ਲੁਧਿਆਣਾ ਵਿੱਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਸਤਵਿੰਦਰ ਬਸਰਾ
ਲੁਧਿਆਣਾ, 2 ਫਰਵਰੀ
ਸੂਬੇ ਦੇ ਹੋਰਨਾਂ ਇਲਾਕਿਆਂ ਨਾਲੋਂ ਗਰਮ ਰਹਿਣ ਵਾਲੇ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ ਦੋ ਦਿਨਾਂ ਤੋਂ ਸਵੇਰ ਸਮੇਂ ਸੰਘਣੀ ਧੁੰਦ ਪੈਣ ਨਾਲ ਸਵੇਰ-ਸ਼ਾਮ ਦੀ ਠੰਢ ਵਧ ਗਈ ਹੈ। ਐਤਵਾਰ ਵੀ ਸਵੇਰੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਘਣੀ ਧੁੰਦ ਪੱਸਰੀ ਰਹੀ ਪਰ ਦੁਪਹਿਰ ਬਾਅਦ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਨੂੰ ਛਿੜੀ ਕੰਬਣੀ ਤੋਂ ਰਾਹਤ ਦਿਵਾਈ। ਸਨਅਤੀ ਸ਼ਹਿਰ ਵਿੱਚ ਐਤਵਾਰ ਦੀ ਸਵੇਰ ਵੀ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਇਸ ਧੁੰਦ ਕਰਕੇ ਭਾਵੇਂ ਸਵੇਰੇ ਪੂਰੀ ਠੰਢ ਮਹਿਸੂਸ ਹੋ ਰਹੀ ਸੀ ਪਰ ਦੁਪਹਿਰ ਸਮੇਂ ਤਿੱਖੀ ਧੁੱਪ ਨਿਕਲਣ ਕਰਕੇ ਬਾਕੀ ਸਾਰਾ ਦਿਨ ਮੌਸਮ ਪੂਰਾ ਸੁਹਾਵਣਾ ਰਿਹਾ। ਇਸ ਦੌਰਾਨ ਭਾਵੇਂ ਸਾਰਾ ਦਿਨ ਤੇਜ਼ ਹਵਾ ਵੀ ਚੱਲਦੀ ਰਹੀ ਪਰ ਸੂਰਜ ਦੀ ਤਿੱਖੀ ਚਮਕ ਕਰਕੇ ਇਹ ਵੀ ਨਿੱਘੀ ਨਿੱਘੀ ਮਹਿਸੂਸ ਹੋ ਰਹੀ ਸੀ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਲੋਕ ਸਾਰਾ ਦਿਨ ਆਪਣੇ ਘਰਾਂ ਦੀਆਂ ਛੱਤਾਂ, ਬਾਜ਼ਾਰਾਂ ਅਤੇ ਖੁੱਲ੍ਹੇ ਪਾਰਕਾਂ ਵਿੱਚ ਟਹਿਲਦੇ ਰਹੇ। ਦੇਰ ਸ਼ਾਮ ਧੁੰਦ ਨੇ ਜਿੱਥੇ ਦੁਬਾਰਾ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ ਊੱਥੇ ਸੀਤ ਹਵਾ ਵੀ ਚੱਲਣੀ ਸ਼ੁਰੂ ਹੋ ਗਈ ਸੀ। ਉੱਧਰ ਮੌਸਮ ਵਿਭਾਗ ਅਨੁਸਾਰ ਅੱਜ ਦਿਨ ਸਮੇਂ ਦਾ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ ਵੱਧ ਰਿਹਾ। ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਆਯੂਰਵੈਦਿਕ ਡਾਕਟਰ ਇੰਦਰਜੀਤ ਸੇਠੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕਦਮ ਬਦਲ ਰਹੇ ਇਸ ਮੌਸਮ ਤੋਂ ਆਪਣੇ ਆਪ ਨੂੰ ਬਚਾਅ ਕੇ ਰੱਖਣ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਨਿਕਲਦੀ ਧੁੱਪ ਭਾਵੇਂ ਸਰੀਰ ਲਈ ਚੰਗੀ ਹੈ ਪਰ ਧੁੱਪ ਦੇ ਨਾਲ ਠੰਢੀ ਹਵਾ ਚੱਲਦੀ ਹੋਣ ਕਰਕੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਿੱਚ ਹੀ ਭਲਾਈ ਹੈ। ਗਲਾ ਖਰਾਬ ਹੋਣ, ਖੰਘ ਆਉਣ ਅਤੇ ਜੁਕਾਮ ਹੋਣ ’ਤੇ ਗਰਮ ਪਾਣੀ ਵਿੱਚ ਲੂਣ ਪਾ ਕੇ ਗਰਾਰੇ ਕਰਨ ਨਾਲ ਲਾਭ ਮਿਲਦਾ ਹੈ।