ਲੁਧਿਆਣਾ ਹਲਕਾ ਪੱਛਰੀ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਹਲਕਾ ਪੱਛਮੀ ਦੀ 19 ਜੂਨ ਨੂੰ ਹੋ ਰਹੀ ਜ਼ਿਮਨੀ ਚੋਣ ਸਬੰਧੀ ਪੰਜਾਬ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਅੱਜ ਪੁਲੀਸ ਨੇ ਹਲਕਾ ਪੱਛਮੀ ਦੇ ਕਈ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ। ਇਸ ਦੌਰਾਨ ਪੁਲੀਸ ਵਾਹਨਾਂ ਦਾ ਕਾਫਲਾ, ਸੀਆਰਪੀਐਫ਼ ਦੀ ਟੀਮਾਂ ਵੀ ਨਾਲ ਸਨ ਤਾਂ ਜੋ ਲੋਕਾਂ ਵਿੱਚ ਡਰ ਦਾ ਮਾਹੌਲ ਨਾ ਪੈਦਾ ਹੋਵੇ। ਡੀਸੀਪੀ ਸਨੇਹਦੀਪ ਸ਼ਰਮਾ ਦੀ ਅਗਵਾਈ ਵਿੱਚ ਪੱਛਮੀ ਹਲਕੇ ਵਿੱਚ ਇਹ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਏਡੀਸੀਪੀ 3 ਕਮਲਪ੍ਰੀਤ ਸਿੰਘ, ਏਸੀਪੀ ਸਿਵਲ ਲਾਈਨ ਗੁਰਇਕਬਾਲ ਸਿੰਘ, ਏਸੀਪੀ ਪੱਛਮੀ ਜਤਿੰਦਰਪਾਲ ਸਿੰਘ ਅਤੇ ਏਸੀਪੀ ਦੱਖਣੀ ਹਰਜਿੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ।
ਜ਼ਿਮਨੀ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਕੀਤੀ ਕਿ ਪੁਲੀਸ ਨੇ ਕਿੱਥੇ-ਕਿੱਥੇ ਸੜਕਾਂ ’ਤੇ ਨਾਕਾਬੰਦੀ ਕੀਤੀ ਹੈ। ਪੰਜਾਬ ਪੁਲੀਸ ਦੇ ਨਾਲ-ਨਾਲ ਸੀਆਰਪੀਐਫ਼ ਦੇ ਜਵਾਨ ਨਾਲ ਤਾਇਨਾਤ ਕੀਤੇ ਗਏ ਹਨ ਅਤੇ ਵੀਡੀਓਗ੍ਰਾਫੀ ਲਈ ਕੀ ਪ੍ਰਬੰਧ ਕੀਤੇ ਗਏ ਹਨ। ਪੱਛਮੀ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਪੁਲੀਸ ਨੇ ਫਲੈਗ ਮਾਰਚ ਕੱਢਿਆ। ਜਿਸ ਵਿੱਚ ਕਈ ਥਾਣਿਆਂ ਦੀ ਪੁਲੀਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਅਧਿਕਾਰੀਆਂ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਚੋਣਾਂ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ ਅਤੇ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਕਰਵਾਈਆਂ ਜਾਣਗੀਆਂ।