ਕੋਟਕਪੂਰਾ ’ਚ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੁਲਜ਼ਮ ਕਾਬੂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 2 ਫਰਵਰੀ
ਥਾਣਾ ਸਿਟੀ ਪੁਲੀਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ 3 ਬਗੈਰ ਨੰਬਰੀ ਮੋਟਰਸਾਈਕਲ, ਕਾਪਾ, ਦਾਹ ਅਤੇ ਕਿਰਪਾਨਾਂ ਬਰਾਮਦ ਕੀਤੀਆਂ ਹਨ। ਡੀਐੱਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਮਨੋਜ ਕੁਮਾਰ ਦੀ ਟੀਮ ਦੇ ਏਐੱਸਆਈ ਦਲਜੀਤ ਸਿੰਘ ਦੀ ਅਗਵਾਈ ਹੇਠ ਜਦੋਂ ਜਲਾਲੇਆਣਾ ਰੋਡ ’ਤੇ ਗਸ਼ਤ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਹਾਲ ਦਿੱਤੀ ਕਿ ਬੰਦ ਪਈ ਫੈਕਟਰੀ ਵਿੱਚ ਲੁੱਕ ਕੇ ਕੁਝ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਹੁਣ ਵੀ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਪੁਲੀਸ ਪਾਰਟੀ ਨੇ ਤਰੁੰਤ ਛਾਪਾ ਮਾਰਿਆ ਤਾਂ ਉਥੋਂ ਪੁਲੀਸ ਨੇ 5 ਨੌਜਵਾਨ ਗੌਤਮ, ਸੇਵਕ ਰਾਮ ਦੋਵੇਂ ਵਾਸੀ ਕੋਟਕਪੂਰਾ, ਇੰਦਰਦੀਪ ਸਿੰਘ ਬੱਬੂ, ਮਨਪ੍ਰੀਤ ਸਿੰਘ ਲੂੰਗਰ ਅਤੇ ਬੇਅੰਤ ਸਿੰਘ ਕਾਲਾ ਤਿੰਨੇ ਵਾਸੀ ਢਿੱਲਵਾਂ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤਾਂ ਲਈ ਵਰਤੇ ਜਾਂਦੇ ਹਥਿਆਰ 2 ਖੰਡੇ, ਕਾਪਾ, ਕ੍ਰਿਪਾਨ ਅਤੇ ਦਾਹ ਸਮੇਤ 9 ਮੋਬਾਈਲ, 3 ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 3 ਨੌਜਵਾਨ ’ਤੇ ਪਹਿਲਾਂ ਵੀ ਚੋਰੀ, ਇਰਾਦਾ ਕਤਲ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਡੀਐੱਸਪੀ ਨੇ ਇਹ ਵੀ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਵਿੱਚ ਇਨ੍ਹਾਂ ਵੱਲੋਂ ਕਈ ਵਾਰਦਾਤਾਂ ਵਿੱਚ ਆਪਣੀ ਸ਼ਮੂਲੀਅਤ ਸਵੀਕਾਰੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾਵੇਗੀ।