ਲੁੱਟ-ਖੋਹ ਕਰਨ ਵਾਲਾ ਗਰੋਹ ਮਾਰੂ ਹਥਿਆਰਾਂ ਸਣੇ ਕਾਬੂ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 11 ਮਾਰਚ
ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਡੀਐੱਸਪੀ ਨਿਖਿਲ ਗਰਗ ਦੀਆਂ ਹਦਾਇਤਾਂ ਉਪਰ ਸੀਆਈਏ ਸਰਹਿੰਦ ਦੇ ਇੰਚਾਰਜ ਅਮਰਬੀਰ ਸਿੰਘ ਦੀ ਟੀਮ ਵੱਲੋਂ ਪਿਸਤੌਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਮਾਰੂ ਹਥਿਆਰਾਂ ਸਣੇ ਕਾਬੂ ਕੀਤਾ ਹੈ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਨੇ ਦੱਸਿਆ ਕਿ 10 ਮਾਰਚ ਨੂੰ ਸੀਆਈਏ ਟੀਮ ਨੇ ਅਨਾਜ ਮੰਡੀ ਸਰਹਿੰਦ ਦੇ ਇਲਾਕੇ ਵਿੱਚੋਂ ਬਲਜਿੰਦਰ ਸਿੰਘ ਉਰਫ ਬੱਲੀ ਵਾਸੀ ਪਿੰਡ ਘੁੰਡਰ ਥਾਣਾ ਭਾਦਸੋਂ, ਅਭਿਸ਼ੇਕ ਕੁਮਾਰ ਵਾਸੀ ਅਮਲੋਹ, ਸਿਮਰਨਜੀਤ ਸਿੰਘ ਉਰਫ ਕਾਲੀ ਵਾਸੀ ਅਮਲੋਹ, ਅਜੇ ਵਾਸੀ ਪਿੰਡ ਭਗਵਾਨਪੁਰ ਥਾਣਾ ਅਮਲੋਹ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਵਾਸੀ ਜੱਸੜਾ ਥਾਣਾ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਇੱਕ .32 ਬੋਰ ਦੀ ਪਿਸਤੌਲ, ਲੋਹੇ ਦਾ ਗੰਡਾਸਾ, ਲੋਹੇ ਦਾ ਦਾਤ, ਇੱਕ ਸਰੀਆ ਅਤੇ ਬਾਂਸ ਦਾ ਡੰਡਾ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਬੀਐੱਨਐਸ ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਥਾਣਾ ਸਰਹਿੰਦ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛ-ਪੜਤਾਲ ਦੌਰਾਨ ਉਨ੍ਹਾਂ ਮੰਨਿਆਂ ਕਿ ਉਹ ਰਾਤ ਸਮੇਂ ਹਥਿਆਰਾਂ ਨਾਲ ਰਾਹਗੀਰਾਂ ਨੂੰ ਡਰਾ ਕੇ ਉਨ੍ਹਾਂ ਲੁੱਟ-ਖੋਹ ਕਰਦੇ ਹਨ ਅਤੇ ਬੰਦ ਫੈਕਟਰੀਆਂ ਵਿੱਚੋਂ ਚੋਰੀਆਂ ਕਰਦੇ ਹਨ। ਪੁਲੀਸ ਨੇ ਮੌਕੇ ’ਤੇ ਹੀ ਇਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਹੋਰ ਪੁਛ-ਪੜਤਾਲ ਜਾਰੀ ਹੈ ਅਤੇ ਪਹਿਲਾ ਵੀ ਇਨ੍ਹਾਂ ਖ਼ਿਲਾਫ਼ ਕਈ ਥਾਣਿਆਂ ਵਿੱਚ ਕੇਸ ਦਰਜ ਹਨ।