫ਼ ਜ਼ੋਬਨ ਵਾਸੀ ਭਦੌੜ, ਮਨਜਿੰਦਰ ਸਿੰਘ ਉਰਫ਼ ਬੱਬੂ ਵਾਸੀ ਨੈਣੇਵਾਲ, ਦੀਪਕ ਸਿੰਘ ਉਰਫ਼ ਦੀਪੂ ਵਾਸੀ ਭਦੌੜ ਅਤੇ ਰੇਸ਼ਮ ਸਿੰਘ ਉਰਫ਼ ਬੱਬਲਾ ਵਾਸੀ ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।